ਡਾ. ਗੁਰਬਖ਼ਸ਼ ਸਿੰਘ ਭੰਡਾਲ
ਮਨ ਬਹੁਤ ਨਿਰਾਸ਼, ਉਦਾਸ ਤੇ ਹਤਾਸ਼ ਹੈ, ਪਰਦੇਸੀਆਂ ਪ੍ਰਤੀ ਆਪਣਿਆਂ ਦੀ ਬੇਰੁੱਖੀ, ਬੇਰੁਹਮਤੀ ਤੇ ਬੇਗਾਨਗੀ ਤੋਂ। ਸੋਚਦਾ ਹਾਂ ਕਿ ਪੰਜਾਬੀ ਅਜਿਹੇ ਤਾਂ ਨਹੀਂ ਸਨ। ਕੀ ਇਹ ਅਚਨਚੇਤੀ ਹੀ ਵਾਪਰਿਆ? ਕੀ ਇਹ ਬਦਤਰ ਬਦਲਾਅ ਚਿਰ ਤੋਂ ਹੀ ਉਹਨਾਂ ਦੇ ਮਨਾਂ ਵਿਚ ਪਨਪ ਰਿਹਾ ਸੀ ਅਤੇ ਕਰੋਨਾ ਦੀ ਆਫ਼ਤ ਨੇ ਉਹਨਾਂ ਦੇ ਅੰਦਰਲੇ ਸਵਾਰਥ ਨੂੰ ਜੱਗ-ਜਾਹਰ ਕਰ ਦਿਤਾ? ਕਿਉਂ ਉਹ ਪੰਜਾਬੀਅਤ ਅਤੇ ਅਮੀਰ ਵਿਰਸੇ ਨੂੰ ਭੁੱਲ ਗਏ? ਕੀ ਇਹ ਆਪ-ਮੁਹਾਰੇ ਸੀ ਜਾਂ ਕਿਸੇ ਸੋਚੀ-ਸਮਝੀ ਸਾਜਸ਼ ਦਾ ਹਿੱਸਾ ਸੀ? ਪ੍ਰਦੇਸੀਆਂ ਦੇ ਮਨ ਵਿਚ ਬਹੁਤ ਸਾਰੇ ਪ੍ਰਸ਼ਨ ਉਭਰ ਕੇ, ਇਕ ਚਸਕ ਪੈਦਾ ਕਰਦੇ ਨੇ। ਇਹਨਾਂ ਸਵਾਲਾਂ ਦੀ ਧਰਾਤਲ ਹੈ ਬੀਤੇ ਦਿਨੀਂ ਸਾਹਮਣੇ ਆਏ ਕੁਝ ਦ੍ਰਿਸ਼।
ਪਹਿਲਾ: ਏਅਰਪੋਰਟ ਤੋਂ ਆਪਣੇ ਪਿੰਡ ਆ ਰਿਹਾ ਪਰਦੇਸੀ ਟੈਕਸੀ ਵਿਚ ਇਕ ਗਾਣਾ ਸੁਣਦਾ ਹੈ ਜਿਸ ਵਿਚ ਪੰਜਾਬ ਵਿਚਲੀ ਕਰੋਨਾ ਦੀ ਮਹਾਂਮਾਰੀ ਦਾ ਕਸੂਰਵਾਰ, ਵਿਦੇਸ਼ ਤੋਂ ਆਏ ਇਕ ਵਿਅਕਤੀ ਵਿਸ਼ੇਸ਼ ਨੂੰ ਠਹਿਰਾਇਆ ਜਾ ਰਿਹਾ ਏ। ਬਿਨਾਂ ਕਿਸੇ ਕਸੂਰ ਤੋਂ ਖੁਦ ਨੂੰ ਦੋਸ਼ੀ ਸਮਝਣ ਲੱਗ ਪੈਂਦਾ ਏ, ਆਪਣੇ ਪਿੰਡ ਜਾ ਰਿਹਾ ਪਰਦੇਸੀ।
ਦੂਜਾ: ਪਿੰਡ ਵੜਨ ਲੱਗਿਆਂ ਪਰਦੇਸੀ ਦੇਖਦਾ ਹੈ ਕਿ ਉਸ ਵਲੋਂ ਆਪਣੇ ਬਾਪ ਦੀ ਯਾਦ ਵਿਚ ਉਸਾਰੇ ਗੇਟ ‘ਤੇ ਪਿੰਡ ਦੇ ਚੌਬਰਾਂ ਨੇ ਨਾਕਾ ਲਾਇਆ ਏ। ਉਸਦੀ ਆਓ-ਭਗਤ ਕਰਨ ਵਾਲੇ ਹੀ ਉਸ ਨੂੰ ਪਿੰਡ ਵਿਚ ਵੜਨ ਤੋਂ ਵਰਜਦੇ ਨੇ। ਇਹ ਕੇਹੀ ਗਲਤ ਧਾਰਨਾ ਫੈਲਾ ਦਿਤੀ ਗਈ ਕਿ ਵਿਦੇਸ਼ ਤੋਂ ਆਉਣ ਵਾਲਾ ਹਰ ਵਿਅਕਤੀ ਹੀ ਕਰੋਨਾ ਲੈ ਕੇ ਪਿੰਡ ਵਿਚ ਆ ਰਿਹਾ ਏ। ਉਸਦਾ ਪਿੰਡ ਵਿਚ ਦਾਖਲਾ ਹੀ ਵਰਜਿੱਤ ਕਰ ਦਿਤਾ ਜਾਂਦਾ ਏ। ਕੁਝ ਸਿਆਣੇ ਉਸਨੂੰ ਇਸ ਸ਼ਰਤ ‘ਤੇ ਪਿੰਡ ਵੜਨ ਦਿੰਦੇ ਨੇ ਕਿ ਉਹ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੇਗਾ ਅਤੇ ਕਿਸੇ ਨੂੰ ਨਹੀਂ ਮਿਲੇਗਾ। ਆਪਣਿਆਂ ਨੂੰ ਮਿਲਣ ਆਏ ‘ਤੇ ਇਹ ਕੇਹੀਆਂ ਪਾਬੰਦੀਆਂ ਲਾ ਦਿਤੀਆਂ ਗਈਆਂ ਕਿ ਉਹ ਆਪਣੇ ਪਿੰਡ ਤੇ ਘਰ ਵਿਚ ਹੀ ਕੈਦ ਹੋ ਗਿਆ। ਇਸ ਦੇ ਕੀ ਅਰਥ ਨੇ, ਕਦੇ ਉਸਦੇ ਆਪਣਿਆਂ ਨੇ ਪਰਦੇਸੀ ਨੂੰ ਪੁੱਛਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੋ ਕਦੇ ਉਸਦੇ ਸਾਹੀਂ ਜਿਊਣ ਦਾ ਦਮ ਭਰਦੇ ਸਨ। ਕੁਝ ਤਾਂ ਉਹਦੀਆਂ ਰਹਿਮਤਾਂ ਵੀ ਮਾਣਦੇ ਸਨ।
ਤੀਜਾ; ਪਰਵਾਸੀ ਪਰਿਵਾਰ ਕਈ ਦਿਨਾਂ ਤੋਂ ਆਪਣੇ ਘਰ ਵਿਚ ਨਜ਼ਰਬੰਦ ਏ। ਭਾਈਚਾਰੇ, ਸਮਾਜ ਜਾਂ ਸਰਕਾਰ ਨੂੰ ਉਸਦੇ ਖਾਣ-ਪੀਣ ਜਾਂ ਸਹੂਲਤਾਂ ਦੀ ਕੋਈ ਪ੍ਰਵਾਹ ਨਹੀਂ। ਉਹ ਭੁੱਖਣ-ਭਾਣਾ, ਮਿੰਨਤਾਂ ਤਰਲਿਆਂ ਨਾਲ ਮਿਲਦੀ ਰੋਟੀ ਲਈ ઑਆਪਣਿਆਂ਼ ਦੇ ਰਹਿਮ ‘ઑਤੇ ਹੈ ਜਿਹਨਾਂ ਲਈ ਕਦੇ ਉਹ ਰੋਟੀ ਦਾ ਸਬੱਬ ਬਣਿਆ ਸੀ। ਹੁਣ ਅਛੂਤ ਬਣ ਗਿਆ ਹੈ ਉਹਨਾਂ ਲਈ ਜਿਹਨਾਂ ਨਾਲ ਖੂਨ ਦੇ ਰਿਸ਼ਤੇ ਸਨ ਅਤੇ ਸ਼ਰਾਬ ਤੇ ਕਬਾਬ ਦੀ ਸਾਂਝ ਵੀ ਹੁੰਦੀ ਸੀ।
ਚੌਥਾ; ਪੰਜਾਬੀ ਅਦਬ ਨੂੰ ਪਿਆਰ ਕਰਨ ਵਾਲਾ ਅਤੇ ਇਸਦੀ ਪ੍ਰਫੁਲੱਤਾ ਨੂੰ ਜੀਵਨ-ਅਕੀਦਾ ਮੰਨਣ ਵਾਲਾ ਪ੍ਰਦੇਸ ਵਿਚ ਰਹਿੰਦਾ ਅਦੀਬ ਆਪਣੇ ਨਜਦੀਕੀ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਉਸਦੇ ਪਿੰਡ ਜਾਂਦਾ ਏ। ਮਿਲ ਕੇ ਖੁਸ਼ ਹੋਣ ਅਤੇ ਅਪਣੱਤ ਨਾਲ ਨਿਵਾਜਣ ਵਾਲਿਆਂ ਦਾ ਰੁੱਖਾ ਵਰਤਾਅ, ਬੇਰੁੱਖੀ ਅਤੇ ਘ੍ਰਿਣਤ ਵਤੀਰਾ ਦੇਖ ਕੇ ਉਹ ਅਦਬੀ ਸਖ਼ਸ਼ ਡਹਿਲ ਜਾਂਦਾ ਏ। ਇਸ ਸ਼ਰਮਨਾਕ ਤਬਦੀਲੀ ਕਾਰਨ ਅੰਦਰੋਂ ਛਿੱਲਿਆ ਤੇ ਹਿਲਿਆ, ਆਪਣੇ ਘਰ ਪਰਤਦਾ ਹੈ। ਉਸਦੇ ਵਿਚਾਰ ਵਿਯੋਗੇ ਗਏ ਕਿ ਇਹ ਕਿਵੇਂ ਅਤੇ ਕਿਉਂ ਹੋਇਆ?
ਹੋਰ ਵੀ ਬਹੁਤ ਸਾਰੇ ਦ੍ਰਿਸ਼ਟਾਂਤ ਸੋਚਾਂ ਵਿਚ ਤਰਦੇ ਨੇ ਜਿਹਨਾਂ ਕਾਰਨ ਮਨ ਬਹੁਤ ਉਚਾਟ ਏ। ਇਹ ਕੇਹਾ ਘਿਨੌਣਾ ਸੱਚ ਉਜਗਾਰ ਹੋਇਆ ਏ ਕਿ ਹੁਣ ਪਰਦੇਸੀ ਇਸ ਸੱਚ ਦਾ ਸਾਹਮਣਾ ਕਰਨ ਤੋਂ ਖ਼ੌਫ ਖਾਂਦੇ ਨੇ। ਅਜਿਹਾ ਸੱਚ ਜਿਸਨੇ ਪੰਜਾਬੀਆਂ ਦੀ ਭਾਈਚਾਰਕ ਸਾਂਝ, ਰਿਸ਼ਤੇਦਾਰੀਆਂ, ਸਬੰਧਾਂ, ਸੱਜਣਾਂ, ਸਕਿਆਂ ਅਤੇ ਸਾਝਾਂ ‘ਤੇ ਵੱਡਾ ਪ੍ਰਸ਼ਨ ਚਿੰਨ੍ਹ ਲਾ ਦਿਤਾ ਏ। ਇਹ ਕਿਉਂ, ਕਿੰਝ ਅਤੇ ਕਿਸਨੇ ਕੀਤਾ? ਕੀ ਇਹ ਸਭ ਕੁਝ ਪੰਜਾਬ ਅਤੇ ਪੰਜਾਬੀਅਤ ਦੇ ਹਿੱਤ ਵਿਚ ਸੀ? ਇਸ ਵਰਤਾਰੇ ਨਾਲ ਪਰਦੇਸੀਆਂ ਦੇ ਮਨਾਂ ‘ਤੇ ਕਿੰਨੇ ਡੂੰਘੇ ਜ਼ਖਮ ਹੋਏ? ਉਹਨਾਂ ਦੇ ਦਿਲਾਂ ਵਿਚ ਆਪਣੇ ਪੰਜਾਬ ਪ੍ਰਤੀ ਕਿਸ ਤਰਾਂ ਦੀ ਬੇਰੱਸੀ ਤੇ ਬੇਗਾਨਗੀ ਪੈਦਾ ਹੋਈ, ਇਸ ਬਾਰੇ ਕਿਸੇ ਨੂੰ ਖ਼ਿਆਲ ਹੈ? ਕੀ ਕਿਸੇ ਸਮਾਜਿਕ ਅਦਾਰੇ, ਸਰਕਾਰੀ ਤੰਤਰ ਜਾਂ ਸਵੈ-ਸੇਵੀ ਸੰਸਥਾਵਾਂ ਨੇ ਇਸ ਘਟਨਾਕ੍ਰਮ ਪ੍ਰਤੀ ਸੰਵੇਦਨਾ ਪ੍ਰਗਟਾਈ ਏ? ਕੀ ਇਸ ਨੂੰ ਮੁਖ਼ਾਤਬ ਹੋਣ ਦੀ ਕਿਸੇ ਵਿਚ ਜ਼ੁਰਅਤ ਹੈ? ਕੀ ਇਸ ਨੂੰ ਰਾਜਨੀਤਕ ਤੌਰ ‘ਤੇ ਜਾਣ ਬੁੱਝ ਕੇ ਸ਼ੋਸ਼ਲ ਮੀਡੀਆ ਰਾਹੀਂ ਫੈਲਣ ਦਿਤਾ ਗਿਆ ਤਾਂ ਕਿ ਪਰਦੇਸੀਆਂ ਨੂੰ ਪੰਜਾਬ ਪ੍ਰਤੀ ਉਚਾਟ ਕੀਤਾ ਜਾਵੇ? ਕੀ ਇਹ ਵਰਤਾਰਾ ਪੰਜਾਬੀਆਂ ਦੀ ਨਵੀਂ ਆਦਤ ਏ ਜਾਂ ਪੰਜਾਬੀ ਕਿਸੇ ਗਿਣੀ-ਮਿੱਥੀ ਸਾਜਸ਼ ਦਾ ਸ਼ਿਕਾਰ ਹੋ ਗਏ ਨੇ? ਇਸ ਨਾਲ ਕਿਹੜੇ ਸਰੋਕਾਰਾਂ ਅਤੇ ਮੰਤਵਾਂ ਦੀ ਪੂਰਤੀ ਕੀਤੀ ਗਈ? ਬਹੁਤ ਸਾਰੀਆਂ ਗਲਤ ਧਾਰਨਾਵਾਂ ਪਰਦੇਸੀਆਂ ਦੇ ਮਨਾਂ ਵਿਚ ਪੈਦਾ ਹੋ ਰਹੀਆਂ ਨੇ ਜਿਹਨਾਂ ਦਾ ਜਵਾਬ ਪੰਜਾਬ ਵਿਚ ਵੱਸਦੇ ਪੰਜਾਬੀਆਂ ਨੂੰ ਹੀ ਦੇਣਾ ਪੈਣਾ। ਪਰਦੇਸੀਆਂ ਪ੍ਰਤੀ ਇਸ ਬੇਰੁੱਖੀ ਦੀ ਰਹਿਤਲ ਵਿਚ ਬਹੁਤ ਕੁਝ ਪਿਆ ਏ ਜਿਸਦਾ ਖ਼ਮਿਆਜ਼ਾ ਪੰਜਾਬ ਨੂੰ ਆਉਣ ਵਾਲੇ ਸਮੇਂ ਵਿਚ ਭੁੱਗਤਣਾ ਪੈ ਸਕਦਾ। ਬਹੁਤ ਸਾਰੇ ਪੱਖ ਨੇ ਜਿਹਨਾਂ ਨੂੰ ਵਿਚਾਰਨ ਅਤੇ ਇਹਨਾਂ ਵਿਚੋਂ ਕੁਝ ਸੁਚਾਰੂ, ਸੰਵੇਦਨਾਭਰਪੂਰ ਤੇ ਸਾਰਥਿਕ ਕਰਨ ਦੀ ਅਤਿਅੰਤ ਲੋੜ ਹੈ ਤਾਂ ਕਿ ਪਰਦੇਸੀਆਂ ਦੇ ਮਨਾਂ ਦੇ ਤੌਖ਼ਲਿਆਂ ਨੂੰ ਦੂਰ ਕੀਤਾ ਜਾ ਸਕੇ।
ਅਜੋਕੀ ਤਰਾਸਦੀ ਨੇ ਇਹ ਦਰਸਾ ਦਿਤਾ ਕਿ ਪੰਜਾਬੀਆਂ ਦੀ ਭਾਈਚਾਰਕ ਸਾਂਝ ਕਿੰਨੀ ਹੀਣੀ, ਸਵਾਰਥੀ ਅਤੇ ਕੰਮਜੋਰ ਹੈ ਕਿ ਉਹ ਨਿੱਜੀ ਮੁਫ਼ਾਦ ਖਾਤਰ ਇਸ ਨੂੰ ਤੋੜਨ ਲੱਗਿਆਂ ਦੇਰ ਨਹੀਂ ਲਾਉਂਦੇ। ਇਹ ਸਾਂਝ ਪਹਿਲਾਂ ਆਪਣਿਆਂ ਨੇ ਤੋੜੀ, ਫਿਰ ਸਮਾਜ ਨੇ ਅਤੇ ਆਖਰ ਨੂੰ ਸਰਕਾਰ ਨੇ। ਕਿਸੇ ਨੇ ਇਸ ਨੂੰ ਜੋੜਨ ਤੇ ਮਜ਼ਬੂਤ ਕਰਨ ਵੰਨੀਂ ਕੋਈ ਕਦਮ ਨਹੀਂ ਉਠਾਇਆ। ਪਰਦੇਸੀ ਆਪਣੇ ਘਰਾਂ ਨੂੰ ਪਰਤਦੇ ਸਨ, ਜੜ੍ਹਾਂ ਨਾਲ ਜੁੜਨ, ਭਾਈਚਾਰਕ ਸਾਂਝ ਨੂੰ ਪ੍ਰਫੁੱਲਤ ਕਰਨ ਅਤੇ ਮਿੱਟੀ ਦੀ ਮਹਿਕ ਨੂੰ ਸਾਹਾਂ ਵਿਚ ਵਸਾਉਣ। ਹਰੇਕ ਪਰਦੇਸੀ ਦੇ ਮਨ ਵਿਚ ਆਪਣੇ ਪਿੰਡ ਦੇ ਵਿਕਾਸ ਦੀ ਚਾਹਨਾ ਹੁੰਦੀ ਸੀ। ਉਹਨਾਂ ਨੇ ਆਪੋ-ਆਪਣੇ ਪਿੰਡਾਂ ਵਿਚ ਜਿੰਮ ਤੇ ਲਾਇਬਰੇਰੀਆਂ ਬਣਾਈਆਂ, ਖੇਡ ਮੈਦਾਨ ਬਣਾਏ, ਸਕੂਲਾਂ ਨੂੰ ਨਵੀਂ ਦਿੱਖ ਦਿੱਤੀ, ਸਟਰੀਟ ਲਾਈਟਾਂ ਲਗਵਾਈਆਂ, ਸੀਵਰੇਜ਼ ਸਿਸਟਮ, ਸ਼ਮਸ਼ਾਨ ਘਾਟ, ਮੁਰਦਾਘਰ ਬਣਾਏ, ਹੁਸ਼ਿਆਰ ਤੇ ਗਰੀਬ ਵਿਦਿਆਰਥੀਆਂ ਦੀਆਂ ਫੀਸਾਂ ਤੇ ਵਰਦੀਆਂ ਲਈ ਦਿਲ ਖੋਲ ਕੇ ਦਾਨ ਦਿਤਾ। ਪਰਦੇਸੀਆਂ ਨੇ ਪੰਜਾਬ ਦੇ ਪਿੰਡਾਂ ਦੇ ਸੁਧਾਰ ਲਈ ਕਰੋੜਾਂ ਰੁਪਏ ਖਰਚੇ। ਇਹ ਪਰਦੇਸੀ ਹੀ ਹਨ ਜੋ ਹਰ ਸਾਲ ਪਿੰਡਾਂ ਵਿਚ ਮੈਡੀਕਲ ਕੈਂਪ, ਖੇਡ ਮੇਲੇ, ਗਰੀਬ ਕੁੜੀਆਂ ਦੇ ਵਿਆਹ ਆਦਿ ਸਮਾਜ ਭਲਾਈ ਦੇ ਕਾਰਜ ਆਯੋਜਿਤ ਕਰਦੇ ਕਿਉਂਕਿ ਉਹਨਾਂ ਦੇ ਮਨਾਂ ਵਿਚ ਆਪਣੇ ਇਲਾਕੇ ਦੀ ਪ੍ਰਫੁੱਲਤਾ ਦਾ ਚਾਅ ਹੁੰਦਾ ਸੀ। ਅ ਲਾਓ ਕਿ ਅਜਿਹੇ ਸਮਾਜ ਭਲਾਈ ਦੇ ਕਾਰਜਾਂ ਵਿਚ ਕਿੰਨਾ ਧਨ ਪਰਦੇਸੀ ਲਾਉਂਦੇ ਸਨ? ਕੀ ਹੁਣ ਉਹ ਅਜਿਹੇ ਕਰਨ ਵਿਚ ਰੁੱਚੀ ਦਿਖਾਉਣਗੇ, ਸ਼ੱਕ ਹੈ?
ਪਰਦੇਸੀਆਂ ਦੀਆਂ ਜ਼ਮੀਨਾਂ-ਜਾਇਦਾਦਾਂ ਅਕਸਰ ਉਹਨਾਂ ਦੇ ਆਪਣੇ ਹੀ ਸਾਂਭਦੇ ਸਨ। ਜ਼ਮੀਨ ਦਾ ਠੇਕਾ ਆਦਿ ਵੀ ਕਦੇ ਕਦਾਈਂ ਹੀ ਲੈਂਦੇ ਸਨ। ਇਸ ਬੇਰੁੱਖੀ ਕਾਰਨ ਪਰਦੇਸੀ ਆਪਣੀਆਂ ਜਮੀਨਾਂ-ਜਾਇਦਾਦਾਂ ਬਹੁਤ ਜਲਦੀ ਵੇਚਣਗੇ। ਇਸ ਨਾਲ ਭਾਅ ਹੋਰ ਡਿੱਗਣਗੇ ਅਤੇ ਉਹ ਰੂਹ ਨਾਲ ਬਣਾਇਆ ਸਭ ਕੁਝ ਕੌਡੀਆਂ ਦੇ ਭਾਅ ਵੇਚ ਕੇ ਪੰਜਾਬ ਨਾਲੋਂ ਸਦਾ ਲਈ ਨਾਤਾ ਤੋੜ ਲੈਣਗੇ। ਵੱਡਾ ਆਰਥਿਕ ਨੁਕਸਾਨ ਪਰਦੇਸੀਆਂ ਨੂੰ ਝੱਲਣਾ ਪਵੇਗਾ। ਜਮੀਨਾਂ ਹੁਣ ਪੰਜਾਬੀਆਂ ਦੇ ਹੱਥੋਂ ਖੁੱਸ ਕੇ ਵੱਡੇ ਜ਼ਿਮੀਦਾਰਾਂ ਜਾਂ ਵਪਾਰਕ ਘਰਾਣਿਆਂ ਕੋਲ ਚਲੇ ਜਾਣਗੀਆਂ ਅਤੇ ਪੰਜਾਬੀ, ਮਾਲਕ ਤੋਂ ਮੁਜਾਰੇ ਬਣ ਜਾਣਗੇ। ਕਿੰਨਾ ਘਾਟਾ ਪਵੇਗਾ ਪਰਦੇਸੀਆਂ ਪ੍ਰਤੀ ਬੇਸਮਝੀ ਨਾਲ ਕੀਤੇ ਦੁਰਵਿਵਹਾਰ ਦਾ? ਹੁਣ ਪਰਦੇਸੀ ਪਿੰਡਾਂ ਵਿਚ ਕੋਠੀਆਂ ਨਹੀਂ ਪਾਉਣਗੇ ਜਿਸ ਕਾਰਨ ਕਿੰਨੇ ਕਾਮੇ ਵਿਹਲੇ ਹੋ ਜਾਣਗੇ? ਕਿੰਨੇ ਕਰੋੜਾਂ ਰੁਪਇਆ ਪੰਜਾਬ ਵਿਚ ਨਹੀਂ ਖਰਚਿਆ ਜਾਵੇਗਾ? ਅੰਦਾਜ਼ਾ ਲਾਓ। ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਾਲੇ ਹਜਾਰਾਂ ਕਰੋੜ ਰੁਪਏ ਹੁਣ ਪੰਜਾਬ ਵਿਚ ਨਹੀਂ ਆਉਣਗੇ।
ਪਰਦੇਸੀ ਹਰ ਸਾਲ ਵੱਡੀ ਗਿਣਤੀ ਵਿਚ ਆਪਣੇ ਵਤਨ ਪਰਤਦੇ ਨੇ ਅਤੇ ਉਹ ਖੁੱਲ ਕੇ ਖਰਚ ਕਰਦੇ ਨੇ ਆਪਣਿਆਂ ‘ਤੇ, ਆਪਣਿਆਂ ਲਈ ਅਤੇ ਆਪਣਿਆਂ ਦੀ ਬਿਹਤਰੀ ਲਈ। ਜੇ 50 ਹਜ਼ਾਰ ਪਰਦੇਸੀ ਹਰ ਸਾਲ ਪੰਜਾਬ ਵਿਚ ਆਵੇ ਅਤੇ ਹਰੇਕ ਸਿਰਫ਼ 50 ਹਜ਼ਾਰ ਹੀ ਖਰਚੇ ਤਾਂ ਇਹ 250 ਕਰੋੜ ਬਣਦੇ ਨੇ। ਇਹ ਰਾਸ਼ੀ ਆਉਣ ਵਾਲੇ ਸਮੇਂ ਵਿਚ ਜ਼ਰੂਰ ਘਟੇਗੀ ਕਿਉਂਕਿ ਹੁਣ ਪਰਦੇਸੀ ਪੰਜਾਬ ਵਿਚ ਪਰਤਣ ਤੋਂ ਡਰਨਗੇ। ਉਹਨਾਂ ਦੇ ਮਨਾਂ ਵਿਚ ਤੌਖ਼ਲਾ ਹੋਵੇਗਾ ਕਿ ਪਤਾ ਨਹੀਂ ਕੀ ਦਾ ਕੀ ਹੋ ਜਾਵੇ? ਕੌਣ ਏ ਇਸਦਾ ਕਸੂਰ ਵਾਰ? ਕੀ ਕੋਈ ਪਿੰਡ ਦਾ ਚੌਧਰੀ ਇਸਦੀ ਜ਼ਿੰਮੇਵਾਰੀ ਲਵੇਗਾ?
ਪਰਦੇਸੀਆਂ ਨੂੰ ਚਾਅ ਹੁੰਦਾ ਸੀ ਕਿ ਉਹ ਆਪਣੇ ਜਵਾਨ ਬੱਚਿਆਂ ਦਾ ਰਿਸ਼ਤਾ ਪੰਜਾਬ ਵਿਚ ਕਰਨ ਤਾਂ ਕਿ ਨਵੀਂ ਪੀੜ੍ਹੀ ਆਪਣੀ ਮਿੱਟੀ ਨਾਲ ਜੁੜੀ ਰਹੇ। ਪਰ ਹੁਣ ਅਜਿਹਾ ਨਹੀਂ ਹੋਣਾ ਅਤੇ ਪਰਦੇਸੀ ਪੰਜਾਬ ਵਿਚ ਆਪਣੇ ਬੱਚਿਆਂ ਨੂੰ ਵਿਆਹੁਣ ਤੋਂ ਤੋਬਾ ਕਰਗੇ। ਬਹੁਤ ਸਾਰੇ ਪਰਦੇਸੀਆਂ ਨੇ ਪਰਦੇਸਾਂ ਵਿਚ ਵੱਸਦੇ ਬੱਚਿਆਂ ਦੇ ਵਿਆਹ ਪੰਜਾਬ ਵਿਚ ਨਿਰਧਾਰਤ ਕੀਤੇ ਸਨ ਕਿ ਚੱਲੋ! ਵਿਆਹ ਦੇ ਬਹਾਨੇ, ਪ੍ਰਦੇਸ ਵਿਚ ਪ੍ਰਵਾਨ ਚੜ੍ਹੇ ਬੱਚੇ ਪੰਜਾਬ ਜਾ ਆਉਣਗੇ। ਉਹਨਾਂ ਹੁਣ ਪੰਜਾਬ ਵਿਚਲੇ ਵਿਆਹ ਕੈਂਸਲ ਕਰਕੇ ਵਿਦੇਸ਼ ਵਿਚ ਹੀ ਵਿਆਹ ਕਾਰਜ ਸੰਪੂਰਨ ਕਰਨ ਦਾ ਮਨ ਬਣਾ ਲਿਆ ਏ। ਇਕ ਵਿਆਹ ‘ਤੇ ਲੱਖਾਂ ਰੁਪਏ ਖਰਚ ਕਰਨ ਵਾਲੇ ਪਰਦੇਸੀਆਂ ਦੀ ਬੇਰੁੱਖੀ ਦਾ ਘਾਟਾ ਮੈਰਿਜ ਪੈਲੇਸਾਂ ਅਤੇ ਵਿਆਹ ਨਾਲ ਜੁੜੇ ਵੱਖ-ਵੱਖ ਆਮ ਵਿਅਕਤੀਆਂ ਨੂੰ ਜ਼ਰਨਾ ਪਵੇਗਾ। ਜੇ ਅਸੀਂ ਹਰ ਸਾਲ ਪਰਦੇਸੀਆਂ ਦੇ 1000 ਵਿਆਹ ਮੰਨ ਲਈਏ ਅਤੇ ਇਕ ਵਿਆਹ ਦਾ ਖਰਚਾ 50 ਲੱਖ ਹੋਵੇ ਤਾਂ 500 ਕਰੋੜ ਰੁਪਇਆ ਹੁਣ ਪੰਜਾਬ ਵਿਚ ਖਰਚ ਨਹੀਂ ਹੋਵੇਗਾ? ਵਿਆਹ ਕਰਵਾ ਕੇ ਪਰਦੇਸ ਵਿਚ ਵੱਸਣ ਵਾਲੇ ਪੰਜਾਬੀ ਬੱਚਿਆਂ ਦੇ ਟੁੱਟੇ ਹੋਏ ਸੁਪਨਿਆਂ ਦੀ ਪੀੜਾ ਲਈ ਉਹਨਾਂ ਦੇ ਹੀ ਮਾਪੇ ਜ਼ਿੰਮੇਵਾਰ ਹੋਣਗੇ।
ਮਨ ਬਹੁਤ ਪੀੜਤ ਏ ਕਿ ਪਰਦੇਸੀਆਂ ਦੇ ਸਿਰ ‘ਤੇ ਦੌਲਤ-ਸ਼ੁਹਰਤ ਕਮਾਉਣ ਵਾਲੇ ਪੰਜਾਬੀ ਗਾਇਕਾਂ ਦੀ ਕੇਹੀ ਮਾਨਸਿਕਤਾ ਬਣ ਗਈ ਕਿ ਜਦ ਇਕ ਗਾਇਕ (ਜਿਸ ‘ਤੇ ਪੰਜਾਬ ਦੀ ਪੁਲਿਸ ਵਲੋਂ ਐਫਆਈਆਰ ਵੀ ਦਰਜ ਹੈ ਅਤੇ ਗੈਰ-ਜਮਾਨਤੀ ਵਰੰਟ ਵੀ ਹਨ) ਵਲੋਂ ਪਰਦੇਸੀਆਂ ਪ੍ਰਤੀ ਘ੍ਰਿਣਾ ਪੈਦਾ ਕਰਦਾ ਗੀਤ ਗਾਇਆ ਗਿਆ ਤਾਂ ਬਾਕੀ ਗਾਇਕ (ਕੁਝ ਇਕ ਨੂੰ ਛੱਡ ਕੇ, ਜਿਹੜੇ ਆਪਣੀ ਬੇਬਾਕੀ ਅਤੇ ਸੱਚ ਕਹਿਣ ਲਈ ਜਾਣੇ ਜਾਂਦੇ ਨੇ) ਖਾਮੋਸ਼ ਹੀ ਰਹੇ। ਇਸਦੀ ਤਹਿ ਵਿਚ ਕੀ ਸੀ, ਸੋਚਣ ਅਤੇ ਸਮਝਣ ਦੀ ਲੋੜ ਹੈ? ਉਹਨਾਂ ਗਾਇਕਾਂ ਨੂੰ ਸ਼ਾਇਦ ਯਾਦ ਹੀ ਨਹੀਂ ਰਿਹਾ ਕਿ ਉਹਨਾਂ ਦੇ ਅਖਾੜਿਆਂ/ਮੇਲਿਆਂ ਦੇ ਸਭ ਤੋਂ ਵੱਡਾ ਸਪਾਂਸਰ ਪਰਦੇਸੀਆਂ ਹੀ ਹਨ। ਕੀ ਹੁਣ ਉਹ ਅਜਿਹੇ ਦੋਗਲੇ ਗਾਇਕਾਂ ਨੂੰ ਮੂੰਹ ਨਹੀਂ ਲਾਉਣਗੇ? ਉਹ ਕਿਹੜਾ ਮੂੰਹ ਲੈ ਕੇ ਵਿਦੇਸ਼ਾਂ ਵਿਚ ਪ੍ਰੋਗਰਾਮ ਕਰਨ ਆਉਣਗੇ? ਅਫਸੋਸ ਤਾਂ ਇਸ ਗੱਲ ਦਾ ਹੈ ਕਿ ਬਹੁਤ ਸਾਰੇ ਗਾਇਕ ਖੁਦ ਪਰਦੇਸੀ ਹਨ ਪਰ ਉਹਨਾਂ ਨੇ ਵੀ ਮੂੰਹਾਂ ਵਿਚ ਘੁੰਘਣੀਆਂ ਪਾ ਲਈਆਂ। ਪੰਜਾਬ ਕੰਗਾਲ ਤਾਂ ਹੋ ਹੀ ਰਿਹਾ ਏ ਪਰ ਪਰਦੇਸੀਆਂ ਪ੍ਰਤੀ ਬੇਰੁੱਖੀ, ਕੰਗਾਲੀ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰੇਗੀ। ਪਰਦੇਸੀ ਤਾਂ ਪਹਿਲਾਂ ਹੀ ਪੰਜਾਬ ਵਿਚ ਧਨ ਲਗਾਉਣ ਜਾਂ ਬਿਜਨਿਸ ਸਥਾਪਤ ਪ੍ਰਤੀ ਕਰਨ ਨਿਰ-ਉਤਸ਼ਾਹਤ ਸਨ। ਇਸ ਸੰਭਾਵਨਾ ਨੂੰ ਖਤਮ ਕਰਨ ਦਾ ਸਾਧਨ ਬਣ ਗਿਆ ਏ ਸਰਕਾਰ ਤੇ ਸਮਾਜ ਦਾ ਅਜੋਕਾ ਗੈਰ-ਜ਼ਿੰਮੇਵਾਰਨਾ ਵਤੀਰਾ ਅਤੇ ਅਵੇਸਲਾਪਣ।
ਪਰਦੇਸੀਆਂ ਦਾ ਉਹਨਾਂ ਪੰਜਾਬੀਆਂ ਨੂੰ ਵੀ ਇਕ ਪ੍ਰਸ਼ਨ ਹੈ ਜਿਹੜੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਣ ਲਈ ਹੁਣ ਹਰ ਹੀਲਾ ਵਰਤ ਰਹੇ ਨੇ। ਕੀ ਉਹ ਆਪਣੇ ਵਿਦੇਸ਼ ਜਾਣ ਵਾਲੇ ਬੱਚਿਆਂ ਨਾਲ ਵੀ ਉਹੀ ਵਰਤਾਅ ਕਰਨਗੇ ਜਦ ਉਹ ਪ੍ਰਦੇਸ ਤੋਂ ਪਰਤਣਗੇ ਜਿਹੜਾ ਉਹਨਾਂ ਨੇ ਪਰਦੇਸੀਆਂ ਨਾਲ ਕੀਤਾ ਏ? ਕੀ ਉਹ ਇਹ ਜ਼ਰ ਸਕਣਗੇ ਕਿ ਉਹਨਾਂ ਦੀਆਂ ਆਂਦਰਾਂ ਨੂੰ ਬੇਗਾਨਗੀ ਅਤੇ ਬੇਗੈਰਤਾ ਕਾਰਨ ਮਾਨਸਿਕ ਪੀੜਾ ਵਿਚੋਂ ਗੁਜਰਨਾ ਪਵੇ? ਕੀ ਉਹਨਾਂ ਨੇ ਖੁਦ ਨੂੰ ਅਜਿਹੀ ਸਥਿਤੀ ਵਿਚ ਮਹਿਸੂਸ ਕਰਕੇ, ਕਦੇ ਅਹਿਸਾਸ ਕੀਤਾ ਏ ਕਿ ਉਹਨਾਂ ਨੇ ਆਪਣਿਆਂ ਨਾਲ ਕੀ ਦਾ ਕੀ ਕਰ ਦਿਤਾ? ਕੀ ਉਹਨਾਂ ਦੇ ਮਨ ਵਿਚ ਆਪਣੇ ਕੀਤੇ ਦਾ ਅਫਸੋਸ ਏ? ਕੀ ਉਹਨਾਂ ਨੇ ਆਪਣੇ ਮਨ ਕੋਲੋਂ ਇਸਦੀ ਮੁਆਫ਼ੀ ਮੰਗੀ ਏ? ਕੀ ਉਹ ਇਸ ਵਤੀਰੇ ਤੋਂ ਬਾਅਦ ਆਪਣੇ ਭਰਾਵਾਂ, ਭਤੀਜਿਆਂ, ਭਾਣਜਿਆਂ ਜਾਂ ਭਾਈਬੰਦਾਂ ਨੂੰ ਗਲਵਕੜੀ ਵਿਚ ਲੈ ਕੇ ਮੋਹ ਦਾ ਨਿਉਂਦਾ ਪਾ ਸਕਣਗੇ? ਕੀ ਉਹਨਾਂ ਦੇ ਮਨ ਵਿਚ ਕੀਤੀ ਗਈ ਕੁਤਾਹੀ ਪ੍ਰਤੀ ਗੁਨਾਹ ਦਾ ਅਹਿਸਾਸ ਹੋਇਆ ਏ? ਕੀ ਉਹ ਕੁਝ ਅਜਿਹਾ ਕਰਨਗੇ ਕਿ ਪਰਦੇਸੀਆਂ ਦੇ ਮਨਾਂ ਵਿਚ ਪਿੰਡਾਂ ਨੂੰ ਪਹਿਲਾਂ ਵਾਂਗ ਪਰਤਣ, ਆਪਣਿਆਂ ਨਾਲ ਕੁਝ ਸਮਾਂ ਗੁਜਾਰਨ ਅਤੇ ਫਿਰ ਵਾਪਸ ਮਿਲਣ ਦਾ ਵਾਅਦਾ ਕਰਕੇ, ਆਉਣ-ਜਾਣ ਬਣੇ ਰਹਿਣ ਦੀ ਰੀਤ ਨੂੰ ਬਰਕਰਾਰ ਰੱਖਿਆ ਜਾਵੇ?
ਪੰਜਾਬੀ ਪਰਦੇਸੀ ਹੁਣ ਛੁੱਟੀਆਂ ਮਨਾਉਣ, ਘੁੰਮਣ-ਫਿਰਨ, ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕਰਨ ਜਾਂ ਆਪਣੀ ਮਿੱਟੀ ਨੂੰ ਸਿੱਜਦਾ ਕਰਨ ਪੰਜਾਬ ਨਹੀਂ ਆਉਣਗੇ। ਸਗੋਂ ਹੁਣ ਯੂਰਪੀਅਨ ਆਦਿ ਦੇਸ਼ਾਂ ਨੂੰ ਜਾਣਗੇ। ਦੂਸਰੇ ਦੇਸ਼ਾਂ ਨੂੰ ਹੋਣ ਵਾਲੀ ਕਮਾਈ, ਪੰਜਾਬ ਲਈ ਨਿਰੋਲ ਘਾਟਾ ਹੋਵੇਗਾ। ਪਰਦੇਸੀ ਪੰਜਾਬ ਆ ਕੇ ਹਮੇਸ਼ਾ ਕੁਝ ਦਿੰਦੇ ਨੇ, ਯੋਗਦਾਨ ਪਾਉਂਦੇ ਨੇ ਅਤੇ ਇਸਦੇ ਇਵਜ਼ ਵਿਚ ਸਿਰਫ਼ ਮੁਹੱਬਤ ਚਾਹੁੰਦੇ ਨੇ। ਜਦ ਲੈਣ ਵਾਲੇ ਹੀ ਮੋਹ-ਮੁਹੱਬਤ ਦੇਣ ਤੋਂ ਹੀ ਮੁੱਨਕਰ ਹੋ ਜਾਣ ਤਾਂ ਉਹ ਪੰਜਾਬ ਵੱਲ ਮੂੰਹ ਕਿੰਝ ਕਰਨਗੇ?
ਪੰਜਾਬੀ ਪਰਦੇਸੀ ਜਦ ਆਪਣੇ ਵਤਨ ਨਾ ਪਰਤੇ ਤਾਂ ਪੰਜਾਬ ਵਿਚਲੇ ਖਾਲੀਪਣ ਨੂੰ ਵੱਖ-ਵੱਖ ਪ੍ਰਾਂਤਾਂ ਤੋਂ ਆਏ ਲੋਕ ਭਰਨਗੇ ਜਿਸ ਨਾਲ ਪੰਜਾਬ ਦੀ ਸਮਾਜਿਕ ਦਿੱਖ ਬਦਲ ਜਾਵੇਗੀ। ਪੰਜਾਬੀਅਤ ਤਬਦੀਲ ਹੋ ਜਾਵੇਗੀ। ਪੰਜਾਬ ਦੀ ਸਮਾਜਿਕ ਦਿੱਖ ਵਿਚਲੇ ਵਿਗਾੜ ਅਤੇ ਤਾਣੇ-ਬਾਣੇ ਵਿਚ ਹੋਈ ਟੁੱਟ ਭੱਜ ਦਾ ਹਰਜ਼ਾਨਾ ਤਾਂ ਫਿਰ ਉਹਨਾਂ ਪੰਜਾਬੀਆਂ ਨੂੰ ਹੀ ਭੁਗਤਣਾ ਪੈਣਾ ਜਿਹਨਾਂ ਨੇ ਪਰਦੇਸੀਆਂ ਦੇ ਮਨਾਂ ਵਿਚ ਬੇਗਾਨਗੀ ਬੀਜੀ। ਆਪਣਿਆਂ ਵਿਚੋਂ ਅਪਣੱਤ ਮੁੱਕ ਜਾਵੇ ਤਾਂ ਸਿਰਫ਼ ਬੇਰੁੱਖੀ ਹੀ ਰਹਿੰਦੀ ਏ ਜਿਹੜੀ ਪੰਜਾਬੀਆਂ ਨੇ ਪਰਦੇਸੀਆਂ ਦੇ ਪੱਲੇ ਪਾਈ ਏ।
ਪਰਦੇਸੀਆਂ ਪ੍ਰਤੀ ਬੇਰੁੱਖੀ ਨਾਲ ਪੰਜਾਬ ਅਤੇ ਪੰਜਾਬੀਆਂ ਨੂੰ ਵੱਡੇ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ। ਪਰ ਸਭ ਤੋਂ ਅਹਿਮ ਅਤੇ ਖ਼ਤਰਨਾਕ ਹੈ ਭਾਈਚਾਰਕ ਸਾਂਝ ਦਾ ਤਿੱੜਕਣਾ, ਸਮਾਜਿਕ ਦਿੱਖ ਦਾ ਧੁੰਧਲਕਾ ਅਤੇ ਮਰਨਹਾਰੀ ਮਾਨਸਿਕਤਾ ਜਿਸਦੀ ਪੂਰਤੀ ਕਦੇ ਵੀ ਨਹੀਂ ਹੋਣੀ। ਮਨਾਂ ਵਿਚਲੀਆਂ ਤਰੇੜਾਂ ਦਾ ਦਰਦ, ਇਕ ਰਿੱਸਦਾ ਫੋੜਾ ਹੁੰਦਾ ਜੋ ਪਲ ਪਲ ਬੀਤੇ ਦੀ ਯਾਦ ਦਿਵਾਉਂਦਾ, ਸਾਹਾਂ ਨੂੰ ਸੰਤਾਪਦਾ ਰਹਿੰਦਾ। ਪ੍ਰਦੇਸੀਆਂ ਨੇ ਇਕ ਸੰਤਾਪ ਤਾਂ ਪ੍ਰਵਾਸਕਰਨ ਲੱਗਿਆਂ ਹੰਢਾਇਆ ਸੀ ਪਰ ਹੁਣ ਆਪਣਿਆਂ ਦੀ ਬੇਰੁੱਖੀ ਦਾ ਸੰਤਾਪ ਤੇ ਸੋਗ, ਸਮਿਆਂ ਨੂੰ ਵੀ ਸੰਤਾਪਣ ਲੱਗ ਪਿਆ ਏ। ਰੱਬ ਮਿਹਰ ਕਰੇ!
ਖੇਦ ਇਸ ਗੱਲ ਦਾ ਵੀ ਹੈ ਕਿ ਪਰਦੇਸੀਆਂ ਦੀ ਚੀਸ ਪ੍ਰਤੀ ਖਾਮੋਸ਼ ਨੇ ਕਲਮਾਂ, ਗੁੰਗੇ ਨੇ ਗਾਇਕ ਤੇ ਗੀਤਕਾਰ, ਸੁੰਨ-ਸਮਾਧੀ ਵਿਚ ਚਲੇ ਗਏ ਨੇ ਸੰਵੇਦਨਸ਼ੀਲ ਲੋਕ, ਚੁੱਪ ਹੀ ਹੋ ਗਏ ਨੇ ਚਿੰਤਕ, ਵੇਲਾ ਵਹਾ ਚੁੱਕੇ ਨੇ ਵਿਦਵਾਨ ਅਤੇ ਮੂਕ ਦਰਸ਼ਕ ਬਣ ਗਿਆ ਏ ਮੀਡੀਆ। ਕੀ ਕੋਈ ਇਸ ਚੀਸ ਨੂੰ ਉਲਥਾਵੇਗਾ? ਕਿੱਧਰ ਗਈ ਪੰਜਾਬੀਅਤ ਅਤੇ ਪੰਜਾਬ ਪ੍ਰਤੀ ਪ੍ਰਤੀਬੱਧਤਾ? ਵੱਡੇ ਸਵਾਲ ਨੇ ਅਜੋਕੇ ਸਮਾਜ, ਸੰਸਥਾਵਾਂ, ਸਰਕਾਰ ਅਤੇ ਸੁੱਘੜ ਸੋਚਾਂ ਲਈ।ਯਾਦ ਰੱਖਣਾ! ਇਹ ਭਾਈਚਾਰਕ ਪਾੜਾ ਆਪਣੇ ਆਪ ਨਹੀਂ ਮਿੱਟਣਾ। ਕੀ ਪੰਜਾਬੀ ਇਸ ਨੂੰ ਮਿਟਾਉਣ ਲਈ ਕੋਈ ਉਦਮ ਕਰਨਗੇ? ਇਹ ਪੰਜਾਬੀਆਂ ‘ਤੇ ਨਿਰਭਰ ਕਰਦਾ ਕਿ ਉਹ ਪ੍ਰਦੇਸੀਆਂ ਪ੍ਰਤੀ ਕਿਹੜੀ ਸੋਚ, ਸੁਪਨਾ, ਸਮਝ ਜਾਂ ਸੰਜ਼ੀਦਗੀ ਰੱਖਦੇ ਨੇ?
ਫ਼ੋਨ 001-216-556-2080