Breaking News
Home / ਦੁਨੀਆ / ਨਰਿੰਦਰ ਮੋਦੀ ਨੇ ਨੇਪਾਲ ਦੌਰੇ ਨੂੰ ਦੱਸਿਆ ਇਤਿਹਾਸਕ

ਨਰਿੰਦਰ ਮੋਦੀ ਨੇ ਨੇਪਾਲ ਦੌਰੇ ਨੂੰ ਦੱਸਿਆ ਇਤਿਹਾਸਕ

ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਬਾਰੇ ਹੋਈਆਂ ਵਿਚਾਰਾਂ
ਕਾਠਮੰਡੂ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੌਰੇ ਦੌਰਾਨ ਸਾਬਕਾ ਪ੍ਰਧਾਨ ਮੰਤਰੀਆਂ ਪੁਸ਼ਪ ਕਮਲ ਦਹਿਲ ਪ੍ਰਚੰਡ ਅਤੇ ਸ਼ੇਰ ਬਹਾਦਰ ਦਿਓਬਾ ਤੇ ਵਿਰੋਧੀ ਧਿਰ ਦੇ ਆਗੂਆਂ ਨਾਲ ਬੈਠਕਾਂ ਕਰਕੇ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰਾਂ ਕੀਤੀਆਂ। ਉਨ੍ਹਾਂ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਅਤੇ ਉਪ ਰਾਸ਼ਟਰਪਤੀ ਨੰਦ ਬਹਾਦੁਰ ਪੁਨ ਨਾਲ ਮੁਲਾਕਾਤ ਕਰਕੇ ਆਪਸੀ ਹਿੱਤਾਂ ਦੇ ਮੁੱਦਿਆਂ ਬਾਰੇ ਵੀ ਗੱਲਬਾਤ ਕੀਤੀ। ਆਪਣੇ ਦੌਰੇ ਮੌਕੇ ਮੋਦੀ ਨੇ ਜਾਨਕੀ ਮੰਦਰ, ਮੁਕਤੀਨਾਥ ਅਤੇ ਪਸ਼ੂਪਤੀਨਾਥ ਮੰਦਰਾਂ ਵਿਚ ਪੂਜਾ ਕੀਤੀ। ਇਸ ਮਗਰੋਂ ਉਨ੍ਹਾਂ ਤ੍ਰਿਭੂਵਨ ਕੌਮਾਂਤਰੀ ਹਵਾਈ ਅੱਡੇ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਮੁਲਕ ਲਈ ਉਡਾਣ ਭਰੀ। ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਿਆਵਲੀ ਨੇ ਉਨ੍ਹਾਂ ਨੂੰ ਰੁਖ਼ਸਤ ਕੀਤਾ। ਨੇਪਾਲ ਵਿਚ ਨਵੀਂ ਸਰਕਾਰ ਬਣਨ ਮਗਰੋਂ ਮੋਦੀ ਦਾ ਇਹ ਪਹਿਲਾ ਉੱਚ ਪੱਧਰੀ ਦੌਰਾ ਸੀ। ਉਂਜ ਉਹ ਤੀਜੀ ਵਾਰ ਨੇਪਾਲ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੋ ਦਿਨੀਂ ਨੇਪਾਲ ਦੌਰੇ ਨੂੰ ‘ਇਤਿਹਾਸਕ’ ਕਰਾਰ ਦਿੱਤਾ। ਨੇਪਾਲੀ ਹਮਰੁਤਬਾ ਕੇ ਪੀ ਸ਼ਰਮਾ ਓਲੀ ਨਾਲ ਗੱਲਬਾਤ ਨੂੰ ਉਸਾਰੂ ਦੱਸਦਿਆਂ ਮੋਦੀ ਨੇ ਕਿਹਾ ਕਿ ਦੌਰੇ ਨਾਲ ਭਾਰਤ-ਨੇਪਾਲ ਸਬੰਧਾਂ ਨੂੰ ਨਵੀਂ ਤਾਕਤ ਮਿਲੀ ਹੈ। ਦੋਵੇਂ ਪ੍ਰਧਾਨ ਮੰਤਰੀਆਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਉਨ੍ਹਾਂ ਸਾਰੇ ਸਮਝੌਤਿਆਂ ਨੂੰ ਲਾਗੂ ਕਰਨ ਲਈ ਢੁੱਕਵੇਂ ਕਦਮ ਚੁੱਕਣ ‘ਤੇ ਸਹਿਮਤੀ ਜਤਾਈ। ਉਹ ਖੇਤੀਬਾੜੀ, ਰੇਲਵੇ ਨਾਲ ਜੁੜਨ ਅਤੇ ਜਲਮਾਰਗਾਂ ਦੇ ਵਿਕਾਸ ਵਿਚ ਦੁਵੱਲੀ ਪਹਿਲਕਦਮੀ ਲਈ ਵੀ ਰਾਜ਼ੀ ਹੋਏ। ਓਲੀ ਨੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਯਕੀਨ ਦਿਵਾਇਆ ਕਿ ਨੇਪਾਲ ਦੀ ਧਰਤੀ ਨੂੰ ਭਾਰਤ ਖ਼ਿਲਾਫ਼ ਵਰਤਣ ਨਹੀਂ ਦਿੱਤਾ ਜਾਵੇਗਾ।
ਪੁਰਾਣੀ ਕਰੰਸੀ ਦਾ ਮੁੱਦਾ ਸੁਲਝਾਉਣ ਲਈ ਭਾਰਤ ਤੇ ਨੇਪਾਲ ਯਤਨਸ਼ੀਲ
ਕਾਠਮੰਡੂ : ਭਾਰਤ ਅਤੇ ਨੇਪਾਲ ਦੇ ਕੌਮੀ ਬੈਂਕ ਨੋਟਬੰਦੀ ਕਾਰਨ ਜਮ੍ਹਾਂ ਹੋਏ ਪੁਰਾਣੇ ਭਾਰਤੀ ਕਰੰਸੀ ਨੋਟਾਂ ਨੂੰ ਬਦਲਾਉਣ ਸਬੰਧੀ ‘ਤਕਨੀਕੀ ਮੁੱਦਿਆਂ’ ਬਾਰੇ ਵਿਚਾਰ ਕਰ ਰਹੇ ਹਨ। ਇਹ ਗੱਲ ਵਿਦੇਸ਼ ਸਕੱਤਰ ਵਿਜੈ ਗੋਖ਼ਲੇ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਦੋਵਾਂ ਮੁਲਕਾਂ ਦੇ ਕੇਂਦਰੀ ਬੈਂਕ ਇਸ ਮੁੱਦੇ ਨੂੰ ਸੁਲਝਾਉਣ ਦੇ ਯੋਗ ਹਨ। ਗੋਖਲੇ ਨੇ ਕਿਹਾ, ”ਭਾਰਤੀ ਰਿਜ਼ਰਵ ਬੈਂਕ ਅਤੇ ਨੇਪਾਲ ਰਾਸ਼ਟਰ ਬੈਂਕ ਇਸ ‘ਤੇ ਗੱਲਬਾਤ ਕਰ ਰਹੇ ਹਨ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਬਹੁਤ ਹੀ ਗੁੰਝਲਦਾਰ ਮੁੱਦਾ ਹੈ ਅਤੇ ਨੋਟਬੰਦੀ ਨੂੰ ਲੰਮਾਂ ਸਮਾਂ ਲੰਘ ਚੁੱਕਾ ਹੈ। ਨੋਟਬੰਦੀ ਦਾ ਐਲਾਨ 2016 ਵਿੱਚ ਕੀਤਾ ਗਿਆ ਸੀ ਤੇ ਹੁਣ 2018 ਚੱਲ ਰਿਹਾ ਹੈ।
ਸੰਗਰੂਰ ਦੇ ਨੌਜਵਾਨ ਅੰਮ੍ਰਿਤ ਸਿੰਘ ਦਾ ਰੋਮਾਨੀਆ ‘ਚ ਹੋਇਆ ਕਤਲ
ਸੰਗਰੂਰ : ਸ਼ਹਿਰ ਦੇ 22 ਸਾਲਾ ਨੌਜਵਾਨ ਅੰਮ੍ਰਿਤ ਸਿੰਘ ਦਾ ਰੋਮਾਨੀਆ ਵਿੱਚ ਕਤਲ ਹੋ ਗਿਆ ਹੈ। ਉਹ ਕਰੀਬ ਡੇਢ ਸਾਲ ਪਹਿਲਾਂ ਪੜ੍ਹਾਈ ਲਈ ਰੋਮਾਨੀਆ ਗਿਆ ਸੀ। ਉਸ ਦੀ ਦੇਹ ਭਾਰਤ ਭੇਜਣ ਲਈ ਕਰੀਬ ਸੱਤ ਲੱਖ ਰੁਪਏ ਦਾ ਖ਼ਰਚਾ ਦੱਸਿਆ ਗਿਆ ਹੈ। ਪੀੜ੍ਹਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਮ੍ਰਿਤ ਸਿੰਘ ਦੀ ਮ੍ਰਿਤਕ ਦੇਹ ਲਿਆਉਣ ਵਾਸਤੇ ਪ੍ਰਧਾਨ ਮੰਤਰੀ ਰਿਲੀਫ਼ ਫੰਡ ਵਿਚੋਂ ਪੈਸਿਆਂ ਦਾ ਪ੍ਰਬੰਧ ਕੀਤਾ ਜਾਵੇ।
ਫਰੀਦ ਨਗਰ ਦੇ ਵਸਨੀਕ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਤਾਇਨਾਤ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਪੁੱਤਰ ਅੰਮ੍ਰਿਤ ਸਿੰਘ 23 ਜਨਵਰੀ 2017 ਨੂੰ ਮਾਰਕੀਟਿੰਗ ਦਾ ਕੋਰਸ ਕਰਨ ਲਈ ਰੋਮਾਨੀਆ ਗਿਆ ਸੀ ਜੋ ਕਿ ਬੁਖਾਰੈਸਟ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ ਸੀ। ਉਸ ਨੇ ਦੱਸਿਆ ਕਿ 6 ਮਈ ਨੂੰ ਸਵੇਰੇ ਉਸ ਦੇ ਵੱਡੇ ਪੁੱਤਰ ਮਨਜੀਤ ਦੇ ਫੇਸਬੁੱਕ ਅਕਾਊਂਟ ‘ਤੇ ਮੈਸੇਜ ਆਇਆ ਕਿ ਉਸ ਦਾ ਛੋਟਾ ਭਰਾ ਅੰਮ੍ਰਿਤ ਕਿਸੇ ਸੰਕਟ ਵਿੱਚ ਹੈ ਅਤੇ ਸ਼ਾਮ ਨੂੰ ਫੋਨ ਆਇਆ ਕਿ ਅੰਮ੍ਰਿਤ ਦੀ ਮੌਤ ਹੋ ਗਈ ਹੈ। ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਅੰਮ੍ਰਿਤ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗਿਆ ਹੈ ਅਤੇ ਉਸ ਦੇ ਸਿਰ ਦੇ ਪਿਛਲੇ ਹਿੱਸੇ ਵਿਚ ਜ਼ਖ਼ਮ ਹਨ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …