ਹਰ ਰੋਜ਼ ਹੁੰਦੇ ਹਨ 17 ਸੜਕ ਹਾਦਸੇ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੀਆਂ ਸੜਕਾਂ ‘ਤੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਤੇ ਧੁੰਦ ਦੀ ਸ਼ੁਰੂਆਤ ਨਾਲ ਹੀ ਸੜਕ ਹਾਦਸਿਆਂ ਵਿੱਚ ਇਕਦਮ ਵਾਧਾ ਹੋ ਜਾਂਦਾ ਹੈ। ਲੰਘੇ ਤਿੰਨ ਵਰ੍ਹਿਆਂ ਦੀ ਔਸਤ ਦੇਖੀਏ ਤਾਂ ਪੰਜਾਬ ਦੀਆਂ ਸੜਕਾਂ ‘ਤੇ ਰੋਜ਼ਾਨਾ 13 ਮਨੁੱਖੀ ਜਾਨਾਂ ਜਾਂਦੀਆਂ ਹਨ ਤੇ ਰੋਜ਼ਾਨਾ 17 ਸੜਕ ਹਾਦਸੇ ਵਾਪਰਦੇ ਹਨ। ਇਨ੍ਹਾਂ ਵਿਚੋਂ ਕੌਮੀ ਮਾਰਗਾਂ ‘ਤੇ ਰੋਜ਼ਾਨਾ ਚਾਰ ਜਣੇ ਹਾਦਸਿਆਂ ਵਿੱਚ ਜਾਨ ਗੁਆ ਬੈਠਦੇ ਹਨ। ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਕਈ ਅਧਿਆਪਕਾਂ ਦੀ ਮੌਤ ਹੋ ਗਈ, ਜਿਸ ਤੋਂ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ। ਪੰਜਾਬ ਸਰਕਾਰ ਸੜਕ ਸੁਰੱਖਿਆ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੀ। ਕੇਂਦਰੀ ਸੜਕ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਲੰਘੇ ਤਿੰਨ ਵਰ੍ਹਿਆਂ ਵਿੱਚ 14,102 ਵਿਅਕਤੀ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਬੈਠੇ। ਸਾਲ 2015 ਵਿੱਚ ਪੰਜਾਬ ਵਿਚ 6702 ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ 4893 ਜਾਨਾਂ ਗਈਆਂ। ਸਾਲ 2014 ਵਿੱਚ 6391 ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ 4621 ਲੋਕਾਂ ਦੀ ਮੌਤ ਹੋਈ। ਸਾਲ 2013 ਵਿੱਚ 6323 ਸੜਕ ਹਾਦਸੇ ਵਾਪਰੇ ਤੇ 4588 ਮੌਤਾਂ ਹੋਈਆਂ। 2016 ਦੌਰਾਨ ਵੀ ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਚਾਰ ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ।ਸੂਤਰ ਆਖਦੇ ਹਨ ਕਿ ਜਿਹੜੇ ਛੋਟੇ ਹਾਦਸੇ ਹੁੰਦੇ ਹਨ, ਉਹ ਤਾਂ ਸਰਕਾਰੀ ਰਿਕਾਰਡ ਤੋਂ ਵੀ ਬਾਹਰ ਰਹਿ ਜਾਂਦੇ ਹਨ। ਕੌਮੀ ਮਾਰਗਾਂ ‘ਤੇ ਹੁੰਦੇ ਸੜਕ ਹਾਦਸਿਆਂ ‘ਤੇ ਨਜ਼ਰ ਮਾਰੀਏ ਤਾਂ ਸਾਲ 2015 ਵਿੱਚ 2092 ਹਾਦਸੇ ਵਾਪਰੇ ਜਿਨ੍ਹਾਂ ਨੇ 1538 ਮਨੁੱਖੀ ਜਾਨਾਂ ਲਈਆਂ ਅਤੇ 1339 ਜਣੇ ਜ਼ਖ਼ਮੀ ਹੋਏ। ਸਾਲ 2014 ਵਿੱਚ ਕੌਮੀ ਮਾਰਗਾਂ ‘ਤੇ 1791 ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿੱਚ 1482 ਲੋਕਾਂ ਦੀਆਂ ਜਾਨਾਂ ਗਈਆਂ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …