-11.9 C
Toronto
Friday, January 23, 2026
spot_img
Homeਹਫ਼ਤਾਵਾਰੀ ਫੇਰੀਪੰਜਾਬ 'ਚ ਸਭ ਦਾ ਰਾਂਝਾ ਰਾਜ਼ੀ

ਪੰਜਾਬ ‘ਚ ਸਭ ਦਾ ਰਾਂਝਾ ਰਾਜ਼ੀ

ਕਾਂਗਰਸ 7 ਸੀਟਾਂ ਜਿੱਤ ਕੇ ਖੁਸ਼, ਭਾਜਪਾ ਆਪਣਾ ਵੋਟ ਬੈਂਕ ਵਧਣ ‘ਤੇ ਹੋਈ ਬਾਗੋ-ਬਾਗ
‘ਆਪ’ ਦੇ ਹਿੱਸੇ ਆਈਆਂ ਸਿਰਫ਼ 3 ਸੀਟਾਂ, ਅਕਾਲੀ ਦੀ ਬਠਿੰਡਾ ਨਾਲ ਬਚੀ ਲਾਜ
ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੇ ਅਜ਼ਾਦ ਤੌਰ ‘ਤੇ ਜਿੱਤੇ
ਪੰਜਾਬ ਵਿਚ ਲੋਕ ਸਭਾ ਚੋਣਾਂ ਲੜ ਰਹੀਆਂ ਬਹੁਤੀਆਂ ਸਿਆਸੀਆਂ ਨੂੰ ਪੰਜਾਬ ਵਾਸੀਆਂ ਨੇ ਖੁਸ਼ ਕਰ ਦਿੱਤਾ ਹੈ। ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਅਜਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਸੂਬੇ ਵਿਚ ਸਭ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ ਹਨ। ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਧ ਵੋਟਾਂ ਨਾਲ ਜਿੱਤਣ ਵਾਲੇ ਤੀਜੇ ਉਮੀਦਵਾਰ ਹਨ। ਇਸੇ ਤਰ੍ਹਾਂ ਸੰਗਰੂਰ ਤੋਂ ‘ਆਪ’ ਦੇ ਉਮੀਦਵਾਰ ਮੀਤ ਹੇਅਰ ਵੀ ਵੱਧ ਵੋਟਾਂ ਨਾਲ ਜਿੱਤਣ ਵਾਲੇ ਤੀਜੇ ਉਮੀਦਵਾਰ ਹਨ। ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਮੁਤਾਬਕ ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਵਿਚੋਂ ਕਾਂਗਰਸ ਪਾਰਟੀ ਨੇ 7 ਸੀਟਾਂ ‘ਤੇ ਜਿੱਤ ਹਾਸਲ ਕਰ ਲਈ ਹੈ। ਇਸੇ ਤਰ੍ਹਾਂ ਸੱਤਾਧਾਰੀ ਆਮ ਆਦਮੀ ਪਾਰਟੀ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ ਵੀ ਦੋ ਸੀਟਾਂ ਜਿੱਤ ਲਈਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਸਿਰਫ ਬਠਿੰਡਾ ਲੋਕ ਸਭਾ ਸੀਟ ‘ਤੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਗੁਰਜੀਤ ਸਿੰਘ ਔਜਲਾ, ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ, ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ, ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਵੀ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਮੀਤ ਹੇਅਰ, ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ ਅਤੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਜਿੱਤ ਗਏ ਹਨ। ਇਸਦੇ ਚੱਲਦਿਆਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਹਲਕੇ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਜਿੱਤ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਸਾਰੀਆਂ 13 ਸੀਟਾਂ ਤੋਂ ਹਾਰ ਗਈ ਹੈ।
ਚੋਣ ਨਤੀਜਿਆਂ ਤੋਂ ਕਾਂਗਰਸ ਖੁਸ਼
ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਆਪਣੇ ਭਰਾ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਦੇ ਵੀ ਆਪਣੇ ਮਾਰਗ ਤੋਂ ਪਿੱਛੇ ਨਹੀਂ ਹਟਿਆ ਅਤੇ ਨਾ ਹੀ ਉਸ ਨੇ ਸੱਚ ਲਈ ਲੜਨਾ ਛੱਡਿਆ। ਸ਼ੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪ੍ਰਿਅੰਕਾ ਗਾਂਧੀ ਨੇ ਆਪਣੇ ਭਰਾ ਲਈ ਲਿਖੇ ਸੰਦੇਸ਼ ਵਿਚ ਕਿਹਾ ਕਿ ਤੁਸੀਂ ਖੜ੍ਹੇ ਰਹੇ, ਭਾਵੇਂ ਵਿਰੋਧੀਆਂ ਨੇ ਤੁਹਾਡੇ ਬਾਰੇ ਜੋ ਕੁੱਝ ਵੀ ਕਿਹਾ ਪਰ ਤੁਸੀਂ ਕਦੇ ਵੀ ਪਿੱਛੇ ਨਹੀਂ ਹਟੇ, ਤੁਸੀਂ ਕਦੇ ਵੀ ਆਪਣੇ ਵਿਸ਼ਵਾਸ ਨੂੰ ਘੱਟ ਨਹੀਂ ਹੋਣ ਦਿੱਤਾ, ਭਾਵੇਂ ਵਿਰੋਧੀ ਤੁਹਾਡੇ ਵਿਸ਼ਵਾਸ ‘ਤੇ ਸ਼ੱਕ ਕਰਦੇ ਰਹੇ। ਪ੍ਰਿਅੰਕਾ ਗਾਂਧੀ ਨੇ ਅੱਗੇ ਲਿਖਿਆ ਕਿ ਵਿਰੋਧੀ ਵੱਲੋਂ ਫੈਲਾਏ ਝੂਠ ਦੇ ਬਾਵਜੂਦ ਵੀ ਰਾਹੁਲ ਗਾਂਧੀ ਨੇ ਸੱਚ ਲਈ ਲੜਨਾ ਕਦੇ ਨਹੀਂ ਛੱਡਿਆ।
1962 ਮਗਰੋਂ ਪਹਿਲੀ ਵਾਰ ਕੋਈ ਸਰਕਾਰ ਤੀਜੀ ਵਾਰ ਸੱਤਾ ‘ਚ ਆਈ : ਮੋਦੀ
ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਜਿੱਤ ਨੂੰ ‘ਵਿਕਸਿਤ ਭਾਰਤ’ ਦੇ ਸੰਕਲਪ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ‘ਚ ਦੇਸ਼ਵਾਸੀਆਂ ਨੇ ਭਾਜਪਾ ਤੇ ਉਸ ਦੀ ਅਗਵਾਈ ਵਾਲੇ ਗੱਠਜੋੜ ‘ਤੇ ‘ਪੂਰਾ ਭਰੋਸਾ’ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਲੋਕਾਂ, ਲੋਕਤੰਤਰ ਅਤੇ ਦੇਸ਼ ਦੇ ਸੰਵਿਧਾਨ ਵਿੱਚ ਵਿਸ਼ਵਾਸ ਦੀ ਜਿੱਤ ਹਨ। ਚੋਣ ਨਤੀਜੇ ਸਪਸ਼ਟ ਹੋਣ ਮਗਰੋਂ ਭਾਜਪਾ ਮੁੱਖ ਦਫ਼ਤਰ ਵਿੱਚ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ 1962 ਮਗਰੋਂ ਪਹਿਲੀ ਵਾਰ ਕੋਈ ਸਰਕਾਰ ਆਪਣੇ ਦੋ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਲਗਾਤਾਰ ਤੀਸਰੀ ਵਾਰ ਸੱਤਾ ਵਿੱਚ ਆਈ ਹੈ।
ਜਸਟਿਨ ਟਰੂਡੋ ਨੇ ਮੋਦੀ ਨੂੰ ਜਿੱਤ ਦੀ ਵਧਾਈ ਦਿੱਤੀ
ਓਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਚੋਣ ਜਿੱਤ ਲਈ ਸ਼ੁਭਕਾਮਨਾਵਾਂ ਤੇ ਵਧਾਈਆਂ ਦਿੱਤੀਆਂ। ਐਕਸ ‘ਤੇ ਪੋਸਟ ਰਾਹੀਂ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਲਿਖਿਆ, ‘ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਚੋਣ ਜਿੱਤ ‘ਤੇ ਵਧਾਈਆਂ।’

 

RELATED ARTICLES
POPULAR POSTS