Breaking News
Home / ਕੈਨੇਡਾ / Front / ਪੰਜਾਬ ਦੀ ਮਾਲੀ ਹਾਲਤ ਸਭ ਤੋਂ ਮਾੜੀ – ਵਿੱਤੀ ਇੰਡੈਕਸ ’ਚ ਹੋਇਆ ਖੁਲਾਸਾ

ਪੰਜਾਬ ਦੀ ਮਾਲੀ ਹਾਲਤ ਸਭ ਤੋਂ ਮਾੜੀ – ਵਿੱਤੀ ਇੰਡੈਕਸ ’ਚ ਹੋਇਆ ਖੁਲਾਸਾ

ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਸਰਕਾਰ ’ਤੇ ਚੁੱਕੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਭਰ ਵਿੱਚ ਵਿੱਤੀ ਤੌਰ ’ਤੇ ਮਜ਼ਬੂਤ ਮੰਨੇ ਜਾਂਦੇ ਪੰਜਾਬ ਸੂਬੇ ਦੀ ਹਾਲਤ ਲਗਾਤਾਰ ਨਿੱਘਰਦੀ ਜਾ ਰਹੀ ਹੈ। ਨੀਤੀ ਆਯੋਗ ਵੱਲੋਂ ਜਾਰੀ ਕੌਮੀ ਵਿੱਤ ਸਿਹਤ ਇੰਡੈਕਸ 2022-23 ਦੀ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ। ਨੀਤੀ ਆਯੋਗ ਵੱਲੋਂ ਦੇਸ਼ ਦੇ 18 ਰਾਜਾਂ ਬਾਰੇ ਜਾਰੀ ਰਿਪੋਰਟ ਵਿੱਚ ਪੰਜਾਬ 10.7 ਅੰਕਾਂ ਨਾਲ ਇਸ ਸੂਚੀ ਵਿਚ ਸਭ ਤੋਂ ਅਖੀਰ ਵਿੱਚ ਹੈ। ਇਸ ਦਰਜਾਬੰਦੀ ਵਿਚ ਉੜੀਸਾ ਨੂੰ ਵਿੱਤੀ ਤੌਰ ’ਤੇ ਦੇਸ਼ ਵਿੱਚ ਸਭ ਤੋਂ ਮਜ਼ਬੂਤ ਸੂਬਾ ਮੰਨਿਆ ਗਿਆ ਹੈ, ਜੋ 67.8 ਅੰਕਾਂ ਨਾਲ ਅੱਵਲ ਨੰਬਰ ’ਤੇ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨੀਤੀ ਆਯੋਗ ਦੀ ਰਿਪੋਰਟ ਨੇ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਬੇਨਕਾਬ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਮਾੜੀ ਕਾਰਗੁਜ਼ਾਰੀ ਦੇ ਬੇਨਕਾਬ ਹੋਣ ਮਗਰੋਂ ਅਹੁਦਿਆਂ ਤੋਂ ਅਸਤੀਫੇ ਦੇਣ। ਉਧਰ ਦੂਜੇ ਪਾਸੇ  ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਰਿਪੋਰਟ 2014-15 ਤੋਂ 2022-23 ਤੱਕ ਦੇ ਅੰਕੜਿਆਂ ਦਾ ਮੁਲਾਂਕਣ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਸਾਲ 2014 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਅਤੇ 2017 ਤੋਂ 2022 ਤੱਕ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਨੂੰ ਉਜਾਗਰ ਕਰਦੀ ਹੈ।

Check Also

ਭਾਜਪਾ ਸਾਂਸਦ ਪ੍ਰਵੇਸ਼ ਵਰਮਾ ਖਿਲਾਫ਼ ਪੰਜਾਬ ’ਚ ਮਾਨਹਾਨੀ ਦਾ ਮਾਮਲਾ ਦਰਜ

ਵਰਮਾ ਨੇ ਪੰਜਾਬੀਆਂ ਖਿਲਾਫ਼ ਕੀਤੀ ਸੀ ਵਿਵਾਦਤ ਟਿੱਪਣੀ ਬਠਿੰਡਾ/ਬਿਊਰੋ ਨਿਊਜ਼ : ਨਵੀਂ ਦਿੱਲੀ ਵਿਧਾਨ ਸਭਾ …