Breaking News
Home / ਪੰਜਾਬ / ਭਗਵੰਤ ਮਾਨ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਅਤੇ ਪੁਲਿਸ ਵਿਚਾਲੇ ਹੋਈ ਧੱਕਾ-ਮੁੱਕੀ

ਭਗਵੰਤ ਮਾਨ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਅਤੇ ਪੁਲਿਸ ਵਿਚਾਲੇ ਹੋਈ ਧੱਕਾ-ਮੁੱਕੀ

ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਬੁੱਧਵਾਰ ਨੂੰ ਜੰਮ ਕੇ ਧੱਕਾ-ਮੁੱਕੀ ਹੋਈ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਹਲਕਾ ਲਾਠੀਚਾਰਜ ਵੀ ਕੀਤਾ ਗਿਆ। ਇਸ ਦੌਰਾਨ ਚਾਰ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ, ਕਈਆਂ ਦੀਆਂ ਦਸਤਾਰਾਂ ਲੱਥ ਗਈਆਂ ਤੇ ਕੱਪੜੇ ਫਟ ਗਏ। ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕ ਮਾਸਟਰ ਕੇਡਰ ਦੀਆਂ 4161 ਅਸਾਮੀਆਂ ਵਿੱਚ ਵਾਧਾ ਕਰਨ ਅਤੇ ਜਲਦ ਲਿਖਤੀ ਪ੍ਰੀਖਿਆ ਕਰਾਉਣ ਦੀ ਮੰਗ ਕਰ ਰਹੇ ਸਨ। ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਮਿਲਕ ਪਲਾਂਟ ਨੇੜੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਤੇ ਇਥੋਂ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਅੱਗੇ ਪਹੁੰਚੇ। ਇਥੇ ਪਹਿਲਾਂ ਹੀ ਪੁਲਿਸ ਨੇ ਬੈਰੀਕੇਡਿੰਗ ਕਰਕੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਤਾਇਨਾਤ ਕੀਤੇ ਹੋਏ ਸਨ। ਜਿਵੇਂ ਹੀ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਹਟਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ। ਪੁਲਿਸ ਨਾਲ ਹੋਈ ਧੱਕਾ-ਮੁੱਕੀ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਤਿੰਨ ਵਾਰ ਬੈਰੀਕੇਡ ਟੱਪਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਬੇਰੁਜ਼ਗਾਰ ਅਧਿਆਪਕਾਂ ਦੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਆਰੋਪ ਲਾਇਆ ਕਿ ਜਦੋਂ ਪ੍ਰਦਰਸ਼ਨਕਾਰੀ ਕੋਠੀ ਦਾ ਘਿਰਾਓ ਕਰਨ ਲਈ ਅੱਗੇ ਵਧੇ ਤਾਂ ਪੁਲਿਸ ਵੱਲੋਂ ਉਨ੍ਹਾਂ ‘ਤੇ ਲਾਠੀਚਾਰਜ ਕੀਤਾ ਗਿਆ, ਜਿਸ ਕਾਰਨ ਦੋ ਪ੍ਰਦਰਸ਼ਨਕਾਰੀ ਜ਼ਮੀਨ ‘ਤੇ ਡਿੱਗ ਪਏ, ਕਈਆਂ ਦੀਆਂ ਪੱਗਾਂ ਲੱਥ ਗਈਆਂ ਅਤੇ ਕੱਪੜੇ ਵੀ ਫ਼ਟ ਗਏ। ਉਨ੍ਹਾਂ ਆਰੋਪ ਲਾਇਆ ਕਿ ਬੈਰੀਕੇਡ ਉਪਰ ਚੜ੍ਹੇ ਬੇਰੁਜ਼ਗਾਰਾਂ ਦੇ ਲਾਠੀਆਂ ਦੀਆਂ ਹੁੱਜਾਂ ਮਾਰੀਆਂ ਗਈਆਂ। ਸੂਬਾ ਪ੍ਰਧਾਨ ਨੇ ਦੱਸਿਆ ਕਿ ਰਛਪਾਲ ਜਲਾਲਾਬਾਦ, ਗਗਨਦੀਪ ਕੌਰ, ਸੰਦੀਪ ਸਿੰਘ ਗਿੱਲ ਸਣੇ ਕਈ ਪ੍ਰਦਰਸ਼ਨਕਾਰੀਆਂ ਦੇ ਸੱਟਾਂ ਵੱਜੀਆਂ ਹਨ, ਜਿਨ੍ਹਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਧਿਆਪਕ ਪੰਜਾਬ ਸਰਕਾਰ ਵੱਲੋਂ ਮਾਸਟਰ ਕੇਡਰ ਦੀਆਂ ਕੱਢੀਆਂ 4161 ਅਸਾਮੀਆਂ ਵਿੱਚ ਵਾਧਾ ਕਰਨ ਅਤੇ ਇਸ ਸਬੰਧੀ ਛੇਤੀ ਹੀ ਲਿਖਤੀ ਪ੍ਰੀਖਿਆ ਲੈਣ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …