ਪੂਤਿਨ ਸਰਕਾਰ ਦਾ ਦਾਅਵਾ : 2025 ’ਚ ਮੁਫਤ ਲਗਾਵਾਂਗੇ ਵੈਕਸੀਨ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਅਸੀਂ ਕੈਂਸਰ ਦੀ ਵੈਕਸੀਨ ਬਣਾਉਣ ਵਿਚ ਸਫਲਤਾ ਹਾਸਲ ਕਰ ਲਈ ਹੈ। ਇਸਦੀ ਜਾਣਕਾਰੀ ਰੂਸ ਦੇ ਸਿਹਤ ਮੰਤਰਾਲੇ ਦੇ ਰੇਡੀਓਲੌਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦ੍ਰੇਈ ਕੁਪਰਿਨ ਨੇ ਰੇਡੀਓ ’ਤੇ ਦਿੱਤੀ ਹੈ। ਰੂਸ ਦੀ ਨਿਊਜ਼ ਏਜੰਸੀ ਦੇ ਮੁਤਾਬਕ ਇਹ ਵੈਕਸੀਨ ਅਗਲੇ ਸਾਲ ਯਾਨੀ ਕਿ 2025 ਤੋਂ ਰੂਸ ਦੇ ਨਾਗਰਿਕਾਂ ਨੂੰ ਮੁਫਤ ਵਿਚ ਲਗਾਈ ਜਾਵੇਗੀ। ਡਾਇਰੈਕਟਰ ਆਂਦ੍ਰੇਈ ਨੇ ਦੱਸਿਆ ਕਿ ਰੂਸ ਨੇ ਕੈਂਸਰ ਦੇ ਖਿਲਾਫ ਆਪਣੀ ਵੈਕਸੀਨ ਵਿਕਸਿਤ ਕਰ ਲਈ ਹੈ। ਰੂਸ ਦੀ ਇਸ ਖੋਜ ਨੂੰ ਸਦੀ ਦੀ ਸਭ ਤੋਂ ਵੱਡੀ ਖੋਜ ਮੰਨਿਆ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਵੈਕਸੀਨ ਦੇ ਕਲੀਨੀਕਲ ਟਰਾਇਲ ਤੋਂ ਪਤਾ ਲੱਗਿਆ ਹੈ ਕਿ ਇਸ ਨਾਲ ਟਿਊਮਰ ਦੇ ਵਿਕਾਸ ਨੂੰ ਰੋਕਣ ਵਿਚ ਮੱਦਦ ਮਿਲਦੀ ਹੈ। ਧਿਆਨ ਰਹੇ ਕਿ ਇਸ ਸਾਲ ਦੇ ਸ਼ੁਰੂਆਤ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦੱਸਿਆ ਸੀ ਕਿ ਰੂਸ ਕੈਂਸਰ ਦੀ ਵੈਕਸੀਨ ਬਣਾਉਣ ਦੇ ਨੇੜੇ ਹੈ।