Breaking News
Home / ਖੇਡਾਂ / 20 ਮਈ ਨੂੰ ਲੱਗੇਗੀ ਮੈਰਾਥਨ ਦੌੜ ਤੇ ਵਾਕ

20 ਮਈ ਨੂੰ ਲੱਗੇਗੀ ਮੈਰਾਥਨ ਦੌੜ ਤੇ ਵਾਕ

ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਦੇ ਉਤਸ਼ਾਹੀ ਕਦਮ
ਪ੍ਰਿੰ. ਸਰਵਣ ਸਿੰਘ
ਕੈਨਡਾ ਦੀ ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਵੱਲੋਂ 20 ਮਈ ਐਤਵਾਰ ਨੂੰ ਟੋਰਾਂਟੋ ਖੇਤਰ ‘ਚ ਛੇਵੀਂ ਮੈਰਾਥਨ ਦੌੜ/ਵਾਕ ਲਗਵਾਈ ਜਾ ਰਹੀ ਹੈ। 2013 ਵਿਚ ਸ਼ੁਰੂ ਕੀਤੀ ਇਸ ਚੈਰਿਟੀ ਮੈਰਾਥਨ ਦੌੜ/ਵਾਕ ਦਾ ਉਦਘਾਟਨ ਮੈਰਾਥਨ ਦੇ ਮਹਾਂਰਥੀ ਬਾਬਾ ਫੌਜਾ ਸਿੰਘ ਨੇ ਕੀਤਾ ਸੀ। ਐਤਕੀਂ ਵੱਡੀ ਗਿਣਤੀ ਵਿਚ ਬੱਚੇ, ਜੁਆਨ, ਬਜ਼ੁਰਗ, ਔਰਤਾਂ ਤੇ ਮਰਦ ਇਸ ਵਿਚ ਭਾਗ ਲੈ ਰਹੇ ਹਨ। ਜਿਹੜੇ ਭਾਗ ਲੈਣ ਲਈ ਸਮੇਂ ਸਿਰ ਰਜਿਸਟਰ ਨਹੀਂ ਹੋ ਸਕੇ ਉਨ੍ਹਾਂ ਨੂੰ ਭਾਗ ਲੈਣ ਵਾਲਿਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਹਾਜ਼ਰ ਜ਼ਰੂਰ ਹੋਣਾ ਚਾਹੀਦਾ ਹੈ। ਹੋ ਸਕਦੈ ਉਹ ਵੀ ਮੈਰਾਥਨ ਦੌੜ/ਵਾਕ ਲਾਉਣ ਲਈ ਪ੍ਰੇਰੇ ਜਾਣ। ਫਿਰ ਉਹ ਵੀ ਅਕਤੂਬਰ ਤੇ ਭਵਿੱਖ ਵਿਚ ਹੋਣ ਵਾਲੀਆਂ ਮੈਰਾਥਨ ਦੌੜਾਂ/ਵਾਕਾਂ ਵਿਚ ਸਮੇਂ ਸਿਰ ਆਪਣਾ ਨਾਂ ਰਜਿਸਟਰ ਕਰਵਾ ਕੇ ਭਾਗ ਲੈ ਸਕਦੇ ਹਨ। ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਨ ਤੇ ਨਾਮਣਾ ਖੱਟ ਸਕਦੇ ਹਨ। ਨਾਲੇ ਪੁੰਨ ਨਾਲੇ ਫਲੀਆਂ ਵਾਲੀ ਗੱਲ ਕਰ ਸਕਦੇ ਹਨ। ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਵਾਤਾਵਾਰਣ ਦੀ ਨਿਰਮਲਤਾ, ਨਰੋਈ ਸਿਹਤ ਤੇ ਲੋੜਵੰਦ ਬੱਚਿਆਂ ਦੀ ਭਲਾਈ ਲਈ ਕੰਮ ਕਰਦੀ ਹੈ ਅਤੇ ਕੈਨੇਡਾ ਵਿਚ ਚੰਗਾ ਨਾਮਣਾ ਖੱਟ ਰਹੀ ਹੈ। ਧਰਮ, ਜਾਤ, ਨਸਲ ਤੇ ਇਲਾਕੇ ਦੇ ਭਿੰਨ ਭੇਦ ਬਿਨਾਂ ਗ਼ਰੀਬ ਬੱਚਿਆਂ ਨੂੰ ਗੋਦ ਲੈਂਦੀ ਹੈ ਅਤੇ ਉਨ੍ਹਾਂ ਦੀ ਪਾਲਣਾ ਪੋਸਣਾ ਤੇ ਪੜ੍ਹਾਈ ਲਿਖਾਈ ਵਿਚ ਮਦਦ ਕਰਦੀ ਹੈ। ਇਸ ਨਾਲ ਗ਼ੈਰ-ਸਿੱਖ ਲੋਕਾਂ ਵਿਚ ਸਿੱਖ ਬੱਚਿਆਂ ਦਾ ਚੰਗਾ ਬਿੰਬ ਬਣ ਰਿਹੈ। ਚਿਲਡਰਨਜ਼ ਫਾਊਂਡੇਸ਼ਨ ਦੇ ਇਹ ਹੋਣਹਾਰ ਬੱਚੇ ਤੇ ਨੌਜੁਆਨ ਸਮੁੱਚੇ ਸਿੱਖ ਭਾਈਚਾਰੇ ਦਾ ਬਿੰਬ ਸੁਆਰਨ ਵਿਚ ਲੱਗੇ ਹੋਏ ਹਨ। ਇਨ੍ਹਾਂ ਤੋਂ ਸਬਕ ਸਿੱਖਣ ਦੀ ਲੋੜ ਹੈ।
42.195 ਕਿਲੋਮੀਟਰ ਦੀ ਵਾਕ ਸਵੇਰੇ 4:30 ਵਜੇ ਗੁਰੂਘਰ ਗੁਰਸਿੱਖ ਸਭਾ ਸਕਾਰਬਰੋ ਤੋਂ ਸ਼ੁਰੂ ਹੋਵੇਗੀ। ਇਹ ਮਿਡਲਫੀਲਡ ਰੋਡ, ਫਿੰਚ ਐਵੇਨਿਊ, ਹੰਬਰਵੁੱਡ, ਮੌਰਨਿੰਗ ਸਟਾਰ, ਏਅਰਪੋਰਟ ਤੇ ਡੇਰੀ ਰੋਡ ਤੋਂ ਹੁੰਦੀ ਹੋਈ ਓਂਟਾਰੀਓ ਖਾਲਸਾ ਦਰਬਾਰ ਡਿਕਸੀ ਵਿਖੇ ਸਮਾਪਤ ਹੋਵੇਗੀ। 42.195 ਕਿਲੋਮੀਟਰ ਦੀ ਮੈਰਾਥਨ ਦੌੜ ਵੀ ਗੁਰੂਘਰ ਸਕਾਰਬਰੋ ਤੋਂ ਹੀ ਸਵੇਰੇ 6:00 ਵਜੇ ਸ਼ੁਰੂ ਹੋਵੇਗੀ। ਹਾਫ਼ ਮੈਰਾਥਨ ਦੌੜ ਗੁਰੂਘਰ ਰਾਮਗੜ੍ਹੀਆ ਸਿੱਖ ਸੁਸਾਇਟੀ ਰਿਵਾਲਡਾ ਰੋਡ ਤੋਂ 8:00 ‘ਤੇ ਸ਼ੁਰੂ ਕੀਤੀ ਜਾਵੇਗੀ। 12 ਕਿਲੋਮੀਟਰ ਦੀ ਵਾਕ/ਦੌੜ ਗੁਰੂਘਰ ਰੈਕਸਡੇਲ ਤੋਂ 8:45 ਵਜੇ, 5 ਕਿਲੋਮੀਟਰ ਵਾਕ/ਦੌੜ ਗੁਰੂਘਰ ਮਾਲਟਨ ਤੋਂ 9:30 ਵਜੇ ਅਤੇ ਛੇ ਸਾਲ ਤਕ ਦੀ ਉਮਰ ਦੇ ਬੱਚਿਆਂ ਲਈ 1 ਕਿਲੋਮੀਟਰ ਦੌੜ/ਵਾਕ 11.00 ਵਜੇ ਸ਼ੁਰੂ ਹੋਵੇਗੀ। ਸਾਰੀਆਂ ਦੌੜਾਂ/ਵਾਕਾਂ ਦਾ ਅੰਤ ਡਿਕਸੀ ਗੁਰੂਘਰ ਵਿਖੇ ਹੋਵੇਗਾ। ਮੈਰਾਥਨ ਦੌੜ ਚਾਰ ਚਾਰ ਜਣਿਆਂ ਦੇ ਗਰੁੱਪਾਂ ਵੱਲੋਂ ਵੀ ਰਿਲੇਅ ਦੌੜ ਵਾਂਗ ਦੌੜੀ ਜਾ ਸਕਦੀ ਹੈ ਯਾਨੀ ਹਰੇਕ ਦੌੜਾਕ ਦਸ ਕੁ ਕਿਲੋਮੀਟਰ ਦੌੜੇਗਾ। ਅਜਿਹਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਮੈਰਾਥਨ ਦੌੜ ਵਿਚ ਪ੍ਰਥਮ ਆਉਣ ਵਾਲੇ ਇਸਤ੍ਰੀ ਤੇ ਪੁਰਸ਼ ਦੌੜਾਕ ਨੂੰ ‘ਅਜਮੇਰ ਕੱਪ ਆਫ਼ ਇੰਸਪੀਰੇਸ਼ਨ’ ਭੇਟ ਕੀਤਾ ਜਾਵੇਗਾ। 17 ਸਾਲ ਤੋਂ ਘੱਟ ਉਮਰ ਵਰਗ, 18 ਤੋਂ 34 ਸਾਲ, 35 ਤੋਂ 49 ਸਾਲ, 50 ਤੋਂ 64 ਸਾਲ, 65 ਤੋਂ 79 ਸਾਲ ਅਤੇ 80 ਸਾਲ ਤੋਂ ਵਡੇਰੀ ਉਮਰ ਦੇ ਛੇ ਵਰਗ ਹੋਣਗੇ। ਹਰੇਕ ਵਰਗ ‘ਚੋਂ ਫਸਟ, ਸੈਕੰਡ, ਥਰਡ ਆਉਣ ਵਾਲੇ ਪੁਰਸ਼ਾਂ ਤੇ ਇਸਤ੍ਰੀਆਂ ਨੂੰ ਮੈਡਲਾਂ ਨਾਲ ਸਨਮਾਨਿਆ ਜਾਵੇਗਾ। ਇਹ ਸੁਨਹਿਰੀ ਮੌਕਾ ਹੈ ਜੋ ਸਿਹਤ ਪ੍ਰੇਮੀਆਂ ਤੇ ਖਿਡਾਰੀਆਂ ਨੂੰ ਗਵਾਉਣਾ ਨਹੀਂ ਚਾਹੀਦਾ।
21 ਮਈ 2017 ਨੂੰ ਲੱਗੀ ਸੀ ਪੰਜਵੀਂ ਮੈਰਾਥਨ ਦੌੜ ਤੇ ਵਾਕ : ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਵੱਲੋਂ 21 ਮਈ 2017 ਨੂੰ ਟੋਰਾਂਟੋ ਵਿਚ ਪੰਜਵੀਂ ਮੈਰਾਥਨ ਦੌੜ/ਵਾਕ ਲਗਵਾਈ ਗਈ ਸੀ। 106 ਸਾਲ ਦੀ ਉਮਰ ਦਾ ਮੈਰਾਥਨ ਦਾ ਮਹਾਂਰਥੀ ਬਾਬਾ ਫੌਜਾ ਸਿੰਘ ਦੌੜਾਕਾਂ ਨੂੰ ਹੱਲਾਸ਼ੇਰੀ ਦੇਣ ਇੰਗਲੈਂਡ ਤੋਂ ਟੋਰਾਂਟੋ ਆਇਆ ਸੀ। 2013 ਵਿਚ ਸ਼ੁਰੂ ਹੋਈ ਇਸ ਚੈਰਿਟੀ ਮੈਰਾਥਨ ਦੌੜ/ਵਾਕ ਵਿਚ ਦੋ ਕੁ ਸੌ ਦੌੜਾਕ ਤੇ ਵਾਕਰ ਸ਼ਾਮਲ ਹੋਏ ਸਨ। ਪੰਜਵੀਂ ਮੈਰਾਥਨ/ਵਾਕ ਵਿਚ 600 ਤੋਂ ਵੱਧ ਬੱਚੇ, ਜੁਆਨ, ਬਜ਼ੁਰਗ, ਔਰਤਾਂ ਤੇ ਮਰਦਾਂ ਨੇ ਭਾਗ ਲਿਆ। 42.2 ਕਿਲੋਮੀਟਰ ਦੀ ਵਾਕ ਸਵੇਰੇ 4:00 ਵਜੇ ਗੁਰੂਘਰ ਗੁਰਸਿੱਖ ਸਭਾ ਸਕਾਰਬਰੋ ਤੋਂ ਸ਼ੁਰੂ ਹੋਈ ਸੀ। ਇਹ ਮਿਡਲਫੀਲਡ ਰੋਡ, ਫਿੰਚ ਐਵੇਨਿਊ, ਹੰਬਰਵੁੱਡ, ਮੌਰਨਿੰਗ ਸਟਾਰ, ਏਅਰਪੋਰਟ ਰੋਡ ਤੇ ਡੇਰੀ ਰੋਡ ਤੋਂ ਹੁੰਦੀ ਹੋਈ ਓਂਟਾਰੀਓ ਖਾਲਸਾ ਦਰਬਾਰ ਡਿਕਸੀ ਵਿਖੇ ਸਮਾਪਤ ਹੋਈ। ਮੈਰਾਥਨ ਦੌੜ ਵੀ ਗੁਰੂਘਰ ਸਕਾਰਬਰੋ ਤੋਂ ਹੀ 5:30 ਵਜੇ ਸ਼ੁਰੂ ਹੋਈ ਸੀ। ਹਾਫ਼ ਮੈਰਾਥਨ ਦੌੜ ਗੁਰੂਘਰ ਰਾਮਗੜ੍ਹੀਆ ਸਿੱਖ ਸੁਸਾਇਟੀ ਤੋਂ 7:45 ‘ਤੇ ਸ਼ੁਰੂ ਕੀਤੀ ਗਈ। 12 ਕਿਲੋਮੀਟਰ ਦੀ ਵਾਕ/ਦੌੜ ਗੁਰੂਘਰ ਰੈਕਸਡੇਲ ਤੋਂ 8:30 ਵਜੇ, 5 ਕਿਲੋਮੀਟਰ ਦੀ ਵਾਕ/ਦੌੜ ਗੁਰੂਘਰ ਮਾਲਟਨ ਤੋਂ 9:30 ਵਜੇ ਅਤੇ ਛੇ ਸਾਲ ਤਕ ਦੇ ਬੱਚਿਆਂ ਲਈ 1 ਕਿਲੋਮੀਟਰ ਦੀ ਦੌੜ/ਵਾਕ ਡਿਕਸੀ ਗੁਰੂਘਰ ਦੁਆਲੇ 11.00 ਵਜੇ ਸ਼ੁਰੂ ਹੋਈ ਸੀ। ਸਾਰੀਆਂ ਦੌੜਾਂ/ਵਾਕਾਂ ਦਾ ਅੰਤ ਡਿਕਸੀ ਗੁਰੂਘਰ ਵਿਖੇ ਹੋਇਆ। ਯੂ. ਕੇ.ਦਾ ਮਨਜੀਤ ਸਿੰਘ 3 ਘੰਟੇ 43 ਮਿੰਟ 43 ਸੈਕੰਡ ਵਿਚ ਮੈਰਾਥਨ ਦੌੜ ਕੇ ਪ੍ਰਥਮ ਆਇਆ ਸੀ।
ਮੈਰਾਥਨ ਦੌੜ ਵਿਚ ਪ੍ਰਥਮ ਆਉਣ ਵਾਲੇ ਇਸਤ੍ਰੀ ਤੇ ਪੁਰਸ਼ ਦੌੜਾਕ ਨੂੰ ‘ਅਜਮੇਰ ਸਿੰਘ ਕੱਪ ਆਫ਼ ਇੰਸਪੀਰੇਸ਼ਨ’ ਭੇਟ ਕੀਤਾ ਗਿਆ। ਵਰਣਨਯੋਗ ਹੈ ਕਿ ਸਵਰਗੀ ਅਜਮੇਰ ਸਿੰਘ ਸਿੱਧੂ ਨੇ ਜਿਥੇ ਕੈਨੇਡਾ ਵਿਚ ਲੋਕ ਭਲਾਈ ਦੇ ਅਨੇਕਾਂ ਕਾਰਜ ਕੀਤੇ ਅਤੇ ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਦੀ ਨੀਂਹ ਰੱਖੀ ਉਥੇ ਆਪਣੇ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਦੀ ਕਾਇਆ ਕਲਪ ਵੀ ਕੀਤੀ। ਚਕਰ ਵਾਸੀਆਂ ਨੇ ਅਜਮੇਰ ਸਿੰਘ ਦੀ ਅਗਵਾਈ ਵਿਚ ਆਪਣੇ ਪਿੰਡ ਨੂੰ ਮਾਡਲ ਪਿੰਡ ਬਣਾਇਆ ਜਿਥੇ ਗੰਦੇ ਪਾਣੀ ਵਾਲੇ ਛੱਪੜਾਂ ਦੀ ਥਾਂ ਨਿਰਮਲ ਝੀਲਾਂ ਸਿਰਜੀਆਂ ਤੇ ਫੁੱਲਾਂ ਵਾਲੇ ਪਾਰਕ ਬਣਾਏ, ਨੌਂ ਮਾਡਰਨ ਸੱਥਾਂ ਬਣਾਈਆਂ, ਹਜ਼ਾਰਾਂ ਰੁੱਖ ਬੂਟੇ ਲਾਏ ਜਿਥੇ ਪੰਛੀਆਂ ਦੇ ਆਲ੍ਹਣੇ ਹਨ ਅਤੇ ਸੀਵਰੇਜ ਦਾ ਟ੍ਰੀਟ ਕੀਤਾ ਪਾਣੀ ਖੇਤਾਂ ਨੂੰ ਲੱਗ ਰਿਹੈ। ਪਿੰਡ ਚਕਰ ਤੇ ਉਥੋਂ ਦੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਹੋਰਨਾਂ ਪਿੰਡਾਂ ਲਈ ਚਾਨਣ ਮੁਨਾਰਾ ਹੈ। ਚਕਰ ਦੀਆਂ ਤਿੰਨ ਧੀਆਂ ਮੁੱਕੇਬਾਜ਼ੀ ਵਿਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੀਆਂ ਹਨ ਅਤੇ ਮਨਦੀਪ ਕੌਰ ਸੰਧੂ ਜੂਨੀਅਰ ਵਿਸ਼ਵ ਚੈਂਪੀਅਨ ਬਣ ਚੁੱਕੀ ਹੈ। ਸੁਖਦੀਪ ਸਿੰਘ ਚਕਰੀਆ ਪ੍ਰੋਫੈਸ਼ਨਲ ਬਾਕਸਰ ਬਣ ਕੇ ਦੇਸ਼ ਵਿਦੇਸ਼ ਮੁੱਕੇਬਾਜ਼ੀ ਦੇ ਜੌਹਰ ਵਿਖ ਰਿਹੈ।
ਬਾਬਾ ਫੌਜਾ ਸਿੰਘ 20 ਮਈ 2017 ਨੂੰ ਟੋਰਾਂਟੋ ਪਹੁੰਚ ਗਿਆ ਸੀ। ਉਸ ਨੇ ਫਿਨਿਸ਼ਿੰਗ ਲਾਈਨ ਕੋਲ ਖੜ੍ਹ ਕੇ ਦੌੜ ਪੂਰੀ ਕਰਨ ਵਾਲਿਆਂ ਨੂੰ ਵਧਾਈਆਂ ਦਿੱਤੀਆਂ। ਉਸ ਨਾਲ ਫੋਟੋ ਖਿਚਾਉਣ ਵਾਲਿਆਂ ਦੀ ਲੰਮੀ ਲਾਈਨ ਲੱਗੀ ਰਹੀ। ਮੈਂ ਬਾਬਾ ਫੌਜਾ ਸਿੰਘ ਨੂੰ 1999 ਤੋਂ ਮਿਲਦਾ ਆ ਰਿਹਾਂ ਜਦੋਂ ਉਸ ਨੇ ਪਹਿਲੀ ਵਾਰ ਲੰਡਨ ਦੀ ਮੈਰਾਥਨ ਵਿਚ ਭਾਗ ਲਿਆ ਸੀ। ਉਸ ਦਾ ਵੇਰਵੇ ਭਰਪੂਰ ਜੀਵਨਨੁਮਾ ਸ਼ਬਦ ਚਿੱਤਰ ਮੇਰੀ ਪੁਸਤਕ ‘ਪੰਜਾਬ ਦੇ ਕੋਹੇਨੂਰ’ ਵਿਚ ਸ਼ਾਮਲ ਹੈ। ਉਹ ਅਜੇ ਵੀ ਜੁਆਨਾਂ ਵਾਂਗ ਚੁਸਤ ਦਰੁਸਤ ਦਿਸਦਾ ਹੈ। ਪਹਿਰਾਵਾ ਵੀ ਜੱਚਵਾਂ ਪਾਉਂਦੈ। ਉਹ ਚਾਰਖਾਨੇ ਦੀਆਂ ਲਕੀਰਾਂ ਵਾਲੇ ਅਸਮਾਨੀ ਸੂਟ ਵਿਚ ਲਾੜੇ ਵਾਂਗ ਸਜਿਆ ਹੋਇਆ ਸੀ। ਬੂਟ, ਕੋਟ ਪੈਂਟ, ਟਾਈ ਤੇ ਪੱਗ ਦਾ ਇਕੋ ਰੰਗ ਸੀ। 106 ਸਾਲ ਤੋਂ ਟੱਪਿਆ ਉਹ ਬਜ਼ੁਰਗ ਕੁਦਰਤ ਦਾ ਕ੍ਰਿਸ਼ਮਾ ਹੈ ਤੇ ਬੰਦੇ ਦੇ ਬੁਲੰਦ ਜੇਰੇ ਦੀ ਜਿਊਂਦੀ ਜਾਗਦੀ ਮਿਸਾਲ ਹੈ।
ਮੈਂ ਪੁੱਛਿਆ ਸੀ, ”ਬਾਬਾ ਜੀ, ਤੁਸੀਂ ਦੁਨੀਆ ਦੇਖੀ ਹੈ, ਸਭ ਤੋਂ ਚੰਗੀ ਥਾਂ ਕਿਹੜੀ ਹੈ।”
ਬਾਬੇ ਨੇ ਮੁਸਕਰਾਉਂਦਿਆਂ ਕਿਹਾ ਸੀ, ”ਜਿਥੇ ਤੁਸੀਂ ਵਸਦੇ ਓ, ਓਹੀ ਥਾਂ ਸਭ ਤੋਂ ਚੰਗੀ ਐ। ਗੁਰਦਾਸ ਮਾਨ ਦਾ ਗਾਣਾ ‘ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨੀ ਮੰਗੀਦਾ’ ਮੇਰਾ ਮਨਭਾਉਂਦਾ ਗੀਤ ਐ। ਵੈਸੇ ਬੱਚੇ ਨੂੰ ਉਹ ਥਾਂ ਚੰਗੀ ਲੱਗਦੀ ਐ ਜਿਥੇ ਉਹਦੇ ਮਾਪੇ ਹੋਣ, ਬਾਲਗ ਨੂੰ ਉਹ ਥਾਂ ਚੰਗੀ ਜਿਥੇ ਉਹਨੂੰ ਰੁਜ਼ਗਾਰ ਮਿਲੇ ਤੇ ਪ੍ਰੇਮੀ ਨੂੰ ਉਹ ਥਾਂ ਪਿਆਰੀ ਜਿਥੇ ਉਹਦਾ ਪਿਆਰਾ ਹੋਵੇ।”
ਜਾਂਦੇ ਜਾਂਦੇ ਮੈਂ ਪੁੱਛਿਆ ਸੀ, ”ਹੋਰ ਕਿੰਨੀ ਕੁ ਉਮਰ ਜਿਊਣ ਦਾ ਇਰਾਦੈ?” ਬਾਬਾ ਖੁੱਲ੍ਹ ਕੇ ਹੱਸਿਆ ਸੀ, ”ਦਿਲ ਹੋਣਾ ਚਾਹੀਦੈ ਜੁਆਨ ਉਮਰਾਂ ‘ਚ ਕੀ ਰੱਖਿਐ?” ਬਾਬਾ ਫੌਜਾ ਸਿੰਘ ਦਿਲੋਂ ਅਜੇ ਵੀ ਜੁਆਨ ਹੈ ਅਤੇ ਬਜ਼ੁਰਗਾਂ ਦਾ ਰੋਲ ਮਾਡਲ ਹੈ।

Check Also

ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ ਨੇ ਅੰਤਰ-ਰਾਸ਼ਟਰੀ ਈਵੈਂਟ ‘124ਵੀਂ ਬੋਸਟਨ ਮੈਰਾਥਨ’ ਲਈ ਕੀਤਾ ਕੁਆਲੀਫ਼ਾਈ

ਬਰੈਂਪਟਨ/ਡਾ. ਝੰਡ : ਟੀ.ਪੀ.ਏ.ਆਰ. ਕਲੱਬ ਦੇ ਚੇਅਰ ਪਰਸਨ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਸੂਚਨਾ ਅਨੁਸਾਰ …