Breaking News
Home / ਦੁਨੀਆ / ਜੋ ਬਿਡੇਨ ਨੇ ਇਮੀਗ੍ਰੇਸ਼ਨ ਸਬੰਧੀ ਸਖਤ ਨੀਤੀਆਂ ਨੂੰ ਪਲਟਿਆ

ਜੋ ਬਿਡੇਨ ਨੇ ਇਮੀਗ੍ਰੇਸ਼ਨ ਸਬੰਧੀ ਸਖਤ ਨੀਤੀਆਂ ਨੂੰ ਪਲਟਿਆ

ਅਮਰੀਕਾ-ਮੈਕਸੀਕੋ ਸਰਹੱਦ ਤੋਂ ਆਉਣ ਵਾਲੇ ਪਰਵਾਸੀਆਂ ਨੂੰ ਰਾਹਤ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਤਿੰਨ ਅਜਿਹੇ ਕਾਰਜਕਾਰੀ ਆਦੇਸ਼ਾਂ ਨੂੰ ਰੱਦ ਕਰ ਦਿੱਤਾ ਹੈ ਜਿਹੜੇ ਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਨੀਤੀਆਂ ਸਬੰਧੀ ਦਿੱਤੇ ਸਨ। ਇਨ੍ਹਾਂ ‘ਚ ਪੁਰਾਣੇ ਪ੍ਰਸ਼ਾਸਨ ਦੀ ਸਖਤ ਨੀਤੀ ਕਾਰਨ ਦੱਖਣ ਦੀ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਵੱਖ ਹੋਏ ਪਰਵਾਸੀ ਪਰਿਵਾਰਾਂ ਨੂੰ ਇਕ ਕਰਨ ਸਬੰਧੀ ਮਹੱਤਵਪੂਰਨ ਆਦੇਸ਼ ਵੀ ਹੈ। ਇਨ੍ਹਾਂ ਆਦੇਸ਼ਾਂ ‘ਤੇ ਦਸਤਖਤ ਕਰਨ ਮਗਰੋਂ ਜੋ ਬਿਡੇਨ ਨੇ ਕਿਹਾ ਕਿ ਪਹਿਲਾ ਕੰਮ ਅਸੀਂ ਸਾਬਕਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਅਨੈਤਿਕ ਤੇ ਦੇਸ਼ ਲਈ ਸ਼ਰਮਨਾਕ ਆਦੇਸ਼ ਨੂੰ ਵਾਪਸ ਲੈ ਕੇ ਕਰ ਰਹੇ ਹਾਂ, ਜਿਸ ‘ਚ ਬੱਚੇ ਆਪਣੀ ਮਾਂ, ਪਰਿਵਾਰ ਤੇ ਪਿਤਾ ਤੋਂ ਵਿਛੜ ਗਏ ਸਨ। ਇਹ ਬੱਚੇ ਤੇ ਉਨ੍ਹਾਂ ਦੇ ਪਰਿਵਾਰ ਹਾਲੇ ਤੱਕ ਹਿਰਾਸਤ ‘ਚ ਹਨ। ਹੁਣ ਇਹ ਮੁੜ ਆਪਣੇ ਪਰਿਵਾਰਾਂ ਨੂੰ ਮਿਲ ਸਕਣਗੇ। ਦੂਜਾ ਕਾਰਜਕਾਰੀ ਆਦੇਸ਼ ਉਹ ਹੈ, ਜੋ ਦੱਖਣੀ ਸਰਹੱਦ ਤੋਂ ਪਰਵਾਸ ਦਾ ਮੂਲ ਕਾਰਨ ਹੈ। ਉਨ੍ਹਾਂ ਨੇ ਤੀਜਾ ਕਾਰਜਕਾਰੀ ਆਦੇਸ਼ ਟਰੰਪ ਪ੍ਰਸ਼ਾਸਨ ਦੀ ਪੂਰੀ ਇਮੀਗ੍ਰੇਸ਼ਨ ਨੀਤੀ ਦੀ ਸਮੀਖਿਆ ਕਰਨ ਦਾ ਕੀਤਾ ਹੈ।
ਬਿਡੇਨ ਨੇ ਪਰਵਾਸੀਆਂ ਸਬੰਧੀ ਕਿਹਾ ਕਿ ਉਹ ਤੇ ਉਨ੍ਹਾਂ ਦੇ ਬੱਚੇ ਸਾਡੀ ਆਰਥਿਕ ਵਿਵਸਥਾ ਦੇ ਮਹੱਤਵਪੂਰਨ ਅੰਗ ਹਨ, ਜਿਹੜੇ ਸਿਹਤ, ਨਿਰਮਾਣ, ਸੇਵਾ ਖੇਤਰ ਤੇ ਖੇਤੀ ਦੇ ਕੰਮ ਲੱਗੇ ਹਨ। ਇਹ ਸਾਰੇ ਸਾਡੇ ਅਰਥਚਾਰੇ ਨੂੰ ਅੱਗੇ ਵਧਾਉਣ ‘ਚ ਮਦਦ ਕਰ ਰਹੇ ਹਨ। ਸਾਨੂੰ ਦੁਨੀਆ ‘ਚ ਵਿਗਿਆਨ, ਤਕਨੀਕ ਤੇ ਇਨੋਵੇਸ਼ਨ ਦੇ ਖੇਤਰ ‘ਚ ਸਰਬ ਉੱਚ ਸਥਾਨ ‘ਤੇ ਬਣਾਈ ਰੱਖਣ ‘ਚ ਮਦਦ ਕਰ ਰਹੇ ਹਨ। ਬਿਡੇਨ ਦੇ ਇਨ੍ਹਾਂ ਆਦੇਸ਼ਾਂ ਨਾਲ ਤੁਰੰਤ ਕਾਫ਼ੀ ਰਾਹਤ ਮਿਲੀ ਹੈ। ਇਹ ਆਦੇਸ਼ ਆਉਣ ਵਾਲੇ ਹਫਤੇ ਜਾਂ ਮਹੀਨਿਆਂ ‘ਚ ਇਮੀਗ੍ਰੇਸ਼ਨ ਕਾਨੂੰਨਾਂ ਦੇ ਆਸਾਨ ਬਣਾਉਣ ਦਾ ਸਪੱਸ਼ਟ ਸੰਕੇਤ ਹੈ।
ਇਮੀਗ੍ਰੇਸ਼ਨ ਸਬੰਧੀ ਨਿਯਮਾਂ ਦੇ ਵਕੀਲਾਂ ਦਾ ਕਹਿਣਾ ਸੀ ਕਿ ਟਰੰਪ ਪ੍ਰਸ਼ਾਸਨ ਵੱਲੋਂ ਕੀਤੇ ਗਏ ਫੈਸਲਿਆਂ ਨੂੰ ਫੌਰੀ ਰੱਦ ਕਰ ਦੇਣਾ ਚਾਹੀਦਾ ਹੈ ਪਰ ਟਰੰਪ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਹਾਲੇ ਇਮੀਗ੍ਰੇਸ਼ਨ ਸਬੰਧੀ ਕਈ ਪਾਬੰਦੀਆਂ ‘ਚ ਰਾਹਤ ਦੇਣੀ ਬਾਕੀ ਹੈ, ਜਿਸ ਨਾਲ ਪਰਵਾਸੀਆਂ ਦੇ ਅਨੁਕੂਲ ਪ੍ਰਣਾਲੀ ਬਣਾਈ ਜਾ ਸਕੇ। ਇਸ ਸਬੰਧੀ ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਜੈਨ ਸਾਕੀ ਨੇ ਕਿਹਾ ਕਿ ਕੁਝ ਵੀ ਇਕ ਰਾਤ ‘ਚ ਨਹੀਂ ਕੀਤਾ ਜਾ ਸਕਦਾ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁੰਦਰ ਪਿਚਾਈ ਸਣੇ ਅਮਰੀਕੀ ਕੰਪਨੀਆਂ ਦੇ ਸੀਈਓਜ਼ ਨਾਲ ਮੁਲਾਕਾਤ ਕੀਤੀ

ਮੋਦੀ ਨੇ ਭਾਰਤ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ‘ਤੇ ਦਿੱਤਾ ਜ਼ੋਰ ਨਿਊਯਾਰਕ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ …