17.5 C
Toronto
Tuesday, September 16, 2025
spot_img
Homeਹਫ਼ਤਾਵਾਰੀ ਫੇਰੀਜੰਮੂ-ਕਸ਼ਮੀਰ ਵਿਚ ਗਵਰਨਰੀ ਰਾਜ ਲਾਗੂ

ਜੰਮੂ-ਕਸ਼ਮੀਰ ਵਿਚ ਗਵਰਨਰੀ ਰਾਜ ਲਾਗੂ

ਨਵੀਂ ਦਿੱਲੀ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿੱਚ ਬੁੱਧਵਾਰ ਨੂੰ ਗਵਰਨਰੀ ਰਾਜ ਲਾਗੂ ਕਰ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਰਾਜ ਦੀ ਵਿਧਾਨ ਸਭਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਰਾਜਪਾਲ ਐਨ ਐਨ ਵੋਹਰਾ ਨੇ ਸ੍ਰੀਨਗਰ ਵਿੱਚ ਵੱਖ-ਵੱਖ ਮੀਟਿੰਗਾਂ ਕਰਕੇ ਸੁਰੱਖਿਆ ਉਪਰਾਲਿਆਂ ਬਾਰੇ ਚਰਚਾ ਕੀਤੀ। ਇਸ ਦੌਰਾਨ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਕਸ਼ਮੀਰ ਵਾਦੀ ਵਿੱਚ ਦਹਿਸ਼ਤਗਰਦਾਂ ਖ਼ਿਲਾਫ਼ ਫ਼ੌਜੀ ਅਪਰੇਸ਼ਨ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ ਅਤੇ ਇਨ੍ਹਾਂ ‘ਤੇ ਗਵਰਨਰ ਦੇ ਸ਼ਾਸਨ ਦਾ ਕੋਈ ਅਸਰ ਨਹੀਂ ਪਵੇਗਾ।
ਪਿਛਲੇ ਇਕ ਦਹਾਕੇ ਦੌਰਾਨ ਇਸ ਸਰਹੱਦੀ ਰਾਜ ਵਿੱਚ ਚੌਥੀ ਵਾਰ ਤੇ ਪਿਛਲੇ ਚਾਰ ਦਹਾਕਿਆਂ ਦੌਰਾਨ ਅੱਠਵੀਂ ਵਾਰ ਗਵਰਨਰੀ ਰਾਜ ਲਾਗੂ ਕੀਤਾ ਗਿਆ ਹੈ। ਪਿਛਲੇ ਚਾਰ ਵਾਰ ਦੇ ਗਵਰਨਰੀ ਰਾਜ ਦੀ ਵਾਗਡੋਰ ਵੋਹਰਾ ਨੇ ਹੀ ਸੰਭਾਲੀ ਹੈ ਜੋ ਜੂਨ 2008 ਵਿੱਚ ਰਾਜਪਾਲ ਨਿਯੁਕਤ ਕੀਤੇ ਗਏ ਸਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਨਵੀਂ ਦਿੱਲੀ ਵਿੱਚ ਦੱਸਿਆ ਕਿ ਰਾਸ਼ਟਰਪਤੀ ਨੇ ਜੰਮੂ ਕਸ਼ਮੀਰ ਵਿੱਚ ਫ਼ੌਰੀ ਤੌਰ ‘ਤੇ ਗਵਰਨਰੀ ਰਾਜ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸ੍ਰੀਨਗਰ ਵਿੱਚ ਜਾਰੀ ਕੀਤੇ ਇਕ ਸਰਕਾਰੀ ਗਜ਼ਟ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਰਾਜਪਾਲ ਵੋਹਰਾ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਨੂੰ ਮੁਅੱਤਲ ਕਰ ਦਿੱਤਾ ਹੈ। ਮੌਜੂਦਾ ਵਿਧਾਨ ਸਭਾ ਦੀ ਮਿਆਦ ਮਾਰਚ 2021 ਵਿੱਚ ਖਤਮ ਹੋਣੀ ਹੈ।
ਭਾਜਪਾ ਵੱਲੋਂ ਸਰਕਾਰ ਤੋਂ ਹਮਾਇਤ ਵਾਪਸ ਲੈਣ ਮਗਰੋਂ ਮਹਿਬੂਬਾ ਮੁਫ਼ਤੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਵੋਹਰਾ ਨੇ ਰਾਸ਼ਟਰਪਤੀ ਭਵਨ ਨੂੰ ਰਿਪੋਰਟ ਭੇਜ ਕੇ ਰਾਜਪਾਲ ਰਾਜ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਜੰਮੂ ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਕਰ ਕੇ ਇੱਥੇ ਰਾਸ਼ਟਰਪਤੀ ਰਾਜ ਦੀ ਥਾਂ ਗਵਰਨਰੀ ਰਾਜ ਲਾਗੂ ਕੀਤਾ ਜਾਂਦਾ ਹੈ।

RELATED ARTICLES
POPULAR POSTS