ਬੀਬੀਸੀ ‘ਤੇ ਇੰਟਰਨੈਸ਼ਨਲ ਟੈਕਸ ‘ਚ ਗੜਬੜੀ ਦਾ ਆਰੋਪ
ਨਵੀਂ ਦਿੱਲੀ : ਬੀਬੀਸੀ (ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ) ਦੇ ਨਵੀਂ ਦਿੱਲੀ ਅਤੇ ਮੁੰਬਈ ਸਥਿਤ ਦਫ਼ਤਰਾਂ ਵਿੱਚ ਆਮਦਨ ਕਰ ਵਿਭਾਗ ਦਾ ਛਾਪਾ ਵੀਰਵਾਰ ਨੂੰ ਤੀਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਅਧਿਕਾਰੀਆਂ ਨੇ ਚੋਣਵੇਂ ਕਰਮਚਾਰੀਆਂ ਤੋਂ ਵਿੱਤੀ ਡੇਟਾ ਇਕੱਤਰ ਕੀਤਾ ਅਤੇ ਸਮਾਚਾਰ ਸੰਗਠਨ ਦੇ ਇਲੈਕਟ੍ਰਾਨਿਕ ਅਤੇ ਕਾਗਜ਼ੀ ਰਿਕਾਰਡਾਂ ਦੀਆਂ ਕਾਪੀਆਂ ਬਣਾਈਆਂ। ਅਧਿਕਾਰੀਆਂ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਨੇ ਕਥਿਤ ਟੈਕਸ ਚੋਰੀ ਦੀ ਜਾਂਚ ਵਜੋਂ ਦਿੱਲੀ ਅਤੇ ਮੁੰਬਈ ਵਿੱਚ ਵੀ ਬੀਬੀਸੀ ਦੇ ਦਫ਼ਤਰਾਂ ਵਿੱਚ ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਛਾਪੇਮਾਰੀ ਕੀਤੀ ਸੀ। ਇਨ੍ਹਾਂ ਛਾਪਿਆਂ ਦੀ ਭਾਰਤ ਭਰ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਨਿੰਦਾ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਬੀਬੀਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦਸਤਾਵੇਜ਼ੀ ਫਿਲਮ ਬਣਾਈ ਹੈ ਤੇ ਇਸ ਕਾਰਨ ਸਰਕਾਰ ਬਦਲਾਖੋਰੀ ਦੀ ਕਾਰਵਾਈ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬੀਬੀਸੀ ‘ਤੇ ਇੰਟਰਨੈਸ਼ਨਲ ਟੈਕਸ ‘ਚ ਗੜਬੜੀ ਦੇ ਆਰੋਪ ਲੱਗੇ ਹਨ ਅਤੇ ਇਸੇ ਸਬੰਧ ਵਿਚ ਹੀ ਇਨਕਮ ਟੈਕਸ ਵਿਭਾਗ ਵਲੋਂ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ।