ਮਜੀਠੀਆ ਦੀ ਪਟੀਸ਼ਨ ’ਤੇ ਸੁਣਵਾਈ 8 ਜੁਲਾਈ ਤੱਕ ਕੀਤੀ ਗਈ ਮੁਲਤਵੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਵੀ ਕੋਈ ਰਾਹਤ ਨਹੀਂ ਦਿੱਤੀ ਹੈ ਤੇ ਮਾਮਲੇ ਦੀ ਸੁਣਵਾਈ ਹੁਣ 8 ਜੁਲਾਈ ਦਿਨ ਮੰਗਲਵਾਰ ਨੂੰ ਹੋਵੇਗੀ। ਧਿਆਨ ਰਹੇ ਕਿ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਮਜੀਠੀਆ ਵਲੋਂ ਦਾਇਰ ਪਟੀਸ਼ਨ ’ਤੇ ਅੱਜ ਹਾਈਕੋਰਟ ਵਿਚ ਦੁਬਾਰਾ ਸੁਣਵਾਈ ਹੋਈ। ਮਜੀਠੀਆ ਨੇ ਵਿਜੀਲੈਂਸ ਵੱਲੋਂ ਦਰਜ ਕੇਸ ਨੂੰ ਉਸਦੀ ਦਿੱਖ ਖਰਾਬ ਕਰਨ ਅਤੇ ਤੰਗ ਪ੍ਰੇਸ਼ਾਨ ਕਰਨ ਲਈ ‘ਸਿਆਸੀ ਸਾਜ਼ਿਸ਼ ਤੇ ਬਦਲਾਖੋਰੀ’ ਦਾ ਨਤੀਜਾ ਦੱਸਿਆ ਹੈ। ਇਸੇ ਦੌਰਾਨ ਵਿਜੀਲੈਂਸ ਦਾ ਕਹਿਣਾ ਸੀ ਕਿ ਮਜੀਠੀਆ ਨੂੰ ਮਾਮਲੇ ਦੀ ਜਾਂਚ ਲਈ ਯੂਪੀ ਦੇ ਗੋਰਖਪੁਰ ਵੀ ਜਾਣਾ ਪਵੇਗਾ। ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਪਿਛਲੇ ਦਿਨੀਂ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਸੀ।
ਬਿਕਰਮ ਮਜੀਠੀਆ ਨੂੰ ਚੰਡੀਗੜ੍ਹ ਅਦਾਲਤ ਨੇ ਭੇਜਿਆ ਨੋਟਿਸ
ਮੁੱਖ ਮੰਤਰੀ ਮਾਨ ਦੇ ਪਰਸਨਲ ਸੈਕਟਰੀ ’ਤੇ ਲਗਾਏ ਸਨ ਆਰੋਪ
ਚੰਡੀਗੜ੍ਹ/ਬਿਊਰੋ ਨਿਊਜ਼
ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਮਜੀਠੀਆ ਨੂੰ ਹੁਣ ਚੰਡੀਗੜ੍ਹ ਅਦਾਲਤ ਤੋਂ ਵੀ ਨੋਟਿਸ ਜਾਰੀ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਜੀਠੀਆ ਨੂੰ ਇਹ ਨੋਟਿਸ ਮਾਣਹਾਨੀ ਦੇ ਮਾਮਲੇ ਵਿਚ ਭੇਜਿਆ ਗਿਆ ਹੈ। ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਸਨਲ ਸੈਕਟਰੀ ਰਾਜਬੀਰ ਸਿੰਘ ’ਤੇ ਭਿ੍ਰਸ਼ਟਾਚਾਰ ਦੇ ਝੂਠੇ ਦੋਸ਼ ਲਗਾਉਣ ’ਤੇ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਸੀਐਮ ਦੇ ਪਰਸਨਲ ਸੈਕਟਰੀ ਨੇ ਮਜੀਠੀਆ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।