6.3 C
Toronto
Saturday, November 1, 2025
spot_img
Homeਹਫ਼ਤਾਵਾਰੀ ਫੇਰੀਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਦਿੱਤਾ

ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਦਿੱਤਾ

ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ (ਆਪ) ਨੂੰ ਕੌਮੀ ਪਾਰਟੀ ਦਾ ਦਰਜਾ ਦੇ ਦਿੱਤਾ ਹੈ, ਜਦੋਂਕਿ ਨੈਸ਼ਨਲ ਕਾਂਗਰਸ ਪਾਰਟੀ (ਐੱਨਸੀਪੀ), ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਕੌਮੀ ਪਾਰਟੀਆਂ ਵਜੋਂ ਮਾਨਤਾ ਰੱਦ ਕਰ ਦਿੱਤੀ ਗਈ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਆਦੇਸ਼ ਵਿੱਚ ਉੱਤਰ ਪ੍ਰਦੇਸ਼ ਵਿੱਚ ਆਰਐੱਲਡੀ, ਆਂਧਰਾ ਪ੍ਰਦੇਸ਼ ਵਿੱਚ ਬੀਆਰਐੱਸ, ਮਨੀਪੁਰ ਵਿੱਚ ਪੀਡੀਏ, ਪੁਡੂਚੇਰੀ ਵਿੱਚ ਪੀਐੱਮਕੇ, ਪੱਛਮੀ ਬੰਗਾਲ ਵਿੱਚ ਆਰਐੱਸਪੀ ਅਤੇ ਮਿਜ਼ੋਰਮ ਵਿੱਚ ਐੱਮਪੀਸੀ ਦੀ ਵੀ ਸੂਬਾਈ ਪਾਰਟੀਆਂ ਵਜੋਂ ਮਾਨਤਾ ਰੱਦ ਕੀਤੀ ਗਈ ਹੈ।
ਚੋਣ ਕਮਿਸ਼ਨ ਨੇ ਕਿਹਾ ਕਿ ‘ਆਪ’ ਨੂੰ ਚਾਰ ਸੂਬਿਆਂ ਦਿੱਲੀ, ਗੋਆ, ਪੰਜਾਬ ਅਤੇ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਕੌਮੀ ਪਾਰਟੀ ਦਾ ਦਰਜਾ ਦਿੱਤਾ ਗਿਆ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਦਿੱਲੀ ਅਤੇ ਪੰਜਾਬ ਵਿੱਚ ਇਸ ਸਮੇਂ ਸੱਤਾ ਵਿੱਚ ਹੈ।
ਚੋਣ ਕਮਿਸ਼ਨ ਨੇ ਕਿਹਾ ਕਿ ਐੱਨਸੀਪੀ, ਸੀਪੀਆਈ ਅਤੇ ਤ੍ਰਿਣਮੂਲ ਕਾਂਗਰਸ ਦਾ ਕੌਮੀ ਸਿਆਸੀ ਪਾਰਟੀਆਂ ਵਜੋਂ ਦਰਜਾ ਵਾਪਸ ਲੈ ਲਿਆ ਗਿਆ ਹੈ। ਚੋਣ ਪੈਨਲ ਨੇ ਕਿਹਾ ਕਿ ਐੱਨਸੀਪੀ ਤੇ ਟੀਐੱਮਸੀ ਨੂੰ ਕ੍ਰਮਵਾਰ ਨਾਗਾਲੈਂਡ ਅਤੇ ਮੇਘਾਲਿਆ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਦੌਰਾਨ ਕੀਤੇ ਪ੍ਰਦਰਸ਼ਨ ਦੇ ਆਧਾਰ ‘ਤੇ ਸੂਬਾਈ ਪਾਰਟੀਆਂ ਵਜੋਂ ਮਾਨਤਾ ਦਿੱਤੀ ਜਾਵੇਗੀ। ਚੋਣ ਕਮਿਸ਼ਨ ਨੇ ਨਾਗਾਲੈਂਡ ਵਿੱਚ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ), ਮੇਘਾਲਿਆ ਵਿੱਚ ਵੁਆਇਸ ਆਫ ਦਿ ਪੀਪਲ ਪਾਰਟੀ ਅਤੇ ਤ੍ਰਿਪੁਰਾ ਵਿੱਚ ਤਿਪਰਾ ਮੋਥਾ ਨੂੰ ‘ਸੂਬਾਈ ਸਿਆਸੀ ਪਾਰਟੀ’ ਦਾ ਦਰਜਾ ਦਿੱਤਾ ਹੈ।

 

RELATED ARTICLES
POPULAR POSTS