ਸਿਡਨੀ/ਬਿਊਰੋ ਨਿਊਜ਼ : ਆਸਟਰੇਲੀਆ ਸਰਕਾਰ ਨੇ ਵੱਡੇ ਸ਼ਹਿਰਾਂ ਦੀਆਂ ਯੂਨੀਵਰਸਿਟੀਆਂ ਅਤੇ ਪ੍ਰਾਈਵੇਟ ਕਾਲਜਾਂ ਨੂੰ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਘਟਾਉਣ ਦੇ ਹੁਕਮ ਦਿੱਤੇ ਹਨ। ਫੈਡਰਲ ਸਰਕਾਰ ਅਗਲੇ ਸਾਲ ਆਸਟਰੇਲੀਆ ਵਿੱਚ ਵਿਦੇਸ਼ੀ ਪਾੜ੍ਹਿਆਂ ਦੀ ਗਿਣਤੀ 2,70,000 ਤੱਕ ਸੀਮਤ ਕਰਨਾ ਚਾਹੁੰਦੀ ਹੈ। ਇਸ ਦਾ ਮਤਲਬ ਹੈ ਕਿ 2023 ਦੇ ਮੁਕਾਬਲੇ 2025 ਵਿੱਚ ਲਗਪਗ 53,000 ਘੱਟ ਵਿਦੇਸ਼ੀ ਵਿਦਿਆਰਥੀਆਂ ਨੂੰ ਸਵੀਕਾਰ ਕੀਤਾ ਜਾਵੇਗਾ। ਇਹ ਕਟੌਤੀ 16 ਫੀਸਦ ਬਣਦੀ ਹੈ। ਸਿੱਖਿਆ ਮੰਤਰੀ ਜੇਸਨ ਕਲੇਰ ਦਾ ਕਹਿਣਾ ਹੈ ਕਿ ਆਸਟਰੇਲੀਆ ਸਿਰਫ ਯੋਗ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਵੇਗਾ। ਉਨ੍ਹਾਂ ਕਿਹਾ ਕਿ ਕਾਰੋਬਾਰੀ ਸਸਤੀ ਲੇਬਰ ਵਜੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਕੰਮ ਦੇ ਦਿੰਦੇ ਹਨ ਜਿਸ ਨਾਲ ਘਰੇਲੂ ਬੇਰੁਜ਼ਗਾਰੀ ਅਤੇ ਘਰਾਂ ਦੀ ਥੁੜ੍ਹ ਪੈਦਾ ਹੋਣ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। 37 ਫੀਸਦ ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖ਼ਲੇ ਦੇਣ ਵਾਲੀਆਂ ਯੂਨੀਵਰਸਿਟੀਆਂ ਨੂੰ ਇਸ ਕਟੌਤੀ ਦਾ ਖਮਿਆਜ਼ਾ ਝੱਲਣਾ ਪਵੇਗਾ।