Breaking News
Home / ਪੰਜਾਬ / ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਹਰਿਮੰਦਰ ਸਾਹਿਬ ‘ਚ ਵੱਡੀ ਗਿਣਤੀ ਸੰਗਤ ਨਤਮਸਤਕ

ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਹਰਿਮੰਦਰ ਸਾਹਿਬ ‘ਚ ਵੱਡੀ ਗਿਣਤੀ ਸੰਗਤ ਨਤਮਸਤਕ

ਤਲਵੰਡੀ ਸਾਬੋ/ਬਿਊਰੋ ਨਿਊਜ਼ : ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲੱਖਾਂ ਦੀ ਤਾਦਾਦ ਵਿੱਚ ਪੁੱਜੇ ਸ਼ਰਧਾਲੂਆਂ ਨੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਤਖ਼ਤ ਸਾਹਿਬ ਸਮੇਤ ਇੱਥੋਂ ਦੇ ਹੋਰ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਸਿੱਖ ਧਰਮ ਵਿੱਚ ਵਿਸਾਖੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਸੰਗਤ ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ‘ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਸੰਦੇਸ਼ ਵੀ ਦਿੱਤਾ। ਇਸ ਤੋਂ ਇਲਾਵਾ ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ, ਗੁਰਦੁਆਰਾ ਦੇਗਸਰ ਬੇਰ ਸਾਹਿਬ ਮੁੱਖ ਛਾਉਣੀ ਬੁੱਢਾ ਦਲ (ਨਿਹੰਗ ਸਿੰਘਾਂ), ਗੁਰਦੁਆਰਾ ਬੁੰਗਾ ਨਾਨਕਸਰ ਆਦਿ ਧਾਰਮਿਕ ਅਸਥਾਨਾਂ ‘ਤੇ ਵੀ ਭੋਗ ਪਾਏ ਗਏ। ਇਸੇ ਤਰ੍ਹਾਂ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਵਲੋਂ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਿੰਨ ਦਿਨਾ ਗੁਰਮਤਿ ਸਮਾਗਮ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤ ਨੇ ਮੱਥਾ ਟੇਕਿਆ ਅਤੇ ਸਰੋਵਰ ਵਿਚ ਇਸ਼ਨਾਨ ਕੀਤਾ। ਇਸ ਮੌਕੇ ਲਗਪਗ ਇਕ ਹਜ਼ਾਰ ਵਿਅਕਤੀਆਂ ਨੇ ਅੰਮ੍ਰਿਤਪਾਨ ਵੀ ਕੀਤਾ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ‘ਚ ਛੇ ਲੱਖ ਤੋਂ ਵੱਧ ਸ਼ਰਧਾਲੂ ਹੋਏ ਨਤਮਸਤਕ
ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਾਲ 1999 ਵਿੱਚ ਮਨਾਏ ਗਏ 300 ਸਾਲਾ ਖਾਲਸਾ ਸਾਜਨਾ ਦਿਵਸ ਤੋਂ ਬਾਅਦ ਪੂਰੇ 19 ਸਾਲਾਂ ਬਾਅਦ ਪਹਿਲੀ ਵਾਰ ਸੰਗਤ ਦਾ ਵੱਡਾ ਜਮਾਵੜਾ ਦੇਖਿਆ ਗਿਆ ਹੈ। ਆਲਮ ਇਹ ਸੀ ਕਿ ਗੁਰੂ ਨਗਰੀ ਜਿੱਥੇ ਖਾਲਸਾਈ ਰੰਗ ਵਿੱਚ ਰੰਗੀ ਰਹੀ ਉੱਥੇ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਤੇ ਖੁਫੀਆ ਵਿਭਾਗ ਦੇ ਅੰਕੜਿਆਂ ਅਨੁਸਾਰ ਛੇ ਲੱਖ ਤੋਂ ਵੱਧ ਸੰਗਤ ਨੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ।
ਪੰਜਾ ਸਾਹਿਬ ‘ਚ ਉਤਸ਼ਾਹ ਨਾਲ ਮਨਾਇਆ ਖ਼ਾਲਸਾ ਸਾਜਨਾ ਦਿਵਸ
ਅੰਮ੍ਰਿਤਸਰ : ਪਾਕਿਸਤਾਨ ਦੇ ਸ਼ਹਿਰ ਹਸਨ ਅਬਦਾਲ ਵਿਚਲੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਅੰਮ੍ਰਿਤ ਵੇਲੇ ਰਾਗੀ ਜਥਿਆਂ ਵਲੋਂ ਆਸਾ ਦੀ ਵਾਰ ਉਪਰੰਤ ਸ੍ਰੀ ਗੁਰੂ ਅੰਗਦ ਜੀ ਖ਼ਾਲਸਾ ਧਾਰਮਿਕ ਸਕੂਲ ਦੇ ਨਿਹੰਗ ਸਿੰਘ ਜਥੇ ਵਲੋਂ ਇਲਾਹੀ ਬਾਣੀ ਦੇ ਰਸ-ਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ। ਵਿਸਾਖੀ ਦੇ ਪਵਿੱਤਰ ਦਿਹਾੜੇ ਸਬੰਧੀ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਵਲੋਂ ਅਰਦਾਸ ਕੀਤੀ ਗਈ। ਇਸ ਦੌਰਾਨ ਸਮਾਗਮ ਵਿਚ ਹਾਜ਼ਰੀ ਭਰਨ ਪੁੱਜੇ ਧਾਰਮਿਕ ਮਾਮਲਿਆਂ ਦੇ ਸੰਸਦੀ ਸਕੱਤਰ ਚੌਧਰੀ ਆਫ਼ਤਾਬ ਅਹਿਮਦ, ਐਮ.ਪੀ.ਏ. ਸਯੱਦ ਜਾਫ਼ਰ ਬੁਖ਼ਾਰੀ, ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਤਾਹਿਰ ਅਹਿਸਾਨ, ਸਕੱਤਰ ਮੁਹੰਮਦ ਤਾਰਿਕ ਵਜ਼ੀਰ, ਡਿਪਟੀ ਸਕੱਤਰ ਇਮਰਾਨ ਗਾਦਲ, ਐਮ.ਪੀ.ਏ. ਮਹਿੰਦਰਪਾਲ ਸਿੰਘ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ, ਬਿਸ਼ਨ ਸਿੰਘ, ਗੋਪਾਲ ਸਿੰਘ ਚਾਵਲਾ, ਮਨਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਵਿੰਦਰ ਸਿੰਘ ਖ਼ਾਲਸਾ, ਦਿੱਲੀ ਕਮੇਟੀ ਦੇ ਦਲਜੀਤ ਸਿੰਘ, ਅਵਤਾਰ ਸਿੰਘ ਸੰਘੇੜਾ ਆਦਿ ਆਗੂ ਹਾਜ਼ਰ ਸਨ। ਚੌਧਰੀ ਆਫ਼ਤਾਬ ਅਹਿਮਦ ਨੇ ਭਾਰਤ ਸਮੇਤ ਹੋਰਨਾਂ ਦੇਸ਼ਾਂ ਤੋਂ ਪਹੁੰਚੀ ਸੰਗਤ ਨੂੰ ਖ਼ਾਲਸੇ ਦੇ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਸੰਬੋਧਨ ਦੌਰਾਨ ਕਿਹਾ ਕਿ ਪਾਕਿਸਤਾਨ ਸਰਕਾਰ ਪਾਕਿ ਵਿਚ ਰਹਿੰਦੇ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਦੀ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …