5.2 C
Toronto
Wednesday, November 12, 2025
spot_img
Homeਪੰਜਾਬਕਾਂਗਰਸ ਪਾਰਟੀ 'ਚ ਸਨਮਾਨ ਨਾ ਮਿਲਣ ਕਰਕੇ ਪੰਜਾਬ ਦੇ ਵਰਕਰ ਖਫਾ

ਕਾਂਗਰਸ ਪਾਰਟੀ ‘ਚ ਸਨਮਾਨ ਨਾ ਮਿਲਣ ਕਰਕੇ ਪੰਜਾਬ ਦੇ ਵਰਕਰ ਖਫਾ

ਅਣਦੇਖੀ ਦਾ ਸ਼ਿਕਾਰ ਕਾਂਗਰਸੀਆਂ ਨੇ ਹਰੀਸ਼ ਰਾਵਤ ਕੋਲ ਰੋਏ ਦੁੱਖੜੇ
ਜਲੰਧਰ : ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਦਾ ਕੋਈ ਸਨਮਾਨ ਨਹੀਂ ਹੁੰਦਾ ਤੇ ਪਿਛਲੇ ਚਾਰ ਸਾਲਾਂ ਤੋਂ ਸੀਨੀਅਰ ਆਗੂ ਉਨ੍ਹਾਂ ਦੀ ਬਾਤ ਨਹੀਂ ਪੁੱਛ ਰਹੇ। ਜਲੰਧਰ ਵਿਚ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਹਰੀਸ਼ ਰਾਵਤ ਨੂੰ ਵਰਕਰਾਂ ਨੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਹੀ ਖ਼ਰੀਆਂ-ਖ਼ਰੀਆਂ ਸੁਣਾਈਆਂ। ਹਰੀਸ਼ ਰਾਵਤ ਨਾਲ ਹੀ ਬੈਠੇ ਚੌਧਰੀ ਸੰਤੋਖ ਸਿੰਘ ਵੱਲ ਇਸ਼ਾਰਾ ਕਰਦਿਆਂ ਪਾਰਟੀ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਇਸ ਮੀਟਿੰਗ ਬਾਰੇ ਵੀ ਦੱਸਿਆ ਤੱਕ ਨਹੀਂ ਸੀ ਗਿਆ। ਉਨ੍ਹਾਂ ਨੂੰ ਇੱਧਰੋਂ-ਉੱਧਰੋਂ ਇਸ ਦੀ ਖ਼ਬਰ ਮਿਲੀ ਤਾਂ ਉਹ ਇੱਥੇ ਪਹੁੰਚੇ ਹਨ।
ਪਾਰਟੀ ਵਰਕਰਾਂ ਦਾ ਕਹਿਣਾ ਸੀ ਕਿ ਉਹ ਤਿੰਨ ਘੰਟਿਆਂ ਤੋਂ ਉਨ੍ਹਾਂ ਦੀ ਉਡੀਕ ਵਿਚ ਬੈਠੇ ਸਨ। ਸ਼ਿਕਾਇਤ ਕਰਨ ਵਾਲੇ ਪਾਰਟੀ ਵਰਕਰਾਂ ਨੇ ਕਿਹਾ ਕਿ ਜਦੋਂ ਪਾਰਟੀ ਸੱਤਾ ਵਿੱਚ ਆ ਜਾਂਦੀ ਹੈ ਤਾਂ ਫਿਰ ਸੀਨੀਅਰ ਆਗੂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣਦੇ।
ਇਸ ਦੌਰਾਨ ਹਰੀਸ਼ ਰਾਵਤ ਨੇ ਸਪੱਸ਼ਟ ਕੀਤਾ ਕਿ ਉਹ ਪਾਰਟੀ ਵਿਚ ਅਹੁਦੇਦਾਰਾਂ ਨਾਲੋਂ ਵਰਕਰਾਂ ਨੂੰ ਵੱਧ ਤਰਜੀਹ ਦਿੰਦੇ ਹਨ। ਉਨ੍ਹਾਂ ਮੰਨਿਆ ਕਿ ਪੰਜਾਬ ਵਿੱਚ ਪਾਰਟੀ ਦੇ ਸੱਤਾ ਵਿਚ ਹੋਣ ਕਾਰਨ ਲਾਪ੍ਰਵਾਹੀਆਂ ਹੋਈਆਂ ਹਨ ਜਿਸ ਨਾਲ ਵਰਕਰਾਂ ਵਿੱਚ ਨਿਰਾਸ਼ਾ ਆਈ ਹੈ। ਰਾਵਤ ਨੇ ਬਿਹਾਰ ਚੋਣਾਂ ਦੇ ਨਤੀਜਿਆਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਚੋਣਾਂ ਦੇ ਵੱਖਰੇ ਮੁੱਦੇ ਹੋਣਗੇ। ਕਿਸਾਨਾਂ, ਗ਼ਰੀਬਾਂ ਅਤੇ ਮਜ਼ਦੂਰਾਂ ਵਿਰੁੱਧ ਕੇਂਦਰ ਸਰਕਾਰ ਵੱਲੋਂ ਲਏ ਜਾ ਰਹੇ ਫ਼ੈਸਲੇ ਕਾਂਗਰਸ ਦੇ ਚੋਣ ਮੁੱਦੇ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਇੱਕ ਵਾਰ ਫਿਰ ਸੱਤਾ ਸੌਂਪਣਗੇ ਕਿਉਂਕਿ ਇੱਥੇ ਰਾਜਨੀਤਕ ਸਥਿਰਤਾ ਹੈ। ਇਸ ਤੋਂ ਪਹਿਲਾਂ ਨਕੋਦਰ ਵਿਧਾਨ ਸਭਾ ਹਲਕੇ ਵਿੱਚ ਟਰੈਕਟਰ ਰੈਲੀ ਕੱਢੀ ਗਈ। ਟਰੈਕਟਰ ਰੈਲੀ ਦੌਰਾਨ ਜਗਬੀਰ ਬਰਾੜ ਟਰੈਕਟਰ ਚਲਾ ਰਹੇ ਸਨ।
ਪਾਰਟੀ ਵਰਕਰਾਂ ਦੀ ਗੱਲ ਜ਼ਿਆਦਾ ਸੁਣੀ ਜਾਵੇ: ਹੈਨਰੀ
ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਨੇ ਹਰੀਸ਼ ਰਾਵਤ ਦੀ ਹਾਜ਼ਰੀ ਵਿਚ ਕਿਹਾ ਕਿ ਪਾਰਟੀ ਵਰਕਰਾਂ ਦੀ ਗੱਲ ਜ਼ਿਆਦਾ ਸੁਣੀ ਜਾਵੇ। ਜਿਹੜੇ ਲੋਕ ਦੂਜੀਆਂ ਪਾਰਟੀਆਂ ਵਿਚੋਂ ਆਉਂਦੇ ਹਨ, ਉਨ੍ਹਾਂ ਦੀ ਵੁੱਕਤ ਜ਼ਿਆਦਾ ਪੈ ਜਾਂਦੀ ਹੈ ਤੇ ਕਈ ਅਜਿਹੇ ਆਗੂ ਹਨ ਜਿਨ੍ਹਾਂ ਦਾ ਪਾਰਟੀ ਵਰਕਰਾਂ ਵਿੱਚ ਕੋਈ ਜਨ ਆਧਾਰ ਨਹੀਂ ਹੁੰਦਾ, ਪਰ ਉਹ ਦਿੱਲੀਓਂ ਟਿਕਟ ਲੈ ਆਉਂਦੇ ਹਨ। ਉਨ੍ਹਾਂ ਰਾਵਤ ਨੂੰ ਕਿਹਾ ਕਿ ਅਜਿਹੇ ਆਗੂਆਂ ਤੋਂ ਦਿੱਲੀ ਵਿੱਚ ਗੁਲਦਸਤੇ ਫੜਨੇ ਬੰਦ ਕੀਤੇ ਜਾਣ।

RELATED ARTICLES
POPULAR POSTS