ਅਗਰਤਲਾ : 60 ਸੀਟਾਂ ਵਾਲੀ ਤ੍ਰਿਪੁਰਾ ਵਿਧਾਨ ਸਭਾ ਲਈ ਵੀਰਵਾਰ ਨੂੰ ਵੋਟਿੰਗ ਹੋਈ। ਸੂਬੇ ‘ਚ ਕੁੱਲ 3337 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਵਿਚੋਂ 1100 ਬੂਥ ਸੰਵੇਦਨਸ਼ੀਲ ਹਨ ਜਦਕਿ 28 ਬੂਥ ਅਤਿ ਸੰਵੇਦਨਸ਼ੀਲ ਹਨ। ਇਨ੍ਹਾਂ ਸਾਰੇ ਪੋਲਿੰਗ ਬੂਥਾਂ ‘ਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਮੀਂ 4 ਵਜੇ ਤੱਕ 70 ਫੀਸਦੀ ਵੋਟਿੰਗ ਹੋਈ ਜਦਕਿ ਇਸ ਤੋਂ ਪਹਿਲਾਂ 2018 ਵਿਚ 90 ਫੀਸਦੀ ਵੋਟਿੰਗ ਹੋਈ ਸੀ। ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਪਾਰਟੀ ਨੇ ਟਵੀਟ ਕਰਕੇ ਨੌਜਵਾਨਾਂ ਸਮੇਤ ਸਮੂਹ ਵੋਟਰਾਂ ਨੂੰ ਰਿਕਾਰਡ ਵੋਟਿੰਗ ਕਰਨ ਦੀ ਅਪੀਲ ਕੀਤੀ। ਇਕ ਚਰਣ ‘ਚ ਹੋਣ ਵਾਲੀ ਇਸ ਚੋਣ ਦੌਰਾਨ ਸੂਬੇ ਦੇ 28.13 ਲੱਖ ਵੋਟਰ 259 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।