
ਕਿਹਾ : ਮੈਨੂੰ ਸਰਕਾਰਾਂ ਨੇ ਫਸਾਇਆ, ਮਾਮਲੇ ਦੀ ਹੋਵੇ ਸੀਬੀਆਈ ਜਾਂਚ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿਚ ਜੇਲ੍ਹ ’ਚ ਬੰਦ ਪੰਜਾਬ ਪੁਲਿਸ ਦੇ ਬਰਖਾਸਤ ਡੀਐਸਪੀ ਜਗਦੀਸ਼ ਭੋਲਾ ਨੇ ਸੂਬਾ ਸਰਕਾਰਾਂ ’ਤੇ ਆਰੋਪ ਲਗਾਏ ਹਨ। ਜਗਦੀਸ਼ ਭੋਲਾ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰਾਂ ਨੇ ਡਰੱਗ ਤਸਕਰੀ ਦੇ ਝੂਠੇ ਕੇਸ ਵਿਚ ਫਸਾਇਆ ਹੈ ਅਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਜਗਦੀਸ਼ ਭੋਲਾ ਨੇ ਇਹ ਵੀ ਕਿਹਾ ਕਿ ਜੇਕਰ ਮੈਂ ਦੋਸ਼ੀ ਪਾਇਆ ਜਾਂਦਾ ਹਾਂ ਤਾਂ ਮੈਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਜਗਦੀਸ਼ ਭੋਲਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਜਗਦੀਸ਼ ਭੋਲਾ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਆਪਣੇ ਪਿਤਾ ਦੇ ਸਸਕਾਰ ਵਿਚ ਸ਼ਾਮਲ ਹੋਣ ਲਈ ਜ਼ਮਾਨਤ ਦਿੱਤੀ ਸੀ। ਇਸ ਦੌਰਾਨ ਜਗਦੀਸ਼ ਭੋਲਾ ਆਪਣੇ ਪਿਤਾ ਦੇ ਸਸਕਾਰ ਵਿਚ ਸ਼ਾਮਲ ਹੋਣ ਲਈ ਬਠਿੰਡਾ ਦੇ ਪਿੰਡ ਰਾਏਕੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਅਤੇ ਸਰਕਾਰਾਂ ’ਤੇ ਸਵਾਲ ਖੜ੍ਹੇ ਕੀਤੇ।