13.1 C
Toronto
Wednesday, April 29, 2026
spot_img
Homeਹਫ਼ਤਾਵਾਰੀ ਫੇਰੀਕਾਮਾਗਾਟਾ ਮਾਰੂ ਘਟਨਾ 'ਤੇ ਕੈਨੇਡਾ ਦੇ ਪੀਐਮ ਨੇ ਸਦਨ ਵਿਚ ਸਵੀਕਾਰ ਕੀਤੀ...

ਕਾਮਾਗਾਟਾ ਮਾਰੂ ਘਟਨਾ ‘ਤੇ ਕੈਨੇਡਾ ਦੇ ਪੀਐਮ ਨੇ ਸਦਨ ਵਿਚ ਸਵੀਕਾਰ ਕੀਤੀ ਪੁਰਖਿਆਂ ਦੀ ਗਲਤੀ

pmkomagatamaruapology4 copy copyਕੈਨੇਡਾ ਨੇ ਕਾਮਾਗਾਟਾ ਮਾਰੂ ਦੁਖਾਂਤ ਲਈ ਮੰਗੀ ਮੁਆਫ਼ੀ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾਮਾਰੂ ਘਟਨਾ ਦੇ ਲਈ ਕੈਨੇਡੀਆਈ ਸੰਸਦ ਵਿਚ ਰਸਮੀ ਤੌਰ ‘ਤੇ ਮੁਆਫੀ ਮੰਗ ਲਈ। ਜੈਕਾਰਿਆਂ ਦੀ ਗੂੰਜ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਮੌਕੇ ਸਿੱਖ ਭਾਈਚਾਰੇ ਨਾਲ ਕੀਤੇ ਗਏ ਵਾਅਦੇ ਨੂੰ ਨਿਭਾਇਆ। ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਜ਼ ਦੇ ਭਰਵੇਂ ਇਜਲਾਸ ਨੂੰ ਸੰਬੋਧਨ ਕਰਦਿਆਂ ਰਸਮੀ ਤੌਰ ‘ਤੇ ਮੁਆਫੀ ਮੰਗੀ। ਕੈਨੇਡੀਅਨ ਸਮੇਂ ਮੁਤਾਬਿਕ 18 ਮਈ ਨੂੰ ਬਾਅਦ ਦੁਪਿਹਰ 3.15 ਵਜੇ ਅਤੇ ਭਾਰਤੀ ਸਮੇਂ ਮੁਤਾਬਿਕ ਰਾਤ ਪੌਣੇ ਇਕ ਵਜੇ ਟਰੂਡੋ ਨੇ ਸੰਸਦ ਵਿਚ ਆਪਣਾ ਸੰਬੋਧਨ ਸ਼ੁਰੂ ਕੀਤਾ। ਕਰੀਬ 7 ਮਿੰਟ ਤੱਕ ਆਪਣੇ ਸੰਬੋਧਨ ‘ਚ ਟਰੂਡੋ ਨੇ ਕਿਹਾ ਕਿ ਮਈ 1914 ਵਿਚ 376 ਮੁਸਾਫਰਾਂ ਨਾਲ ਭਰਿਆ ਕਾਮਾਗਾਟਾਮਾਰੂ ਜਹਾਜ਼ ਕੈਨੇਡਾ ਦੇ ਤੱਟ ‘ਤੇ ਪੁੱਜਿਆ ਸੀ, ਜਿਸ ਵਿਚ ਜ਼ਿਆਦਾਤਾਰ ਸਿੱਖ, ਮੁਸਲਮਾਨ ਅਤੇ ਹਿੰਦੂ ਯਾਤਰੀ ਸਵਾਰ ਸਨ ਅਤੇ ਉਹ ਸਾਰੇ ਬੇਹਤਰ ਭਵਿੱਖ ਦੇ ਲਈ ਕੈਨੇਡਾ ‘ਚ ਆਉਣਾ ਚਾਹੁੰਦੇ ਸਨ, ਪਰ ਉਸ ਸਮੇਂ ਦੇ ਕੈਨੇਡਾ ਦੇ ਵਿਤਕਰੇ ਭਰੇ ਕਾਨੂੰਨਾਂ ਕਰਕੇ ਉਨ੍ਹਾਂ ਨੂੰ ਇਥੇ ਉਤਰਨ ਤੋਂ ਨਾਂਹ ਕਰ ਦਿੱਤੀ। ਟਰੂਡੋ ਨੇ ਸਪੱਸ਼ਟ ਕੀਤਾ ਕਿ ਉਸ ਸਮੇਂ ਦੇ ਕਾਨੂੰਨਾਂ ਲਈ ਮੌਕੇ ਦੀ ਕੈਨੇਡਾ ਸਰਕਾਰ ਜ਼ਿੰਮੇਵਾਰ ਸੀ, ਜਿਸ ਲਈ ਟਰੂਡੋ ਨੇ ਕਿਹਾ ਕਿ ਅੱਜ ਮੈ ਇਸ ਹਾਊਸ ਵਿਚ ਖੜ੍ਹਾ ਹੋ ਕੇ ਕੈਨੇਡਾ ਸਰਕਾਰ ਵੱਲੋਂ ਕਾਮਾਗਾਟਾਮਾਰੂ ਘਟਨਾ ਵਿਚ ਸਾਡੀ ਭੂਮਿਕਾ ਦੇ ਲਈ ਮੁਆਫੀ ਮੰਗਦਾ ਹਾਂ। ‘ਵੀ ਆਰ ਟਰੂਅਲੀ ਸੌਰੀ’। ਉਨ੍ਹਾਂ ਕਿਹਾ ਕਿ, ‘ਇਕ ਸਦੀ ਪਹਿਲਾਂ ਵੱਡਾ ਅਨਿਆ ਹੋਇਆ ਸੀ।’
ਪ੍ਰਧਾਨ ਮੰਤਰੀ ਟਰੂਡੋ ਵੱਲੋਂ ਮੁਆਫੀ ਮੰਗਣ ਦੇ ਨਾਲ ਹੀ ਗੈਲਰੀ ਵਿਚ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰ ਕੇ ਮੁਆਫੀ ਦਾ ਸਵਾਗਤ ਕੀਤਾ ਅਤੇ ਕੈਨੇਡੀਅਨ ਸੰਸਦ ਵਿਚ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਗੂੰਜਣ ਲੱਗੇ। ਇਸ ਮੌਕੇ ਟਰੂਡੋ ਨੇ ਪੰਜਾਬੀ ਮੂਲ ਦੇ ਉਨ੍ਹਾਂ ਸੰਸਦ ਮੈਂਬਰਾਂ ਤੇ ਕੈਬਨਿਟ ਮੰਤਰੀਆਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਕਾਮਾਗਾਟਾਮਾਰੂ ਘਟਨਾ ਦੇ ਲਈ ਮੁਆਫੀ ਵਿਚ ਉਨ੍ਹਾਂ ਦਾ ਸਹਿਯੋਗ ਕੀਤਾ। ਉਨ੍ਹਾਂ ਖਾਸ ਕਰਕੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸ. ਸੱਜਣ ਉਸ ਫੌਜੀ ਰੇਜਮੈਂਟ ਦੇ ਕਮਾਂਡਰ ਰਹੇ ਹਨ, ਜਿਸ ਨੇ ਕਦੇ 102 ਸਾਲ ਪਹਿਲਾਂ ਕਾਮਾਗਾਟਾਮਾਰੂ ਜਹਾਜ਼ ਨੂੰ ਵਾਪਸ ਮੋੜਿਆ ਸੀ, ਉਹ ਅੱਜ ਕੈਨੇਡਾ ਸਰਕਾਰ ਦਾ ਅਹਿਮ ਹਿੱਸਾ ਹਨ, ਟਰੂਡੋ ਨੇ ਕਿਹਾ ਕਿ ਜੇਕਰ 1914 ਵਾਲੇ ਕਾਨੂੰਨ ਰਹਿੰਦੇ ਤਾਂ ਸ. ਸੱਜਣ ਨੂੰ ਵੀ ਕੈਨੇਡਾ ਤੋਂ ਵਾਪਸ ਮੋੜ ਦਿੱਤਾ ਜਾਂਦਾ ਅਤੇ ਕੈਨੇਡਾ ਸ. ਸੱਜਣ ਦੀਆਂ ਸੇਵਾਵਾਂ ਅਤੇ ਲਿਆਕਤ ਦਾ ਫਾਇਦਾ ਉਠਾਉਣ ਤੋਂ ਵਾਂਝਾ ਰਹਿ ਜਾਂਦਾ। ਟਰੂਡੋ ਨੇ ਕਿਹਾ ਕਿ ਸਾਨੂੰ ਅਨਿਆ ਖਿਲਾਫ ਲੜਨਾ ਚਾਹੀਦਾ ਹੈ ਤੇ ਗਲਤੀ ਸੁਧਾਰਨੀ ਚਾਹੀਦੀ ਹੈ। ਜੇਕਰ ਮੁਆਫੀ ਮੰਗਣੀ ਪਵੇ ਤਾਂ ਝਿਜਕਣਾ ਨਹੀਂ ਚਾਹੀਦਾ। ਕੈਨੇਡੀਅਨ ਸੰਸਦ ਵਿਚ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਇਸ ਮੌਕੇ ‘ਤੇ ਇਕੋ ਜਹੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਾਮਾਗਾਟਾਮਾਰੂ ਘਟਨਾ ਦੇ ਕਈ ਪੀੜਤਾਂ ਦੇ ਪਰਿਵਾਰਕ ਮੈਂਬਰ ਵੀ ਗੈਲਰੀ ਵਿਚ ਹਾਜ਼ਰ ਸਨ। ਆਪਣੇ ਸੰਬੋਧਨ ਵਿਚ ਜਸਟਿਨ ਟਰੂਡੋ ਨੇ ਪ੍ਰੋ. ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਵੀ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਬ੍ਰਿਟਿਸ਼ ਕੋਲੰਬੀਆ ਦੀ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਵੀ ਹਾਜ਼ਰ ਸੀ ਅਤੇ ਪੰਜਾਬੀ ਮੂਲ ਦੇ ਸਾਰੇ ਆਗੂ ਅਤੇ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸੀ।
ਪ੍ਰਧਾਨ ਮੰਤਰੀ ਟਰੂਡੋ ਦੇ ਮੁਆਫ਼ੀ ਵਾਲੇ ਨਿਮਾਣੇ ਬੋਲ
ਮਿਸਟਰ ਸਪੀਕਰ!
102 ਸਾਲ ਪਹਿਲਾਂ ਵਾਪਰੀ ਕਾਮਾਗਾਟਾਮਾਰੂ ਘਟਨਾ ਨੂੰ ਲੈ ਕੇ ਕਈ ਸਾਲਾਂ ਤੋਂ ਕੈਨੇਡਾ ਸਰਕਾਰ ਕੋਲੋਂ ਮੁਆਫੀ ਦੀ ਮੰਗ ਕੀਤੀ ਜਾ ਰਹੀ ਸੀ। ਇਸ ਲਈ ਮੈਂ ਕੈਨੇਡਾ ਦੇ ਕਈ ਸੰਗਠਨਾਂ ਅਤੇ ਵਿਸ਼ੇਸ਼ਕਰ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦਾ ਦਿਲ ਤੋਂ ਸ਼ੁਕਰੀਆ ਕਰਦਾ ਹਾਂ ਕਿ ਜਿਨ੍ਹਾਂ ਇਸ ਮਾਮਲੇ ਨੂੰ ਕੈਨੇਡਾ ਸਰਕਾਰ ਦੇ ਸਾਹਮਣੇ ਰੱਖਿਆ।
ਮਿਸਟਰ ਸਪੀਕਰ! ਅੱਜ ਮੈਂ ਇਸ ਹਾਊਸ ਵਿਚ ਖੜ੍ਹਾ ਹੋ ਕੇ ਸਰਕਾਰ ਵਲੋਂ ਕਾਮਾਗਾਟਾਮਾਰੂ ਹਾਦਸੇ ਵਿਚ ਕੈਨੇਡਾ ਦੀ ਭੂਮਿਕਾ ਲਈ ਮੁਆਫੀ ਮੰਗਦਾ ਹਾਂ। ਇਕ ਸਦੀ ਪਹਿਲਾਂ ਸਾਡੇ ਕੋਲੋਂ ਬੇਇਨਸਾਫੀ ਹੋਈ ਸੀ। 23 ਮਈ 1914 ਨੂੰ ਵੈਨਕੂਵਰ ਵਿਚ ਕਾਮਾਗਾਟਾਮਾਰੂ ਜਹਾਜ਼ ਵਿਚੋਂ 376 ਯਾਤਰੀਆਂ ਨੂੰ ਨਹੀਂ ਉਤਰਨ ਦਿੱਤਾ ਗਿਆ। ਉਹਨਾਂ ਵਿਚ ਸਿੱਖ, ਮੁਸਲਿਮ ਅਤੇ ਹਿੰਦੂ ਸਨ। ਉਹ ਵੀ ਲੱਖਾਂ ਪਰਵਾਸੀਆਂ ਦੀ ਤਰ੍ਹਾਂ ਹੀ ਕੈਨੇਡਾ ਆਉਣਾ ਚਾਹੁੰਦੇ ਸਨ, ਤਾਂਕਿ ਪਿੱਛੇ ਰਹਿ ਗਏ ਆਪਣੇ ਪਰਿਵਾਰਾਂ ਨੂੰ ਬਿਹਤਰ ਜਿੰਦਗੀ ਦੇ ਸਕਣ। ਉਹ ਇੱਥੇ ਆਪਣੇ ਲਈ ਨਵਾਂ ਘਰ ਬਣਾਉਣਾ ਚਾਹੁੰਦੇ ਸਨ। ਪਰ ਉਹਨਾਂ ਨੂੰ ਕੈਨੇਡਾ ਨੇ ਸਵੀਕਾਰ ਨਹੀਂ ਕੀਤਾ।
ਮਿਸਟਰ ਸਪੀਕਰ! ਕੈਨੇਡਾ ਸਰਕਾਰ ਉਹਨਾਂ ਕਾਨੂੰਨਾਂ ਨੂੰ ਬਣਾਉਣ ਲਈ ਦੋਸ਼ੀ ਹੈ, ਜੋ ਸ਼ਾਂਤੀਪੂਰਵਕ ਆ ਰਹੇ ਯਾਤਰੀਆਂ ਨੂੰ ਕੈਨੇਡਾ ਵਿਚ ਆਉਣ ਤੋਂ ਰੋਕ ਰਹੀ ਸੀ। ਸਾਨੂੰ ਅਫਸੋਸ ਹੈ ਅਤੇ ਅਸੀਂ ਮੁਆਫੀ ਮੰਗਦੇ ਹਾਂ। ਸਾਡੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਇਸ ਘਟਨਾ ‘ਤੇ ਸਾਡੇ ਰਾਸ਼ਟਰ ਦਾ ਧਿਆਨ ਕੇਂਦਰਿਤ ਕਰਨ ਵਿਚ ਭੂਮਿਕਾ ਨਿਭਾਈ ਹੈ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਉਹ ਉਸੇ ਬ੍ਰਿਟਿਸ਼ ਕੋਲੰਬੀਅਨ ਰੈਜੀਮੈਂਟ ਡਿਊਕ ਆਫ ਕਨਾਟ ਦੇ ਕਮਾਂਡਿੰਗ ਅਫਸਰ ਸਨ, ਜਿਸ ਨੇ ਕਾਮਾਗਾਟਾਮਾਰੂ ਨੂੰ ਰੋਕਿਆ ਸੀ। ਅੱਜ ਉਹਨਾਂ ਪਰਵਾਸੀਆਂ ਦੇ ਬੇਟੇ-ਬੇਟੀਆਂ ਕੈਨੇਡਾ ਦੀ ਸੇਵਾ ਕਰ ਰਹੇ ਹਨ, ਜਿਹਨਾਂ ਨੂੰ ਅਸੀਂ ਵਾਪਸ ਭੇਜ ਦਿੱਤਾ ਸੀ। ਅਸੀਂ ਉਸ ਦਰਦ ਨੂੰ ਘੱਟ ਤਾਂ ਨਹੀਂ ਕਰ ਸਕਦੇ, ਪਰ ਇਹ ਉਸ ਦਰਦ ਨੂੰ  ਵੰਡਣ ਦੀ ਕੋਸ਼ਿਸ਼ ਹੈ।
ਜਸਟਿਡ ਟਰੂਡੋ, ਪ੍ਰਧਾਨ ਮੰਤਰੀ ਕੈਨੇਡਾ
ਸਿੱਖ ਭਾਈਚਾਰੇ ਦੀ ਚਿਰਾਂ ਤੋਂ ਸੀ ਮੰਗ
ਸਿੱਖ ਭਾਈਚਾਰਾ ਇਸ ਮਾਮਲੇ ਵਿਚ ਲਗਾਤਾਰ ਮਾਫੀ ਮੰਗਣ ਦੀ ਮੰਗ ਕਰਦਾ ਰਿਹਾ ਹੈ। 2002 ਵਿਚ ਪੰਜਾਬੀ ਐਮ ਪੀ ਗੁਰਮੰਤ ਗਰੇਵਾਲ ਨੇ ਇਸ ਲਈ ਸਦਨ ਵਿਚ ਅਰਜ਼ੀ ਦਾਖਲ ਕੀਤੀ ਸੀ। ਫਿਰ ਕੰਸਰਵੇਟਿਵ ਐਮ ਪੀ ਸਟੀਫਨ ਹਾਰਪਰ ਨੇ ਇਕ ਮੇਲੇ ਵਿਚ ਮੁਆਫੀ ਮੰਗੀ ਸੀ। ਪਰ ਸਿੱਖ ਸੰਗਠਨਾਂ ਨੇ ਉਸ ਨੂੰ ਖਾਰਜ ਕਰ ਦਿੱਤਾ ਸੀ। 2015 ਵਿਚ ਲਿਬਰਲ ਨੇਤਾ ਟਰੂਡੋ ਨੇ ਕਿਹਾ ਸੀ ਕਿ ਉਹ ਸੱਤਾ ਵਿਚ ਆਏ ਤਾਂ ਮੁਆਫੀ ਮੰਗ ਲੈਣਗੇ। ਇਸ ਵਾਅਦੇ ਨੂੰ ਉਹਨਾਂ ਪੂਰਾ ਵੀ ਕਰ ਦਿੱਤਾ।

RELATED ARTICLES
POPULAR POSTS