Breaking News
Home / ਹਫ਼ਤਾਵਾਰੀ ਫੇਰੀ / ਬਾਦਲਾਂ ਨੂੰ ਚੁਣੌਤੀ ਦੇਣ ਲਈ ਭੌਰ ਦੀ ਅਗਵਾਈ ਹੇਠ ਨਵੇਂ ਪੰਥਕ ਫਰੰਟ ਦੀ ਸਥਾਪਨਾ

ਬਾਦਲਾਂ ਨੂੰ ਚੁਣੌਤੀ ਦੇਣ ਲਈ ਭੌਰ ਦੀ ਅਗਵਾਈ ਹੇਠ ਨਵੇਂ ਪੰਥਕ ਫਰੰਟ ਦੀ ਸਥਾਪਨਾ

ਜਲੰਧਰ/ਬਿਊਰੋ ਨਿਊਜ਼
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਅਦਬੀ ਕਾਂਡ ਦੀ ਕੋਈ ਪੜਤਾਲ ਨਾ ਕਰਵਾਏ ਜਾਣ ਅਤੇ ਹੋਰ ਪੰਥਕ ਸੰਸਥਾਵਾਂ ਦੀ ਭੂਮਿਕਾ ਤੋਂ ਨਿਰਾਸ਼ ਆਗੂਆਂ ਨੇ ਵੀਰਵਾਰ ਨੂੰ ਇਥੇ ਨਵਾਂ ਪੰਥਕ ਫਰੰਟ ਬਣਾ ਲਿਆ। ਫ਼ਰੰਟ ਦੀ ਸਥਾਪਨਾ ਦਾ ਮੁੱਖ ਮੰਤਵ ਪੰਥਕ ਮੁੱਦਿਆਂ ਲਈ ਲੜਾਈ ਲੜਨਾ ਹੋਵੇਗਾ। ਜਥੇਦਾਰ ਸੁਖਦੇਵ ਸਿੰਘ ਭੌਰ ਨੂੰ ਪੰਥਕ ਫਰੰਟ ਦਾ ਬਾਨੀ ਕਨਵੀਨਰ ਥਾਪਿਆ ਗਿਆ ਹੈ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਹੋਈ ਇਸ ਮੀਟਿੰਗ ‘ਚ ਸ਼੍ਰੋਮਣੀ ਕਮੇਟੀ ਦੇ ਮੌਜੂਦਾ 22 ਮੈਂਬਰਾਂ ਅਤੇ ਸਾਬਕਾ ਮੈਂਬਰਾਂ ਨੇ ਹਾਜ਼ਰੀ ਭਰੀ। ਇਨ੍ਹਾਂ ‘ਚੋਂ ਬਹੁਤੇ ਸ਼੍ਰੋਮਣੀ ਕਮੇਟੀ ਮੈਂਬਰ ਅਕਾਲੀ ਦਲ ਬਾਦਲ ਦੀ ਟਿਕਟ ‘ਤੇ ਚੋਣ ਜਿੱਤੇ ਸਨ।
ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ 29 ਨਵੰਬਰ ਨੂੰ ਹੋਣ ਵਾਲੀ ਚੋਣ ਲੜਨ ਦਾ ਫੈਸਲਾ ਕਰਨ ਲਈ ਇੱਕ 7 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਜਿਸ ਵਿੱਚ ਪੰਥ ਰਤਨ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਹੜੇ ਵੀਰਵਾਰ ਦੀ ਮੀਟਿੰਗ ਵਿੱਚ ਵੀ ਹਾਜ਼ਰ ਸਨ। ਪ੍ਰਧਾਨਗੀ ਦੀ ਚੋਣ ਲੜਨ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਪੰਥਕ ਫਰੰਟ ਦੇ ਨਵੇਂ ਥਾਪੇ ਗਏ ਕਨਵੀਨਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਜਥੇਬੰਦੀ ਪੰਥਕ ਮਾਣ ਮਰਿਆਦਾ ਦੀ ਕਾਇਮੀ ਲਈ ਧਾਰਮਿਕ ਸ਼ਖ਼ਸੀਅਤਾਂ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਤੱਕ ਵੀ ਪਹੁੰਚ ਕਰੇਗੀ। ਉਨ੍ਹਾਂ ਕਿਹਾ ਪੰਥਕ ਫਰੰਟ ਕਿਸੇ ਵੀ ਸਿਆਸੀ ਸਰਗਰਮੀ ਤੋਂ ਦੂਰ ਰਹਿੰਦਿਆਂ ਨਿਰੋਲ ਪੰਥਕ ਮੁੱਦਿਆਂ ਅਤੇ ਪੰਥਕ ਸੰਸਥਾਵਾਂ ਦਾ ਵਕਾਰ ਬਹਾਲ ਕਰਵਾਉਣ ਦੀ ਲੜਾਈ ਲੜੇਗਾ ਤੇ ਇਕ ਚੌਕੀਦਾਰ ਵਜੋਂ ਕੰਮ ਕਰੇਗਾ। ਇਸ ਮੌਕੇ ਫਰੰਟ ਵੱਲੋਂ ਬਾਬਾ ਗੁਰਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਪੁੜੈਣ ਨੂੰ ਮੁੱਖ ਬੁਲਾਰੇ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਸੁਰਜੀਤ ਸਿੰਘ ਗੜ੍ਹੀ, ਸ਼ਿੰਗਾਰਾ ਸਿੰਘ ਲੋਹੀਆਂ, ਸੁਰਜੀਤ ਸਿੰਘ ਗੁਰਦਾਸਪੁਰ, ਇੰਦਰ ਮੋਹਣ ਸਿੰਘ ਲਖਮੀਰਵਾਲ, ਕੁਲਦੀਪ ਸਿੰਘ ਨੱਸੂਪੁਰ ਆਦਿ ਹਾਜ਼ਰ ਸਨ।
ਡੇਰਾ ਮੁਖੀ ਨੂੰ ਮੁਆਫ਼ੀ ਦੇ ਡਰਾਮੇ ਦਾ ਪਰਦਾਫਾਸ਼ ਹੋਇਆ
ਜਥੇਦਾਰ ਭੌਰ ਨੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਵੱਲੋਂ ਕੀਤੇ ਖੁਲਾਸਿਆਂ ਤੋਂ ਸਾਫ਼ ਹੋ ਗਿਆ ਹੈ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਡੇਰਾ ਸੱਚਾ ਸੌਦਾ ਮੁਖੀ ਨੂੰ ਮੁਆਫ਼ੀ ਦੇਣ ਲਈ ਡਰਾਮਾ ਰਚਿਆ ਸੀ, ਪਰ ਮਗਰੋਂ ਪੰਥਕ ਦਬਾਅ ਕਰਕੇ ਮੁਆਫ਼ੀਨਾਮਾ ਵਾਪਸ ਲੈਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਗਿਆਨੀ ਗੁਰਮੁੱਖ ਸਿੰਘ ਵੱਲੋਂ ਲਾਏ ਗਏ ਦੋਸ਼ ਝੂਠੇ ਸਨ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਸੀ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …