ਸ਼ਹਿਜ਼ਾਦੇ ਵਿਲੀਅਮ ਤੇ ਕੇਟ ਨੇ ਤਾਜ ਮਹੱਲ ਦੇਖਿਆ, ਡਾਇਨਾ ਦੀਆਂ ਯਾਦਾਂ ਤਾਜ਼ਾ ਹੋਈਆਂ
ਆਗਰਾ : ਬਰਤਾਨੀਆ ਦੇ ਸ਼ਹਿਜ਼ਾਦੇ ਵਿਲੀਅਮ ਅਤੇ ਉਸ ਦੀ ਪਤੀ ਕੇਟ ਨੇ ਇਥੇ ਸਦੀਵੀ ਮੁਹੱਬਤ ਦੇ ਪ੍ਰਤੀਕ ਤਾਜ ਮਹੱਲ ਦੇ ਦੀਦਾਰ ਕੀਤੇ। ਇਸ ਦੇ ਨਾਲ ਹੀ 17ਵੀਂ ਸਦੀ ਦੇ ਇਸ ਸਮਾਰਕ ਉਤੇ 24 ਸਾਲ ਪਹਿਲਾਂ ਆਉਣ ਵਾਲੀ ਵਿਲੀਅਮ ਦੀ ਮਾਂ ਸ਼ਹਿਜ਼ਾਦੀ ਡਾਇਨਾ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਸ਼ਾਹੀ ਜੋੜੀ ਨੇ ਤਾਜ ਮਹੱਲ ਸਾਹਮਣੇ ਸੰਗਮਰਮਰ ਦੇ ਬੈਂਚ ‘ਤੇ ਬੈਠ ਕੇ ਤਸਵੀਰਾਂ ਖ਼ਿਚਵਾਈਆਂ, ਜਿਸ ਤਰ੍ਹਾਂ ਡਾਇਨਾ ਨੇ ਖਿਚਵਾਈਆਂ ਸਨ। ਸ਼ਹਿਜ਼ਾਦੇ ਨੇ ਨੀਲੇ ਰੰਗ ਦੀ ਜੈਕੇਟ, ਸਫੇਦ ਕਮੀਜ਼ ਪਹਿਨੀ ਹੋਈ ਸੀ ਜਦੋਂ ਕਿ ਕੇਟ ਨੇ ਸਫੇਦ ਤੇ ਨੀਲੀ ਪੁਸ਼ਾਕ ਪਾਈ ਹੋਈ ਸੀ, ਜੋ ਭਾਰਤੀ-ਅਮਰੀਕੀ ਡਿਜ਼ਾਈਨਰ ਨਈਮ ਖਾਨ ਨੇ ਤਿਆਰ ਕੀਤੀ ਸੀ। 29 ਅਪਰੈਲ ਨੂੰ ਆਪਣੇ ਵਿਆਹ ਦੀ 5ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਸ਼ਾਹੀ ਜੋੜਾ ਸ਼ਾਮ ਨੂੰ ਸਾਢੇ ਤਿੰਨ ਵਜੇ ਇਥੇ ਪੁੱਜਾ ਅਤੇ ਮੁਗਲ ਬਾਦਸ਼ਾਹ ਸ਼ਾਹਜਹਾਂ ਵੱਲੋਂ ਆਪਣੀ ਬੇਗਮ ਮੁਮਤਾਜ਼ ਮਹੱਲ ਦੀ ਯਾਦ ਵਿੱਚ ਬਣਾਏ ਇਸ ਸਮਾਰਕ ਦਾ ਦੌਰਾ ਕੀਤਾ। ਡਿਊਕ ਆਫ ਕੈਂਬਬ੍ਰਿਜ ਵਿਲੀਅਮ ਨੇ ਕਿਹਾ, ‘ਇਹ ਬਹੁਤ ਸੁੰਦਰ ਤੇ ਸ਼ਾਨਦਾਰ ਹੈ।’ ਸ਼ਾਹੀ ਜੋੜਾ ਤਪਦੀ ਸ਼ਾਮ (ਤਕਰੀਬਨ 40 ਡਿਗਰੀ ਸੈਲਸੀਅਸ) ਵਿੱਚ ਇਥੇ ਤਕਰੀਬਨ 45 ਮਿੰਟ ਰਿਹਾ। ਉਨ੍ਹਾਂ ਦੇ ਗਾਈਡ ਲਲਿਤ ਚਾਵਲਾ ਨੇ ਕਿਹਾ ਕਿ ਸ਼ਾਮ ਨੂੰ ਗਰਮੀ ਬਹੁਤ ਸੀ ਪਰ ਉਹ ਘੁੰਮੇ ਫਿਰੇ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …