Home / ਨਜ਼ਰੀਆ / ਕਰੋਨਾ ‘ਤੇ ਹੋ ਰਹੀ ਖੋਜ

ਕਰੋਨਾ ‘ਤੇ ਹੋ ਰਹੀ ਖੋਜ

ਡਾ. ਬਲਜਿੰਦਰ ਸਿੰਘ ਸੇਖੋਂ
ਜਦ ਤੋਂ ਕਰੋਨਾ ਦਾ ਕਹਿਰ ਸ਼ੁਰੂ ਹੋਇਆ ਹੈ ਇਸ ਬਾਰੇ ਨਵੀਂ ਖੋਜ ਤੋਂ ਨਵੇਂ ਤੱਥ ਸਾਹਮਣੇ ਆ ਰਹੇ ਹਨ। ਕਰੋਨਾ ਜਿਸ ਦੇ ਨਾ ਧੜ, ਨਾ ਸਿਰ, ਨਾ ਪੈਰ, ਜੋ ਕਿਸੇ ਨੂੰ ਬਿਮਾਰ ਕਰਕੇ ਖੁਸ਼ ਨਹੀਂ ਹੋ ਸਕਦਾ ਅਤੇ ਨਾ ਹੀ ਆਪਣੇ ਨਾਲ ਦਿਆਂ ਦੇ ਜਾਣ ‘ਤੇ ਦੁਖੀ ਹੋ ਸਕਦਾ ਹੈ, ਕਿਉਂਕਿ ਇਨਾਂ ਗੱਲਾਂ ਨੂੰ ਮਹਿਸੂਸ ਕਰਨ ਵਾਲਾ ਦਿਮਾਗ ਇਸ ਵਿਚ ਨਹੀਂ, ਨੇ ਸਾਰੀ ਦੁਨੀਆਂ ਨੂੰ ਵਖਤ ਪਾਇਆ ਹੋਇਆ ਹੈ। ਇਹ ਤਾਂ ਪੂਰਾ ਸੂਰਾ ਇੱਕ ਸੈੱਲ (ਮਨੁੱਖੀ ਸਰੀਰ ਤਕਰੀਬਨ 30 ਖਰਬ ਸੈੱਲਾਂ ਦਾ ਬਣਿਆ ਹੁੰਦਾ ਹੈ) ਵੀ ਨਹੀਂ। ਇਸ ਨੂੰ ਅਪਣੀ ਅਗਲੀ ਪੁਸ਼ਤ ਪੈਦਾ ਕਰਨ ਲਈ ਕਿਸੇ ਹੋਰ ਦੇ ਸੈੱਲ ਵਿਚਲੀਆਂ ਅੰਗੜੀਆਂ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਦੀ ਇਹੀ ਮਜ਼ਬੂਰੀ, ਜਦ ਇਹ ਅਪਣੇ ਵਾਧੇ ਲਈ ਮਨੁੱਖ ਦੇ ਸੈੱਲ ਵਰਤਦਾ ਹੈ, ਮਨੱਖ ਵਿਚ ਬਿਮਾਰੀ ਦਾ ਕਾਰਨ ਬਣਦੀ ਹੈ। ਕਿਸੇ ਜੀਵ ਤੋਂ ਬਾਹਰ ਇਹ ਨਿਰਜੀਵ ਹੈ ਪਰ ਕਿਸੇ ਸੈੱਲ ਵਿਚ ਜਾ ਕੇ ਉਸ ਤੇ ਆਪਣਾ ਕਬਜ਼ਾ ਕਰ ਲੈਂਦਾ ਹੈ ਅਤੇ ਉਸ ਦੇ ਆਪਣੇ ਸਾਰੇ ਕੰਮਕਾਜ ਛੁਡਾ ਆਪਣੇ ਆਪ ਵਰਗੇ ਹੋਰ ਵਾਇਰਸ ਬਣਾਉਣ ਲਈ ਮਜ਼ਬੂਰ ਕਰ ਦਿੰਦਾ ਹੈ। ਸਾਡਾ ਸਰੀਰ ਇਸ ਦੇ ਵਿਰੁਧ ਲੜਨ ਅਤੇ ਇਸ ਨੂੰ ਖਤਮ ਕਰਨ ਤੇ ਸਾਰਾ ਤਾਣ ਲਾ ਦਿੰਦਾ ਹੈ। ਜਦ ਇਸ ਦੇ ਕਣ ਸਾਹ ਨਾਲ ਫੇਫੜਿਆਂ ਵਿਚ ਚਲੇ ਜਾਂਦੇ ਹਨ ਤਾਂ ਸਰੀਰ ਇਨਾਂ ਖਿਲਾਫ ਲੜਨ ਤੇ ਵਾਹ ਲਾਉਂਦਾ ਆਪਣਾ ਤਾਪਮਾਨ ਵਧਾ ਲੈਂਦਾ ਹੈ, ਜਿਸ ਨੂੰ ਅਸੀਂ ਬੁਖਾਰ ਕਹਿੰਦੇ ਹਾਂ। ਜਦ ਪੰਜ ਛੇ ਦਿਨ ਇਹ ਨਾ ਕਾਬੂ ਵਿਚ ਆਵੇ ਤਾਂ ਕਈ ਵਾਰ ਸਰੀਰ ਲੋੜੋਂ ਵੱਧ ਤਾਣ ਲਾਉਂਦਾ ਹੋਇਆ, ਫੇਫੜਿਆਂ ਵਿਚ ਆਪਣੇ ਸਾਰੇ ਫੌਜੀ (ਚਿੱਟੇ ਰਕਤਾਣੂ ਅਤੇ ਸੁਨੇਹੇ ਦੇਣ ਵਾਲੇ ਛੋਟੇ ਪ੍ਰੋਟੀਨ ਵਗੈਰਾ) ਵੱਡੀ ਮਾਤਰਾ ਵਿਚ ਇਕੱਠੇ ਕਰ ਲੈਂਦਾ ਹੈ, ਜਿਸ ਕਾਰਨ ਫੇਫੜਿਆਂ ਵਿਚ ਸੋਜ ਆ ਜਾਂਦੀ ਹੈ, ਚਿਪਕਣੇ ਤਰਲ ਪਦਾਰਥ ਸੈੱਲਾਂ ਵਿਚੋਂ ਰਿਸਣ ਲਗਦੇ ਹਨ ਅਤੇ ਮਹੀਨ ਸਾਹ ਥੈਲੀਆਂ, ਜਿਨਾਂ ਵਿਚੋਂ ਆਕਸੀਜਨ ਨੇ ਖੂਨ ਵਿਚ ਰਲਣਾ ਹੁੰਦਾ ਹੈ, ਉਤੇ ਇਨਾਂ ਫਾਲਤੂ ਲੇਸਦਾਰ ਰਸਾਇਣਾਂ ਦਾ ਲੇਪ ਜਿਹਾ ਹੋ ਜਾਂਦਾ ਹੈ, ਜਿਸ ਨਾਲ ਖੂਨ ਵਿਚ ਆਕਸੀਜਨ ਘਟ ਜਾਣ ਲੱਗਦੀ ਹੈ, ਸਾਹ ਘੁਟਣ ਲੱਗਦਾ ਹੈ ਅਤੇ ਕਈ ਵਾਰ ਹਸਪਤਾਲ ਵਿਚ ਵਾਧੂ ਆਕਸੀਜਨ ਦੇਣ ਜਾਂ ਮਸ਼ੀਨ ਨਾਲ ਸਾਹ ਦੇਣ ਉਪਰੰਤ ਵੀ ਮਰੀਜ਼ ਦੀ ਜਾਨ ਚਲੀ ਜਾਂਦੀ ਹੈ। ਬੁਖਾਰ, ਸੁੱਕੀ ਖੰਘ ਅਤੇ ਥਕਾਵਟ ਇਸ ਬਿਮਾਰੀ ਦੀਆਂ ਆਮ ਅਲਾਮਤਾ ਹਨ ਪਰ ਕਈ ਮਰੀਜ਼ਾਂ ਵਿਚ ਗਲਾ ਖਰਾਬ ਹੋਣਾ, ਸਿਰ ਦਰਦ, ਸਰੀਰ ਦੇ ਪੱਠਿਆਂ ਵਿਚ ਦਰਦ, ਦਸਤ ਲਗਣ, ਸਰੀਰ ਤੇ ਪਿੱਤ ਵਾਂਗ ਦਾਣੇ, ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦਾ ਬਦਰੰਗ ਹੋਣ ਜਿਹੀਆਂ ਨਿਸ਼ਾਨੀਆਂ ਵੀ ਵੇਖੀਆਂ ਗਈਆਂ ਹਨ।
ਕਰੋਨਾ ਵਾਇਰਸ ਦੀ ਇਹ ਬਿਮਾਰੀ ਜੰਗਲ ਵਿਚ ਲੱਗੀ ਅੱਗ ਵਾਂਗ ਹੈ, ਜਿਸ ਨਾਲ ਸੁੱਕਾ ਘਾਹ ਬੂਟ, ਸੁਕੀਆਂ ਝਾੜੀਆਂ ਜਾਂ ਸੁੱਕੇ ਦਰਖਤ ਸੜ ਕੇ ਨਵੇਂ ਬੂਟਿਆਂ ਲਈ ਰਾਹ ਪੱਧਰਾ ਕਰਦੇ ਹਨ। ਇਹ ਬਿਮਾਰੀ ਵੀ ਕਮਜ਼ੋਰ, ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਜਾਂ ਵੱਡੀ ਉਮਰ ਕਾਰਨ ਕਮਜ਼ੋਰ ਹੋ ਚੁੱਕੀ ਸਰੀਰ ਸੁਰੱਖਿਆ ਪ੍ਰਣਾਲੀ ਵਾਲੇ ਮਰੀਜ਼ਾਂ ਦੀ ਜਾਨ ਲੈ ਰਹੀ ਹੈ। ਪਰ ਮਨੁੱਖ ਲਈ ਅਪਣਾ ਹਰ ਸਨੇਹੀ ਪਿਆਰਾ ਹੈ ਅਤੇ ਉਹ ਕਿਨੀ ਵੀ ਵੱਡੀ ਉਮਰ ਦਾ ਜਾਂ ਕਿਸੇ ਬਿਮਾਰੀ ਕਾਰਨ ਕਮਜ਼ੋਰ ਹੀ ਕਿਉਂ ਨਾ ਹੋਵੇ, ਉਸ ਦੇ ਜਾਣ ਦਾ ਬਹੁਤ ਦੁੱਖ ਹੁੰਦਾ ਹੈ। ਕੈਨੇਡਾ ਵਿਚ ਇਸ ਬਿਮਾਰੀ ਦੇ ਆਉਣ ਤੇ 80 ਫੀਸਦੀ ਮੌਤਾਂ 80 ਸਾਲ ਦੀ ਉਮਰ ਤੋਂ ਵੱਧ ਵਿਅੱਕਤੀਆਂ ਦੀਆਂ ਹੋਈਆਂ। ਜ਼ਿਆਦਾਤਰ ਮਰੀਜ਼ ਥੋੜੇ ਬਹੁਤ ਤੰਗ ਹੋ ਕੇ ਠੀਕ ਹੋ ਜਾਂਦੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਕੁਲ ਮਰੀਜ਼ਾਂ ਦਾ 3.8 ਫੀਸਦੀ ਹੀ ਹੈ ਪਰ ਦੁਨੀਆਂ ਭਰ ਵਿਚ ਕੁਲ ਮਰੀਜ਼ਾਂ ਦਾ ਅੰਕੜਾ ਦੋ ਕਰੋੜ ਦੇ ਨੇੜੇ ਤੇੜੇ ਜਾਣ ਨਾਲ ਕੁਲ ਮੌਤਾਂ 7 ਲੱਖ ਤੋਂ ਵਧ ਗਈਆਂ ਹਨ। ਇਸ ਦੇ ਤੇਜ਼ੀ ਨਾਲ ਵਧਣ ਦਾ ਕਾਰਨ, ਬਿਮਾਰੀ ਦੇ ਕਣਾਂ ਦਾ ਮਰੀਜ਼ ਵਿਚ ਨਿਸ਼ਾਨੀਆਂ ਆਉਣ ਤੋਂ ਪਹਿਲਾਂ ਹੀ ਨੱਕ, ਮੂੰਹ ਜਾਂ ਅੱਖਾਂ ਦੇ ਪਾਣੀ ਵਿਚੋਂ ਨਿਕਲ ਅੱਗੇ ਫੈਲਣਾ ਹੈ। ਉਸ ਵਿਅੱਕਤੀ ਵਿਚ ਕਿਉਂਕਿ ਬਿਮਾਰੀ ਦਾ ਕੋਈ ਲੱਛਣ ਨਹੀਂ ਹੁੰਦਾ ਇਸ ਲਈ ਨਾ ਤਾਂ ਉਹ ਆਪ ਨਾ ਹੀ ਉਸ ਨੂੰ ਮਿਲਣ ਗਿਲਣ ਵਾਲੇ ਸਾਵਧਾਨੀਆਂ ਵਰਤਦੇ ਹਨ।
ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ, ਇਸ ਤੋਂ ਬਚਣ ਅਤੇ ਇਲਾਜ ਲਈ ਵੱਡੀ ਪੱਧਰ ‘ਤੇ ਯਤਨ ਹੋ ਰਹੇ ਹਨ। ਇਸ ਤੋਂ ਬਚਣ ਲਈ ਮਾਸਕ ਪਾਏ ਜਾਣ ਕਿ ਨਾ ਦਾ ਮੁੱਦਾ ਕਾਫੀ ਗਰਮ ਰਿਹਾ ਹੈ। ਸੰਸਾਰ ਸਿਹਤ ਸੰਸਥਾ ਦੇ ਬੁਲਾਰੇ ਦਾ ਪਹਿਲਾਂ ਪਹਿਲ ਇਹ ਕਹਿਣਾ ਸੀ ਕਿ ਇਹ ਹਵਾ ਰਾਹੀਂ ਨਹੀਂ ਫੈਲਦਾ, ਜੇਕਰ ਫੈਲਦਾ ਹੁੰਦਾ ਤਾਂ ਇੱਕ ਕਮਰੇ ਵਿਚ ਕਿਸੇ ਮਰੀਜ਼ ਨਾਲ ਬੈਠੇ ਸਾਰੇ ਲੋਕ ਬਿਮਾਰ ਹੋਣੇ ਚਾਹੀਦੇ ਸਨ, ਜੋ ਵੇਖਣ ਵਿਚ ਨਹੀਂ ਆ ਰਿਹਾ। ਇਸ ਬਾਰੇ ਸਿੱਧੀ ਖੋਜ ਤਾਂ ਕੋਈ ਨਹੀਂ ਹੋਈ ਪਰ ਤਕਰੀਬਨ 200 ਡਾਕਟਰਾਂ ਵਲੋਂ ਸੰਸਾਰ ਸਿਹਤ ਸੰਸਥਾ ਦੇ ਮੁਖੀ ਨੂੰ ਲਿਖੇ ਪੱਤਰ ਦੇ ਆਧਾਰ ‘ਤੇ ਉਸ ਨੇ ਜਿਥੇ ਬੰਦ ਕਮਰਾ ਹੋਵੇ, ਲੋਕ ਨੇੜੇ ਨੇੜੇ ਬੈਠੇ ਹੋਣ, ਉਸ ਥਾਂ ਮਾਸਕ ਪਾਉਣ ਦੀ ਸਿਫਾਰਿਸ਼ ਕੀਤੀ ਹੈ। ਇਨਾਂ ਡਾਕਟਰਾਂ ਦਾ ਤਰਕ ਸੀ ਕਿ ਇਹ ਵਾਇਰਸ ਆਮ ਜ਼ੁਕਾਮ ਕਰਨ ਵਾਲੇ ਕਿਟਾਣੂਆਂ ਨਾਲ ਮਿਲਦਾ ਹੈ, ਜੇਕਰ ਉਹ ਹਵਾ ਰਾਹੀਂ ਫੈਲ ਸਕਦੇ ਹਨ ਤਾਂ ਇਹ ਕਿਉਂ ਨਹੀਂ ਫੈਲੇਗਾ। ਮਾਤਾ, ਪੋਲੀਓ, ਡੈਂਗੂ, ਏਡਜ਼, ਖਸਰਾ, ਈਬੋਲਾ, ਹਲਕਾਅ, ਜ਼ੁਕਾਮ ਆਦਿ ਵਾਂਗ ਕਰੋਨਾ ਵੀ ਵਾਇਰਸ ਦੀ ਬਿਮਾਰੀ ਹੈ। ਇੱਕ ਵਾਰ ਬਿਮਾਰੀ ਸ਼ੁਰੂ ਹੋ ਜਾਵੇ ਤਾਂ ਰੋਕਣ ਲਈ ਸਾਡੇ ਕੋਲ ਕੋਈ ਦਵਾਈ ਨਹੀਂ। ਦੂਸਰੇ ਕਿਟਾਣੂਆਂ ਜਿਵੇਂ ਬੈਕਟੀਰੀਆ (ਕੋਹੜ, ਹੈਜ਼ਾ, ਟੀ ਬੀ, ਪਲੇਗ) ਆਦਿ ਨੂੰ ਸਰੀਰ ਵਿਚੋਂ ਖਤਮ ਕਰਨ ਲਈ ਕਈ ਕਿਸਮ ਦੀਆਂ ਦਵਾਈਆਂ ਹਨ ਜਿਵੇਂ ਪੈਂਨਸਲੀਨ, ਸਟਰੈਪਟੋਮਾਈਸੀਨ ਆਦਿ। ਵਾਇਰਸ ਦੀ ਬਿਮਾਰੀ ਹੋਣ ਤੇ ਸਾਡੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਹੀ ਇਨਾਂ ਦਾ ਟਾਕਰਾ ਕਰਕੇ ਇਨਾਂ ਨੂੰ ਖਤਮ ਕਰ ਸਕਦੀ ਹੈ। ਜਿਸ ਵਿਅੱਕਤੀ ਦੀ ਸੁਰੱਖਿਆ ਪ੍ਰਣਾਲੀ ਨੇ ਇਸ ਨੂੰ ਖਤਮ ਕਰ ਲਿਆ ਤੇ ਉਹ ਰਾਜ਼ੀ ਹੋ ਗਿਆ ਤਾਂ ਜੇਕਰ ਉਸ ਨੂੰ ਦੁਬਾਰਾ ਵਾਇਰਸ ਬਿਮਾਰ ਕਰਨ ਦੀ ਕੋਸ਼ਿਸ਼ ਕਰੇ ਤਾਂ ਸੁਰੱਖਿਆ ਪ੍ਰਣਾਲੀ ਦੇ ਪਹਿਲਾਂ ਹੀ ਤਿਆਰ ਬੈਠੇ ਟੀ ਸੈੱਲ (ਇਕ ਕਿਸਮ ਦੇ ਸਿਪਾਹੀ) ਉਸ ਨੂੰ ਸਰੀਰ ਵਿਚ ਫੈਲਣ ਤੋਂ ਰੋਕ ਦਿੰਦੇ ਹਨ। ਜਾਂ ਫਿਰ ਇਨਾਂ ਵਾਇਰਸਾਂ ਤੋਂ ਬਚਣ ਲਈ ਵੈਕਸੀਨ ਬਣਾਈ ਜਾਂਦੀ ਹੈ, ਜੋ ਆਮ ਕਰਕੇ ਉਸ ਵਾਇਰਸ ਦੇ ਕਮਜ਼ੋਰ ਕੀਤੇ ਕਣ ਹੀ ਹੁੰਦੇ ਹਨ, ਜੋ ਕਿਸੇ ਵਿਅੱਕਤੀ ਨੂੰ ਬਿਮਾਰ ਨਹੀਂ ਕਰਦੇ ਪਰ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਇਸ ਦੇ ਖਿਲਾਫ ਚੇਤਿਨ ਕਰ ਜਾਂਦੇ ਹਨ ਅਤੇ ਅਸਲ ਬਿਮਾਰੀ ਆਉਣ ઑਤੇ ਪਹਿਲਾਂ ਹੀ ਤਿਆਰ ਬਰ ਤਿਆਰ ਸਿਪਾਹੀ ਉਸ ਦਾ ਅੰਦਰ ਆਉਣ ਤੇ ਹੀ ਨਾਸ਼ ਕਰ ਦਿੰਦੇ ਹਨ। ਜਿਨੀ ਦੇਰ ਵੈਕਸੀਨ ਨਹੀਂ ਬਣਦੀ, ਉਨੀ ਦੇਰ ਇਸ ਤੋਂ ਬਚਣ ਦੀ ਲੋੜ ਹੈ। ਇਸ ਲਈ ਬੇਲੋੜਾ ਘਰੋਂ ਬਾਹਰ ਨਾ ਜਾਣਾ, ਇੱਕ ਦੂਸਰੇ ਤੋਂ ਛੇ ਫੁੱਟ ਦੀ ਦੂਰੀ ਬਣਾਈ ਰੱਖਣੀ, ਬੰਦ ਥਾਂਵਾਂ ‘ਤੇ ਮਾਸਕ ਪਾਉਣਾ, ਕਿਸੇ ਵੀ ਅਣਜਾਣ ਥਾਂ ‘ਤੇ ਹੱਥ ਲੱਗਣ ‘ਤੇ ਨੱਕ ਮੂੰਹ ਨੂੰ ਲਾਉਣ ਤੋਂ ਪਹਿਲਾਂ ਸਾਬਣ ਨਾਲ ਚੰਗੀ ਤਰਾਂ ਧੋਣਾ, ਜਾਂ ਅਲਕੋਹਲ ਨਾਲ ਕਿਟਾਣੂ ਰਹਿਤ ਕਰਨਾ, ਵਰਗੀਆਂ ਸਾਵਧਾਨੀਆਂ ਨੂੰ ਅਪਣਾਉਣਾ ਜਰੂਰੀ ਹੈ। ਇਸ ਬਿਮਾਰੀ ਦੇ ਇਲਾਜ ਲਈ ਕਈਆਂ ਵਲੋਂ, ਖਾਸ ਕਰ ਵਾਰ ਵਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪ੍ਰਚਾਰ ਕੀਤੇ ਗਏ ਨਿਰਅਧਾਰ ਟੋਟਕਿਆਂ ਨੂੰ ਰੱਦ ਕਰਨ ਲਈ ਸਾਇੰਸਦਾਨਾ ਨੂੰ ਖੋਜ ਕਰਨੀ ਪਈ ਅਤੇ ਅਖੀਰ ਉਨਾਂ ਕਹਿ ਦਿੱਤਾ ਕਿ ਮਲੇਰੀਏ ਦੀ ਦਵਾਈ ਹਾਈਡਰੋਕਸੀ ਕਲੋਰੋਕਿਊਂਨ ਕਰੋਨਾ ਨੂੰ ਰੋਕਣ ਵਿਚ ਕੋਈ ਮਦਦ ਨਹੀਂ ਕਰਦੀ, ਸਗੋਂ ਇਹ ਕਈ ਮਰੀਜ਼ਾਂ ਵਿਚ ਦਿਲ ਦੀਆਂ ਮੁਸ਼ਕਲਾਂ ਪੈਦਾ ਕਰਦੀ ਹੈ। ਭਾਰਤ ਦੇ ਯੋਗ ਗੁਰੂ ਰਾਮਦੇਵ ਵਲੋਂ ਵੀ ਇੱਕ ਦੇਸੀ ਦਵਾਈ ਨੂੰ ਰਾਮ ਬਾਣ ਕਹਿ ਕੇ ਪ੍ਰਚਾਰਨ ਦਾ ਸ਼ੁਰੂ ਕੀਤਾ ਕੰਮ, ਸਰਕਾਰ ਨੂੰ ਛੇਤੀ ਬੰਦ ਕਰਵਾਉਣਾ ਪਿਆ। ਇਕ ਦਵਾਈ ਜਿਸ ਦੀ ਈਬੋਲਾ ਦੇ ਇਲਾਜ ਲਈ ਖੋਜ ਕੀਤੀ ਗਈ ਸੀ, ਰੈਮਡੀਸੀਵਾਇਰ, ਵੀ ਇਸ ਵਾਇਰਸ ਕਾਰਨ ਹੁੰਦੀਆਂ ਮੌਤਾਂ ਦੀ ਦਰ ਘਟਾਉਣ ਵਿਚ ਕਾਮਯਾਬ ਨਹੀਂ ਹੈ।
ਇਸ ਬਿਮਾਰੀ ਦੇ ਫੈਲਾਅ ਦੇ ਰੁਕਣ ਦਾ ਦੂਸਰਾ ਕਾਰਨ ਬਣਦਾ ਹੈ ਕਾਫੀ ਲੋਕਾਂ ਦਾ ਬਿਮਾਰ ਹੋ ਜਾਣਾ, ਜਿਸ ਨੂੰ ਝੁੰਡ ਸੁਰੱਖਿਆ (ਹਰਡ ਇਮਿਊਨਿਟੀ) ਕਿਹਾ ਜਾਂਦਾ ਹੈ। ਜਦ ਕੋਈ ਬਿਮਾਰ ਹੋ ਕੇ ਠੀਕ ਹੋ ਜਾਂਦਾ ਹੈ ਤਾਂ ਉਸ ਦਾ ਸਰੀਰ ਵਾਇਰਸ ਤੋਂ ਬਿਮਾਰ ਨਹੀਂ ਹੁੰਦਾ, ਸੋ ਉਸ ਵਿਚ ਇਹ ਵਾਇਰਸ ਇੱਕ ਤੋਂ ਕਰੋੜਾਂ ਦੀ ਗਿਣਤੀ ਵਿਚ ਨਹੀਂ ਵੱਧ ਸਕਦਾ। ਜਦ ਵਾਇਰਸ ਇੱਕ ਤੋਂ ਦੂਸਰੇ ਵਿਅਕਤੀ ਵਿਚ ਜਾਂਦਾ ਹੈ, ਜੇਕਰ ਉਸ ਨੂੰ ਬਿਮਾਰੀ ਨਹੀਂ ਲੱਗੀ ਤਾਂ ਇਸ ਦੀ ਗਿਣਤੀ (ਅਬਾਦੀ) ਕਰੋੜਾਂ ਗੁਣਾ ਵਧ ਜਾਂਦੀ ਹੈ ਅਤੇ ਉਹ ਵਿਅਕਤੀ ਅੱਗੇ ਕਿੰਨੇ ਹੀ ਲੋਕਾਂ ਨੂੰ ਬਿਮਾਰੀ ਲਾ ਸਕਦਾ ਹੈ। ਪਰ ਜੇਕਰ ਉਹ ਪਹਿਲਾਂ ਰਾਜ਼ੀ ਹੋ ਚੁੱਕਿਆ ਹੋਵੇ ਤਾਂ ਵਾਇਰਸ ਦੇ ਕਣ ਉਸ ਦੇ ਸਰੀਰ ‘ਤੇ ਜਾ ਕੇ ਖਤਮ ਹੋ ਜਾਂਦੇ ਹਨ ਅਤੇ ਬਿਮਾਰੀ ਦਾ ਵਧਣਾ ਰੁਕ ਜਾਂਦਾ ਹੈ। ਇਸ ਨੁਕਤੇ ਨੇ ਕੁਝ ਕੁ ਰੋਲ ਨਿਭਾਇਆ ਫਰਾਂਸ ਅਤੇ ਇਟਲੀ ਵਿਚ ਜਿਥੇ ਅਬਾਦੀ ਦੀ ਵੱਡੀ ਗਿਣਤੀ ਬਿਮਾਰ ਹੋ ਗਈ ਅਤੇ ਇਹ ਬਿਮਾਰੀ ਕੁਦਰਤੀ ਤੌਰ ‘ਤੇ ਹੀ ਘਟ ਗਈ। ਇਨਾਂ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਮੌਤਾਂ ਦਾ ਕਾਰਨ ਬੁੱਢਿਆਂ ਦੀ ਗਿਣਤੀ ਜ਼ਿਆਦਾ ਹੋਣਾ ਸੀ। ਓਨਟਾਰੀਓ ਵਿਚ ਵੀ ਪਹਿਲਾਂ ਪਹਿਲ ਇਸ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਵਿਚ 80 ਫੀਸਦੀ ਲੋਕ 80 ਸਾਲ ਦੀ ਉਮਰ ਤੋਂ ਵੱਡੇ ਸਨ। ਦੂਸਰਾ ਤਰੀਕਾ ਹੈ ਇਸ ਨੂੰ ਦੇਸ਼ ਵਿਚੋਂ ਪੂਰੀ ਤਰਾਂ ਖਤਮ ਕਰਨ ਦਾ, ਇਹ ਚੀਨ ਅਤੇ ਦੱਖਣੀ ਕੋਰੀਆ ਨੇ ਕਰ ਵਿਖਾਇਆ ਹੈ। ਬੇਸ਼ੱਕ ਅਜੇ ਵੀ ਕਿਤੇ ਨਾ ਕਿਤੇ ਉਥੇ ਇਹ ਬਿਮਾਰੀ ਫਿਰ ਤੋਂ ਸਿਰ ਚੁੱਕ ਲੈਂਦੀ ਹੈ ਪਰ ਅਜੇ ਤੱਕ ਉਹ ਇਸ ਨੂੰ ਦੇਸ਼ ਭਰ ਵਿਚ ਫੈਲਣ ਤੋਂ ਰੋਕਣ ਵਿਚ ਕਾਮਯਾਬ ਹਨ। ਕਰੋਨਾ ਤੋਂ ਬਚਣ ਲਈ ਵੈਕਸੀਨ ਬਣਾਉਣ ਉਤੇ ਖੋਜ ਇਸ ਬਿਮਾਰੀ ਦੇ ਜਨਵਰੀ ਵਿਚ ਫੈਲਣ ‘ਤੇ ਹੀ ਸ਼ੁਰੂ ਹੋ ਗਈ ਸੀ। ਸੰਸਾਰ ਸਿਹਤ ਸੰਸਥਾ ਮੁਤਾਬਿਕ ਹੁਣ 140 ਤੋਂ ਵੱਧ ਵੈਕਸੀਨਾਂ ਨੂੰ ਬਣਾਉਣ ਲਈ ਵੱਖ ਵੱਖ ਪ੍ਰਯੋਗਸ਼ਾਲਾਵਾਂ ਵਿਚ ਖੋਜ ਹੋ ਰਹੀ ਹੈ। ਇਨਾਂ ਵਿਚੋਂ 7 ઑਮਨੁੱਖ ਲਈ ਸੁਰੱਖਿਅਤ ਹਨ਼ ਦੇ ਟੈਸਟ ਪਾਸ ਕਰ ਕੇ ਤੀਸਰੇ ਤੇ ਆਖਰੀ, ਬਿਮਾਰੀ ਨੂੰ ਰੋਕਣ ਵਿਚ ਸਮਰੱਥ ਹਨ, ਦੇ ਪੜਾਅ ‘ਤੇ ਪਹੁੰਚ ਚੁੱਕੀਆਂ ਹਨ। ਇਸ ਤੋਂ ਬਾਅਦ ਇਨਾਂ ਨੂੰ ਵੱਡੇ ਪੱਧਰ ‘ਤੇ ਵਲੰਟੀਅਰ ਵਿਅਕਤੀਆਂ ਵਿਚ ਲਾ ਕੇ ਇਨਾਂ ਦੇ ਕਾਰਗਰ ਹੋਣ ਅਤੇ ਸੁਰੱਖਿਅਤ ਹੋਣ ਬਾਰੇ ਅੰਕੜੇ ਇਕੱਠੇ ਕੀਤੇ ਜਾਣੇ ਹਨ। ਇਨਾਂ ਅੰਕੜਿਆਂ ਦੇ ਆਧਾਰ ‘ਤੇ ਦੇਸ਼ਾਂ ਦੀਆਂ ਸਿਹਤ ਸੰਸਥਾਵਾਂ ਇਨਾਂ ਨੂੰ ਵਰਤਣ ਦੀ ਮਨਜੂਰੀ ਦੇ ਸਕਣਗੀਆਂ। ਬੇਸ਼ੱਕ ਆਮ ਤੌਰ ‘ਤੇ ਕਿਸੇ ਵੈਕਸੀਨ ਨੂੰ ਬਣਾਉਣ ‘ਤੇ ਕਈ ਸਾਲ ਲੱਗ ਜਾਂਦੇ ਹਨ, ਪਰ ਸਾਇੰਸਦਾਨਾਂ ਨੂੰ ਉਮੀਦ ਹੈ ਕਿ ਕਰੋਨਾ ਨੂੰ ਰੋਕ ਸਕਣ ਵਾਲੀ ਵੈਕਸੀਨ ਸਾਲ, ਡੇਢ ਸਾਲ ਵਿਚ ਬਣ ਕੇ ਤਿਆਰ ਹੋ ਜਾਵੇਗੀ। ਇਨਾਂ ਵਿਚੋਂ ਓਕਸਫੋਰਡ ਯੂਨੀਵਰਸਿਟੀ ਵਿਚ ਬਣਾਈ ਜਾ ਰਹੀ ਵੈਕਸੀਨ ਦੇ ਛੇਤੀ ਮਾਰਕਿਟ ਵਿਚ ਆਉਣ ਦੇ ਅਤੇ ਇਸ ਦੇ ਵਧੀਆ ਨਤੀਜੇ ਦੇਣ ਦੀਆਂ ਜ਼ਿਆਦਾ ਸੰਭਾਵਨਾਵਾਂ ਹਨ। ਇਸ ਵਿਚ ਵਾਇਰਸ ਦਾ ਮੁੱਖ ਭਾਗ (ਆਰ ਐਨ ਏ ਅਤੇ ਖੋਲ) ਆਮ ਜ਼ੁਕਾਮ ਦੇ ਵਾਇਰਸ ਤੋਂ ਲੈ ਕੇ ਉਸ ਉੱਤੇ ਕੋਰਨਾ ਦੀਆਂ ਡੰਡੀਆਂ ਜਿਹੀਆਂ, ਜਿਨਾਂ ਨਾਲ ਇਹ ਸੈੱਲ ਨਾਲ ਜੁੜ ਕੇ ਅੰਦਰ ਜਾਂਦਾ ਹੈ, ਪ੍ਰਯੋਗਸ਼ਾਲਾ ਵਿਚ ਬਣਾ ਕੇ ਲਾ ਦਿਤੀਆਂ ਗਈਆਂ ਹਨ। ਸੋ ਇਸ ਦੇ ਖਤਰਨਾਕ ਹੋਣ ਦਾ ਡਰ ਬਹੁਤ ਘਟ ਹੈ ਅਤੇ ਕਾਮਯਾਬ ਹੋਣ ਦੀ ਉਮੀਦ ਬਹੁਤ ਜ਼ਿਆਦਾ। ਇਸ ਨੂੰ 500 ਤੋਂ ਵੱਧ ਲੋਕਾਂ ‘ਤੇ ਟੈਸਟ ਕੀਤਾ ਜਾ ਚੁੱਕਾ ਹੈ ਅਤੇ ਅੱਗੇ ਵੱਡੇ ਪੱਧਰ ‘ਤੇ ਇਸ ਨੂੰ ਵੱਖ ਵੱਖ ਦੇਸ਼ਾਂ ਦੇ ਵਲੰਟੀਅਰਾਂ ਵਿਚ ਵਰਤ ਕੇ ਵੇਖਣਾ ਹੈ। ਸਤੰਬਰ ਤੱਕ ਇਸ ਦੇ 10 ਲੱਖ ਤੋਂ ਵੱਧ ਟੀਕੇ ਬਣਾਉਣ ਬਾਰੇ ਯੂਨੀਵਰਸਿਟੀ ਨੇ ਉਮੀਦ ਜਾਹਰ ਕੀਤੀ ਹੈ ਪਰ ਫਿਰ ਵੀ ਆਮ ਵਰਤੋਂ ਲਈ ਇਹ ਅਗਲੇ ਸਾਲ ਦੇ ਸ਼ੁਰੂ ਵਿਚ ਹੀ ਆ ਸਕੇਗੀ। ਯੂਰਪ ਸੰਗਠਨ ਨੇ ਇਸ ਬਿਮਾਰੀ ਦਾ ਦੁਨੀਆਂ ਪੱਧਰ ‘ਤੇ ਟਾਕਰਾ ਕਰਨ ਲਈ ਮਈ 2020 ਵਿਚ ਪਹਿਲ ਕੀਤੀ ਅਤੇ ਸੰਸਾਰ ਵਿਚੋਂ 16 ਅਰਬ ਯੂਰੋ (25 ਅਰਬ ਕੈਨੇਡੀਅਨ ਡਾਲਰ) ਦਾ ਫੰਡ ਇਕੱਠਾ ਕੀਤਾ। ਉਨਾਂ ਵਲੋਂ ਵੀ ਦੁਨੀਆ ਦੇ ਹਰ ਲੋੜਵੰਦ ਲਈ ਵੈਕਸੀਨ ਉਪਲਬਧ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਫੰਡ ਵਿਚ ਦੁਨੀਆਂ ਦੇ ਹੋਰ ਮੁਲਕਾਂ ਦੇ ਨਾਲ ਨਾਲ ਕੈਨੇਡਾ ਅਤੇ ਭਾਰਤ ਨੇ ਵੀ ਸਹਿਯੋਗ ਦਿੱਤਾ ਹੈ, ਪਰ ਅਮਰੀਕਾ ਆਪਣੀ, ਸਭ ਪ੍ਰਾਈਵੇਟ, ਸਭ ਲਾਭ ਲਈ ਦੀ ਨੀਤੀ ‘ਤੇ ਚਲਦਾ ਹੋਇਆ ਇਸ ਸਾਂਝੇ ਯਤਨ ਤੋਂ ਪਾਸੇ ਹੀ ਰਿਹਾ ਹੈ ਅਤੇ ਆਪਣੇ ਤੌਰ ‘ਤੇ ਵੈਕਸੀਨ ਬਣਾ ਰਿਹਾ ਹੈ, ਜੋ ਸਿਰਫ ਇਸ ਦਾ ਮੁੱਲ ਤਾਰ ਸਕਣ ਵਾਲਿਆਂ ਲਈ ਹੀ ਹੋਵੇਗੀ।
ਇਸ ਵਾਇਰਸ ਨੇ ਦੁਨੀਆ ‘ਤੇ ਬਹੁਤ ਵੱਡਾ ਅਸਰ ਪਾਇਆ ਹੈ ਅਤੇ ਕਾਫੀ ਲਮੇ ਸਮੇਂ ਤੱਕ ਆਮ ਹਾਲਾਤ ਨਹੀਂ ਬਣ ਸਕਣਗੇ। ਕਿੰਨੇ ਹੀ ਕੰਮ ਪ੍ਰਭਾਵਿਤ ਹੋ ਰਹੇ ਹਨ। ਖਾਸ ਕਰ ਸੈਰ ਸਪਾਟੇ ‘ਤੇ ਨਿਰਭਰ ਬਿਜ਼ਨਸ ਅਤੇ ਦੇਸ਼ ਇਸ ਬਿਮਾਰੀ ਤੋਂ ਵੱਡਾ ਨੁਕਸਾਨ ਝੱਲ ਰਹੇ ਹਨ। ਹਵਾਈ ਯਾਤਰਾ ਮਹਿੰਗੀ ਹੋ ਗਈ ਹੈ ਅਤੇ ਥੋੜੇ ਹਵਾਈ ਜਹਾਜ਼ ਹਵਾ ਵਿਚ ਉੱਡ ਰਹੇ ਹਨ। ਬੱਸਾਂ ਗੱਡੀਆਂ ਵਿਚ ਵੀ ਭੀੜ ਨਹੀਂ ਬਣ ਰਹੀ। ਹੋਟਲ ਖਾਲੀ ਪਏ ਹਨ। ਰੈਸਟੋਰੈਂਟ ਓਨਟਾਰੀਓ ਵਿਚ ਖੋਲੇ ਜਾਣ ਦੇ ਬਾਵਜੂਦ ਵੀ ਤਕਰੀਬਨ ਖਾਲੀ ਪਏ ਹਨ। ਸਕੂਲ, ਕਾਲਜ, ਯੂਨੀਵਰਸਿਟੀਆਂ, ਵਿਦਿਆਰਥੀਆਂ ਨੂੰ ਜਮਾਤਾਂ ਵਿਚ ਇਕੱਠੇ ਕਰਨ ਤੋਂ ਝਿਜਕ ਰਹੀਆਂ ਹਨ। ਹਾਂ ਇੱਕ ਉਮੀਦ ਜ਼ਰੂਰ ਹੈ ਕਿ ਮਨੁੱਖ ਜਿਸ ਤਰਾਂ ਪਹਿਲਾਂ ਅਜਿਹੀਆਂ ਮੁਸੀਬਤਾਂ ਵਿਚੋਂ ਲੰਘ ਕੇ ਆਮ ਵਰਗੀ ਜ਼ਿੰਦਗੀ ਅੱਗੇ ਤੋਰਦਾ ਰਿਹਾ ਹੈ, ਇਸ ਵਾਰ ਵੀ ਇਹ ਤੱਤੀ ਵਾਅ ਲੰਘ ਜਾਵੇਗੀ ਅਤੇ ਰਹਿ ਗਏ ਲੋਕ ਇਸ ਨੂੰ ਕੁਝ ਸਾਲਾਂ ਬਾਅਦ ਭੁੱਲ ਭੁਲਾ ਜਾਣਗੇ।

Check Also

Huawei ਨੇ HUAWEI P40 Pro ਦੇ ਨਾਲ ”ਬੈਸਟ ਸਮਾਰਟਫੋਨ ਕੈਮਰਾ” ਤੇ HUAWEI WATCH GT 2 ਲਈ ”ਬੈਸਟ ਸਮਾਰਟਵਾਚ” ਦੇ ਦੋ EISA ਅਵਾਰਡ ਜਿੱਤੇ

ਮਾਰਖਮ, ਓਨਟੈਰੀਓ : Huawei Consumer Business Group (CBG) ਨੂੰ ਅੱਜ Expert Image and Sound Association …