Breaking News
Home / ਹਫ਼ਤਾਵਾਰੀ ਫੇਰੀ / 90 ਸਾਲ ਭਾਰਤ ‘ਤੇ ਰਾਜ ਕਰਨ ਵਾਲੇ ਇੰਗਲੈਂਡ ਉਤੇ ਹੁਣ ਭਾਰਤੀ ਮੂਲ ਦੇ ਵਿਅਕਤੀ ਦਾ ਰਾਜ

90 ਸਾਲ ਭਾਰਤ ‘ਤੇ ਰਾਜ ਕਰਨ ਵਾਲੇ ਇੰਗਲੈਂਡ ਉਤੇ ਹੁਣ ਭਾਰਤੀ ਮੂਲ ਦੇ ਵਿਅਕਤੀ ਦਾ ਰਾਜ

ਰਿਸ਼ੀ ਸੂਨਕ ਦੇ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਨ ਨਾਲ ਭਾਰਤ ‘ਚ ਖੁਸ਼ੀ ਦੀ ਲਹਿਰ
ਚੰਡੀਗੜ੍ਹ/ਬਿਊਰੋ ਨਿਊਜ਼ : ਰਿਸ਼ੀ ਸੂਨਕ ਇੰਗਲੈਂਡ ਦੇ ਪ੍ਰਧਾਨ ਮੰਤਰੀ ਬਣ ਗਏ ਹਨ ਅਤੇ ਇਸ ਨੂੰ ਲੈ ਕੇ ਭਾਰਤ ਵਿਚ ਵੀ ਖੁਸ਼ੀ ਦੀ ਲਹਿਰ ਹੈ। ਬਾਦਸ਼ਾਹ ਚਾਰਲਸ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਇਹ ਵੱਕਾਰੀ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਇਸ ਅਹੁਦੇ ‘ਤੇ 78 ਵਾਰ ਨਿਯੁਕਤੀਆਂ ਹੋ ਚੁੱਕੀਆਂ ਹਨ। ਰਿਸ਼ੀ ਸੂਨਕ ਨੇ ਲਿਜ਼ ਟਰੱਸ ਦਾ ਸਥਾਨ ਲਿਆ ਹੈ, ਜੋ ਸਿਰਫ 44 ਦਿਨ ਹੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਹਿ ਸਕੇ। ਦਰਅਸਲ ਵਿੱਤੀ ਬਾਜ਼ਾਰਾਂ ‘ਚ ਕਈ ਕਿਸਮ ਦੀਆਂ ਮੁਸ਼ਕਲਾਂ ਪੈਦਾ ਹੋਣ ਕਰਕੇ ਲਿਜ਼ ਟਰੱਸ ਨੂੰ ਅਸਤੀਫਾ ਦੇਣਾ ਪਿਆ ਸੀ। ਰਿਸ਼ੀ ਸੂਨਕ ਦੇ ਦਾਦਕੇ ਅਣਵੰਡੇ ਪੰਜਾਬ ਦੇ ਗੁਜਰਾਂਵਾਲਾ ਇਲਾਕੇ ਨਾਲ ਸਬੰਧਤ ਸਨ। ਉਹ 1935 ‘ਚ ਹਿਜਰਤ ਕਰਕੇ ਕੀਨੀਆ ਦੀ ਰਾਜਧਾਨੀ ਨੈਰੋਬੀ ਚਲੇ ਗਏ ਸਨ ਅਤੇ ਬਾਅਦ ‘ਚ ਇੰਗਲੈਂਡ ਪਹੁੰਚ ਗਏ, ਜਿੱਥੇ ਰਿਸ਼ੀ ਸੂਨਕ ਦਾ ਜਨਮ 12 ਮਈ, 1980 ਨੂੰ ਹੋਇਆ।
ਸੁਭਾਵਿਕ ਤੌਰ ‘ਤੇ ਰਿਸ਼ੀ ਸੂਨਕ ਦੇ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਨ ਦੀ ਖ਼ੁਸ਼ੀ ਪੰਜਾਬ ਸਮੇਤ ਸਮੁੱਚੀ ਦੁਨੀਆ ‘ਚ ਵੱਸਦੇ ਭਾਰਤੀਆਂ ਨੂੰ ਹੈ। ਉਹ ਇੰਗਲੈਂਡ ‘ਚ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜੋ ਆਪਣੇ ਆਪ ‘ਚ ਇਕ ਇਤਿਹਾਸਕ ਘਟਨਾ ਹੈ। ਜਿਸ ਭਾਰਤ ਨੂੰ ਇੰਗਲੈਂਡ ਨੇ 90 ਸਾਲਾਂ ਤੱਕ ਅਧਿਕਾਰਤ ਤੌਰ ‘ਤੇ ਆਪਣਾ ਗ਼ੁਲਾਮ ਬਣਾ ਕੇ ਰੱਖਿਆ, ਉਸੇ ਬ੍ਰਿਟੇਨ ਉੱਤੇ ਹੁਣ ਭਾਰਤੀ ਮੂਲ ਦੀ ਸ਼ਖ਼ਸੀਅਤ ਦਾ ਰਾਜ ਹੈ। ਅਜਿਹਾ ਕ੍ਰਿਸ਼ਮਾ ਭਾਰਤ ਦੀ ਆਜ਼ਾਦੀ ਤੋਂ 75 ਸਾਲਾਂ ਬਾਅਦ ਵਾਪਰਿਆ ਹੈ ਤੇ ਇਸ ਨੂੰ ਦੀਵਾਲੀ ਮੌਕੇ ਮਿਲਿਆ ਲਾਸਾਨੀ ਤੋਹਫ਼ਾ ਵੀ ਆਖਿਆ ਜਾ ਸਕਦਾ ਹੈ। ਰਿਸ਼ੀ ਸੂਨਕ ਦੀ ਪਤਨੀ ਅਕਰਸ਼ਤਾ ਮੂਰਤੀ ਤਾਂ ਹਾਲੇ ਵੀ ਭਾਰਤੀ ਨਾਗਰਿਕ ਹਨ। ਉਹ ਦੁਨੀਆ ਦੀ ਪ੍ਰਸਿੱਧ ਕਾਰਪੋਰੇਟ ਕੰਪਨੀ ਇਨਫੋਸਿਸ ਦੇ ਮਾਲਕ ਨਾਰਾਇਣ ਮੂਰਤੀ ਦੀ ਧੀ ਹਨ। ਅਕਰਸ਼ਤਾ ਇਸ ਵੇਲੇ 120 ਕਰੋੜ ਡਾਲਰ ਦੀ ਸੰਪਤੀ ਦੀ ਮਾਲਕਣ ਹੈ। ਉਨ੍ਹਾਂ ਦਾ ਨਾਮ ਦੁਨੀਆ ਦੀਆਂ ਸਭ ਤੋਂ ਅਮੀਰ ਮਹਿਲਾਵਾਂ ‘ਚ ਹੁੰਦਾ ਹੈ ਅਤੇ ਹੁਣ ਉਨ੍ਹਾਂ ਨੂੰ ਯੂਕੇ ਦੀ ‘ਫਸਟ ਲੇਡੀ’ ਦਾ ਖ਼ਿਤਾਬ ਵੀ ਮਿਲ ਗਿਆ।
ਉੱਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਿਸ਼ੀ ਸੂਨਕ ਨੂੰ ‘ਇੰਗਲੈਂਡ ‘ਚ ਵੱਸਦੇ ਭਾਰਤੀਆਂ ਦਾ ਸਜੀਵ ਪੁਲ’ ਆਖ ਚੁੱਕੇ ਹਨ। ਰਿਸ਼ੀ ਸੂਨਕ ਦਾ ਮੂਲ ਗੁਜਰਾਂਵਾਲਾ ਹੋਣ ਕਾਰਨ ਇਸ ਵੇਲੇ ਪਾਕਿਸਤਾਨ ‘ਚ ਵੀ ਖ਼ੁਸ਼ੀਆਂ ਵਾਲਾ ਮਾਹੌਲ ਹੈ ਤੇ ਖ਼ਾਸ ਕਰਕੇ ਸਮੁੱਚੇ ਏਸ਼ੀਆ ਨੂੰ ਹੀ ਉਨ੍ਹਾਂ ‘ਤੇ ਮਾਣ ਹੈ।
ਮੋਦੀ ਨੇ ਰਿਸ਼ੀ ਸੂਨਕ ਨਾਲ ਫੋਨ ‘ਤੇ ਕੀਤੀ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟੇਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੀਐਮ ਬਣਨ ‘ਤੇ ਵਧਾਈ ਦਿੱਤੀ। ਗੱਲਬਾਤ ਦੌਰਾਨ ਨਰਿੰਦਰ ਮੋਦੀ ਨੇ ਦੋਵੇਂ ਦੇਸ਼ਾਂ ਵਿਚਾਲੇ ਫਰੀ ਟਰੇਡ ਐਗਰੀਮੈਂਟ ਦੀ ਉਮੀਦ ਜਤਾਈ ਹੈ।

 

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …