8 ਅਕਤੂਬਰ ਨੂੰ ਆਉਣਗੇ ਨਤੀਜੇ
ਜੰਮੂ/ਬਿਊਰੋ ਨਿਊਜ਼
ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਦੇ ਤੀਜੇ ਤੇ ਆਖਰੀ ਗੇੜ ਦੌਰਾਨ ਵੋਟਾਂ ਭਲਕੇ 1 ਅਕਤੂਬਰ ਨੂੰ ਪੈ ਜਾਣੀਆਂ ਹਨ। ਇਸ ਨੂੰ ਲੈ ਕੇ ਚੋਣ ਪ੍ਰਚਾਰ ਦਾ ਕੰਮ ਵੀ ਸਮਾਪਤ ਹੋ ਚੁੱਕਾ ਹੈ ਅਤੇ ਹੁਣ ਉਮੀਦਵਾਰ ਘਰ-ਘਰ ਜਾ ਕੇ ਹੀ ਵੋਟਾਂ ਮੰਗ ਸਕਦੇ ਹਨ। ਤੀਜੇ ਗੇੜ ਦੀਆਂ ਵੋਟਾਂ ਦੌਰਾਨ 40 ਸੀਟਾਂ ’ਤੇ ਵੋਟਿੰਗ ਹੋਣੀ ਹੈ ਅਤੇ ਇਨ੍ਹਾਂ ਤਿੰਨਾਂ ਪੜਾਵਾਂ ਦੀਆਂ ਵੋਟਾਂ ਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਦੇ ਮੁਤਾਬਕ ਸੂਬੇ ਵਿਚ ਹੁਣ ਤੱਕ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਆਰੋਪ ਤਹਿਤ 23 ਸਰਕਾਰੀ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ। ਜੰਮੂ ਕਸ਼ਮੀਰ ਵਿਚ ਪਹਿਲੇ ਗੇੜ ਦੌਰਾਨ 18 ਸਤੰਬਰ ਅਤੇ ਦੂਜੇ ਗੇੜ ਦੌਰਾਨ 25 ਸਤੰਬਰ ਨੂੰ ਵੋਟਾਂ ਪਈਆਂ ਸਨ। ਧਿਆਨ ਰਹੇ ਕਿ ਹਰਿਆਣਾ ਵਿਚ ਵੀ ਵਿਧਾਨ ਸਭਾ ਚੋਣਾਂ 5 ਅਕਤੂਬਰ ਨੂੰ ਹੋਣੀਆਂ ਹਨ ਅਤੇ ਇਨ੍ਹਾਂ ਚੋਣਾਂ ਦੇ ਨਤੀਜੇ ਵੀ 8 ਅਕਤੂਬਰ ਨੂੰ ਹੀ ਆਉਣੇ ਹਨ।