Breaking News
Home / ਪੰਜਾਬ / ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀ ਗੱਡੀ ‘ਚੋਂ ਲਾਹਿਆ

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀ ਗੱਡੀ ‘ਚੋਂ ਲਾਹਿਆ

ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਇੰਚਾਰਜ ਨੇ ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਬੁੱਧਵਾਰ ਸਵੇਰੇ ਪਿੰਡ ਮੋਹਲਾਂ ਵਿਚ ਉਨ੍ਹਾਂ ਦੇ ਕਾਫਲੇ ਵਾਲੀ ਗੱਡੀ ਵਿਚੋਂ ਇਹ ਕਹਿੰਦਿਆਂ ਉਤਾਰ ਦਿੱਤਾ ਕਿ ਇਹ ਸਰਕਾਰੀ ਗੱਡੀ ਹੈ। ਹਾਲਾਂਕਿ ਇਸ ਗੱਲ ਨੂੰ ਲੈ ਕੇ ਖੇਡ ਮੰਤਰੀ ਅਤੇ ਸੁਰੱਖਿਆ ਇੰਚਾਰਜ ਵਿਚ ਬਹਿਸ ਵੀ ਹੋਈ, ਜਿਸ ਵਿਚ ਵਿਧਾਇਕ ਰਾਜਾ ਵੜਿੰਗ ਵੀ ਖੇਡ ਮੰਤਰੀ ਦੀ ਹਮਾਇਤ ‘ਤੇ ਆਏ ਪਰ ਸੁਰੱਖਿਆ ਇੰਚਾਰਜ ਨੇ ਕਿਸੇ ਦੀ ਨਹੀਂ ਸੁਣੀ। ਜਿਸ ਵੇਲੇ ਇਹ ਗੱਲ ਹੋ ਰਹੀ ਸੀ ਉਦੋਂ ਮੁੱਖ ਮੰਤਰੀ ਉਸ ਤੋਂ ਪਿਛਲੀ ਗੱਡੀ ਵਿਚ ਹੀ ਬੈਠੇ ਹੋਏ ਸਨ, ਪਰ ਉਨ੍ਹਾਂ ਇਸ ਸਬੰਧ ਵਿਚ ਕੁਝ ਨਹੀਂ ਕਿਹਾ।
ਮੁੱਖ ਮੰਤਰੀ ਜਲਾਲਾਬਾਦ ਜ਼ਿਮਨੀ ਚੋਣ ਵਿਚ ਕਾਂਗਰਸੀ ਉਮੀਦਵਾਰ ਰਮਿੰਦਰ ਆਂਵਲਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਆਏ ਸਨ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮੋਹਲਾਂ ਵਿਚ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਤਾਰਨ ਵਾਲਾ ਹੈਲੀਪੈਡ ਬਣਾਇਆ ਗਿਆ ਸੀ, ਜਿੱਥੇ ਕਾਂਗਰਸੀ ਆਗੂ ਅਤੇ ਮੰਤਰੀ ਵੀ ਪਹੁੰਚੇ ਹੋਏ ਸਨ। ਜਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੱਡੀ ਵਿਚ ਸਵਾਰ ਹੋ ਕੇ ਜਾਣ ਲੱਗੇ ਤਾਂ ਉਨ੍ਹਾਂ ਦੇ ਕਾਫਲੇ ਵਾਲੀ ਗੱਡੀ ਵਿਚ ਸੂਬੇ ਦੇ ਖੇਡ ਮੰਤਰੀ ਤੇ ਗੁਰੂ ਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਬੈਠ ਗਏ, ਜਦਕਿ ਹੈਲੀਪੈਡ ਵਾਲੀ ਜਗ੍ਹਾ ਤੋਂ ਗੱਡੀ ਸੜਕ ‘ਤੇ ਆਈ ਤਾਂ ਮੁੱਖ ਮੰਤਰੀ ਦੇ ਸੁਰੱਖਿਆ ਇੰਚਾਰਜ ਖੂਬੀ ਰਾਮ ਨੇ ਕਾਫਲੇ ਵਾਲੀ ਗੱਡੀ ਰੁਕਵਾ ਲਈ ਅਤੇ ਉਹ ਖੁਦ ਪਹਿਲਾਂ ਥੱਲੇ ਆਏ ਤੇ ਪਿਛਲੀ ਬਾਰੀ ਖੋਲ੍ਹਦਿਆਂ ਉਨ੍ਹਾਂ ਰਾਣਾ ਸੋਢੀ ਨੂੰ ਗੱਡੀ ਵਿਚੋਂ ਥੱਲੇ ਉਤਰਨ ਲਈ ਕਿਹਾ ਉਨ੍ਹਾਂ ਕਿਹਾ ਕਿ ਇਹ ਸਰਕਾਰੀ ਗੱਡੀ ਹੈ ਤੁਸੀਂ ਇਸ ਵਿਚ ਨਹੀਂ ਬੈਠ ਸਕਦੇ, ਜੇਕਰ ਨਾਲ ਜਾਣਾ ਹੈ ਤਾਂ ਆਪਣੀ ਨਿੱਜੀ ਗੱਡੀ ਵਿਚ ਆਓ। ਜਦ ਰਾਣਾ ਸੋਢੀ ਨੇ ਕਿਹਾ ਕਿ ਉਹ ਤਾਂ ਇਸੇ ਵਿਚ ਜਾਣਗੇ ਤਾਂ ਖੁਸ਼ੀ ਰਾਮ ਕਹਿਣ ਲੱਗੇ ਕਿ ਫਿਰ ਮੇਰੀ ਗੱਡੀ ਪਾਸੇ ਲਗਵਾ ਦਿਓ ਮੈਂ ਨਹੀਂ ਜਾਵਾਂਗਾ, ਤੁਸੀਂ ਬੱਸ ਤੱਕ ਆਓ ਬੱਸ ਵਿਚ ਭਾਵੇਂ ਹੀ ਬੈਠ ਜਾਣਾ, ਪਰ ਇਸ ਗੱਡੀ ਵਿਚ ਨਹੀਂ ਲੈ ਕੇ ਜਾਵਾਂਗੇ।
ਇਸ ‘ਤੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਉਹ ਜਾਣਗੇ ਹੀ ਨਹੀਂ ਤਾਂ ਖੁਸ਼ੀ ਰਾਮ ਦਾ ਕਹਿਣਾ ਸੀ ਕਿ ਇਹ ਤੁਹਾਡੀ ਮਰਜ਼ੀ ਹੈ। ਇਸੇ ਦੌਰਾਨ ਹੀ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸੋਢੀ ਦੀ ਹਮਾਇਤ ‘ਤੇ ਆਏ ਪਰ ਉਨ੍ਹਾਂ ਸਿਰਫ ਐਨਾ ਹੀ ਕਿਹਾ ਕਿ ‘ਦਿਸ ਇਜ ਵੈਰੀ ਬੈਡ’ ਖੁਸ਼ੀ ਰਾਮ ਜੀ। ਇਸ ਤੋਂ ਬਾਅਦ ਰਾਣਾ ਸੋਢੀ ਆਪਣੀ ਗੱਡੀ ਵਿਚ ਬੈਠ ਗਏ ਪਰ ਉਹ ਕਾਫਲੇ ‘ਚ ਨਹੀਂ ਪਹੁੰਚੇ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …