![](https://parvasinewspaper.com/wp-content/uploads/2024/07/Rahul-1-1.jpg)
ਭਾਜਪਾ ਆਗੂ ਨੇ ਰਾਹੁਲ ਖਿਲਾਫ ਦਰਜ ਕਰਵਾਇਆ ਹੈ ਕੇਸ
ਲਖਨਊ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅੱਜ ਉਤਰ ਪ੍ਰਦੇਸ਼ ਦੇ ਸੁਲਤਾਨਪੁਰ ਦੀ ਅਦਾਲਤ ਵਿਚ ਮਾਣਹਾਨੀ ਦੇ ਮਾਮਲੇ ਵਿਚ ਪੇਸ਼ੀ ਭੁਗਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਾਣਹਾਨੀ ਮਾਮਲੇ ਵਿਚ ਰਾਹੁਲ ਅਦਾਲਤ ਵਿਚ ਪੇਸ਼ ਹੋਏ ਅਤੇ ਉਨ੍ਹਾਂ ਆਪਣੇ ਬਿਆਨ ਦਰਜ ਕਰਵਾਏ ਹਨ। ਰਾਹੁਲ ਨੇ ਮਾਨਯੋਗ ਜੱਜ ਨੂੰ ਕਿਹਾ ਕਿ ਮੈਂ ਨਿਰਦੋਸ਼ ਹਾਂ ਅਤੇ ਮੇਰੇ ਖਿਲਾਫ ਰਾਜਨੀਤਕ ਸਾਜਿਸ਼ ਹੋਈ ਹੈ। ਰਾਹੁਲ ਨੇ ਭਾਜਪਾ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਮੇਰੀ ਅਤੇ ਮੇਰੀ ਪਾਰਟੀ ਦੀ ਦਿੱਖ ਖਰਾਬ ਕਰਨ ਲਈ ਇਹ ਕੇਸ ਦਰਜ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ। ਰਾਹੁਲ ਗਾਂਧੀ ’ਤੇ ਆਰੋਪ ਹੈ ਕਿ 2018 ਵਿਚ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਅਮਿਤ ਸ਼ਾਹ ਨੂੰ ਹੱਤਿਆ ਦਾ ਆਰੋਪੀ ਦੱਸਿਆ ਸੀ। ਰਾਹੁਲ ਦੇ ਇਸ ਬਿਆਨ ਦੇ ਖਿਲਾਫ ਸੁਲਤਾਨਪੁਰ ਵਿਚ ਭਾਜਪਾ ਆਗੂ ਵਿਜੇ ਮਿਸ਼ਰਾ ਨੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ।