Breaking News
Home / ਕੈਨੇਡਾ / ਫੈੱਡਰਲ ਸਰਕਾਰ ਵੱਲੋਂ ਜਾਰੀ 1 ਬਿਲੀਅਨ ਡਾਲਰ ਨਾਲ ਵਿਦਿਆਰਥੀਆਂ, ਸਟਾਫ ਤੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ : ਸੋਨੀਆ ਸਿੱਧੂ

ਫੈੱਡਰਲ ਸਰਕਾਰ ਵੱਲੋਂ ਜਾਰੀ 1 ਬਿਲੀਅਨ ਡਾਲਰ ਨਾਲ ਵਿਦਿਆਰਥੀਆਂ, ਸਟਾਫ ਤੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ : ਸੋਨੀਆ ਸਿੱਧੂ

ਬਰੈਂਪਟਨ : ਕੈਨੇਡਾ ਫੱਡਰਲ ਲਿਬਰਲ ਸਰਕਾਰ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਨੂੰ ਸੁਰੱਖਿਅਤ ਰੱਖਣ ਲਈ ‘ਸੇਫ਼ ਰਿਟਰਨ ਟੂ ਕਲਾਸ ਫੰਡ’ ਜ਼ਰੀਏ 1 ਬਿਲੀਅਨ ਡਾਲਰ ਦੀ ਫੰਡਿੰਗ ਨਾਲ ਓਨਟਾਰੀਓ ਸੂਬੇ ਦੀ ਸਹਾਇਤਾ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੱਕ ਬਿਲੀਅਨ ਡਾਲਰ ਦੀ ਪਹਿਲੀ ਕਿਸ਼ਤ ਸਤੰਬਰ 2020 ਵਿਚ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਪ੍ਰਦਾਨ ਕੀਤੀ ਗਈ ਸੀ।
ਕੋਵਿਡ -19 ਮਾਮਲਿਆਂ ਵਿੱਚ ਨਿਰੰਤਰ ਵਾਧੇ ਦੇ ਮੱਦੇਨਜ਼ਰ, ਕੈਨੇਡਾ ਸਰਕਾਰ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਦੀ ਸਿਹਤ ਦੀ ਰਾਖੀ ਲਈ ਪ੍ਰੋਵਿੰਸਾਂ ਅਤੇ ਪ੍ਰਦੇਸ਼ਾਂ ਦੀ ਸਹਾਇਤਾ ਲਈ ਇਹ ਕਦਮ ਚੁੱਕਿਆ ਗਿਆ ਹੈ।
ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਉਨਟਾਰੀਓ ਅਤੇ ਸਥਾਨਕ ਸਕੂਲ ਬੋਰਡਾਂ ਦੇ ਵਿਦਿਆਰਥੀਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਯਤਨਾਂ ਵਿੱਚ ਸਹਾਇਤਾ ਕਰਨੀ ਜਾਰੀ ਰੱਖੀ ਜਾਵੇਗੀ। ਇਹ ਫੰਡਿੰਗ ਨਾਲ ਸਕੂਲਾਂ ‘ਚ ਸਫਾਈ, ਆਨਲਾਈਨ ਸਿੱਖਿਆ, ਵੈਂਟੀਲੇਸ਼ਨ, ਅਤੇ ਨਿੱਜੀ ਸੁਰੱਖਿਆ ਉਪਕਰਣਾਂ ਦੀ ਖਰੀਦ ਅਤੇ ਸਫਾਈ ਸਪਲਾਈ ਮੁਹੱਈਆ ਕਰਵਾਉਣ ਲਈ ਸਹਾਇਤਾ ਕਰੇਗੀ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਚਾਹੇ ਅਸੀਂ ਅਜੇ ਵੀ ਇਸ ਮਹਾਂਮਾਰੀ ਨਾਲ ਨਜਿੱਠ ਰਹੇ ਹਾਂ ਅਤੇ ਆਪਣੇ ਕੰਮਾਂ-ਕਾਜਾਂ ਨੂੰ ਵਾਪਸ ਪਰਤ ਰਹੇ ਹਨ, ਅਜਿਹੇ ‘ਚ ਵਿਦਿਆਰਥੀਆਂ ਦੇ ਸਕੂਲ ਵਾਪਸ ਜਾਣ ‘ਤੇ ਉਹਨਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਬਾਰੇ ਮਾਪਿਆਂ ਨੂੰ ਚਿੰਤਾ ਰਹਿਣੀ ਸੁਭਾਵਕ ਹੈ। ਉਹਨਾਂ ਕਿਹਾ ਕਿ ਫੈੱਡਰਲ ਸਰਕਾਰ ਇਹ ਗੱਲ ਚੰਗੀ ਤਰ੍ਹਾਂ ਸਮਝਦੀ ਹੈ ਕਿ ਬੱਚਿਆਂ ਦੇ ਵਿਕਾਸ ਅਤੇ ਭਵਿੱਖ ਦੀ ਸਫਲਤਾ ਲਈ ਸਕੂਲ ਕਿੰਨਾ ਮਹੱਤਵਪੂਰਣ ਹੈ, ਪਰ ਇਹ ਵੀ ਜਾਣਦੀ ਹੈ ਕਿ ਕਿ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣਾ ਉਨ੍ਹਾਂ ਹੀ ਮਹੱਤਵਪੂਰਣ ਹੈ।
ਇਸੇ ਲਈ ਕੈਨੇਡਾ ਫੈੱਡਰਲ ਸਰਕਾਰ ਵੱਲੋਂ ‘ਸੇਫ਼ ਰੀਟਰਨ ਟੂ ਕਲਾਸ ਫੰਡ’ ਦੁਆਰਾ, ਅਸੀਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਸੁਰੱਖਿਅਤ ਰੱਖਣ ਵਿਚ ਸਹਾਇਤਾ ਕੀਤੀ ਜਾ ਰਹੀ ਹੈ। ਇਹ ਨਿਵੇਸ਼ ਵਿਦਿਆਰਥੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਕੂਲ ਵਿਚ ਕੰਮ ਕਰਨ ਵਾਲੇ ਹਰ ਵਿਅਕਤੀ ਦੀ ਸਹਾਇਤਾ ਕਰੇਗਾ। ਕੈਨੇਡਾ ਫੈੱਡਰਲ ਲਿਬਰਲ ਸਰਕਾਰ ਮਹਾਂਮਾਰੀ ਦੌਰਾਨ ਕੈਨੇਡੀਅਨਾਂ ਦੀ ਰੱਖਿਆ ਲਈ ਵਚਨਬੱਧ ਹੈ।
ਇਸ ਤੋਂ ਇਲਾਵਾ ਕੈਨੇਡੀਅਨਾਂ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਕੈਨੇਡਾ ਫੈੱਡਰਲ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ‘ਤੇ ਸਖ਼ਤੀ ਕੀਤੀ ਗਈ ਹੈ। ਇਸ ਐਤਵਾਰ ਤੋਂ ਸ਼ੁਰੂ ਹੋ ਕੇ ਮੈਕਸੀਕੋ ਅਤੇ ਕੈਰੇਬੀਅਨ – ਲਈ ਯਾਤਰਾ ‘ਤੇ 30 ਅਪ੍ਰੈਲ ਤੱਕ ਰੱਦ ਕੀਤੀ ਗਈ ਹੈ। ਏਅਰ ਕੈਨੇਡਾ, ਏਅਰ ਟ੍ਰਾਂਸੈਟ, ਸਨਵਿੰਗ ਅਤੇ ਵੈਸਟਜੈੱਟ ਨੇ ਇਨ੍ਹਾਂ ਥਾਵਾਂ ਦੀ ਸੇਵਾ ਮੁਅੱਤਲ ਕਰਨ ਲਈ ਸਹਿਮਤੀ ਦਿੱਤੀ ਹੈ। ਅੰਤਰਰਾਸ਼ਟਰੀ ਉਡਾਣਾਂ ਨੂੰ ਬਿਹਤਰ ਢੰਗ ਨਾਲ ਕੰਟਰੋਲ ਕਰਨ ਲਈ ਵੀ ਨਵੇਂ ਕਦਮ ਉਠਾਏ ਜਾ ਰਹੇ ਹਨ। ਹੁਣ ਤੋਂ, ਸਾਰੀਆਂ ਅੰਤਰਰਾਸ਼ਟਰੀ ਯਾਤਰੀਆਂ ਦੀਆਂ ਉਡਾਣਾਂ ਲਈ ਸਿਰਫ ਇਹਨਾਂ ਚਾਰ ਹਵਾਈ ਅੱਡਿਆਂ ‘ਤੇ ਉਤਰਨਾ ਲਾਜ਼ਮੀ ਹੈ, ਜਿੰਨ੍ਹਾਂ ‘ਚ ਕੈਲਗਰੀ, ਮਾਂਟ੍ਰੀਅਲ, ਟੋਰਾਂਟੋ, ਅਤੇ ਵੈਨਕੂਵਰ ਸ਼ਾਮਲ ਹਨ। ਇਸਦੇ ਨਾਲ ਹੀ ਆਉਣ ਵਾਲੇ ਹਫਤਿਆਂ ਵਿੱਚ, ਕੈਨੇਡਾ ਵਾਪਸ ਆਉਣ ਵਾਲੇ ਲੋਕਾਂ ਲਈ ਹਵਾਈ ਅੱਡਿਆਂ ਤੇ ਪੀਸੀਆਰ ਟੈਸਟਿੰਗ ਲਾਜ਼ਮੀ ਹੋਵੇਗੀ ਅਤੇ ਯਾਤਰੀਆਂ ਨੂੰ ਫਿਰ ਆਪਣੇ ਟੈਸਟ ਦੇ ਨਤੀਜਿਆਂ ਲਈ ਇੱਕ ਪ੍ਰਵਾਨਿਤ ਹੋਟਲ ਵਿਖੇ – ਆਪਣੇ ਖਰਚੇ ‘ਤੇ – ਤਿੰਨ ਦਿਨਾਂ ਤੱਕ ਉਡੀਕ ਕਰਨੀ ਪਵੇਗੀ। ਨੈਗੇਟਿਵ ਟੈਸਟ ਦੇ ਨਤੀਜਿਆਂ ਵਾਲੇ ਯਾਤਰੀਆਂ ਨੂੰ ਵੱਧ ਰਹੀ ਨਿਗਰਾਨੀ ਤਹਿਤ 14 ਦਿਨਾਂ ਲਈ ਘਰ ‘ਚ ਕੁਆਰੰਟੀਨ ਕਰਨਾ ਪਵੇਗਾ। ਪਾਜ਼ਿਟਿਵ ਟੈਸਟ ਆਉਣ ‘ਤੇ ਵਿਅਕਤੀਆਂ ਨੂੰ ਪ੍ਰਵਾਨਿਤ ਕੁਆਰੰਟੀਨ ਸਹੂਲਤਾਂ ਵਿੱਚ 14 ਦਿਨ ਇਕਾਂਤਵਾਸ ‘ਚ ਰਹਿਣਾ ਪਵੇਗਾ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੈਨੇਡਾ ਵਾਪਸ ਆਉਣ ਸਮੇਂ ਨਕਾਰਾਤਮਕ ਟੈਸਟ ਅਜੇ ਵੀ ਲਾਜ਼ਮੀ ਹੈ ਅਤੇ ਇਸਦੇ ਨਾਲ ਹੀ ਵਿਦੇਸ਼ ਯਾਤਰਾ ਤੋਂ ਵਾਪਸ ਆਉਣ ‘ਤੇ 14 ਦਿਨ ਕੁਆਰੰਟੀਨ ਅਜੇ ਵੀ ਜ਼ਰੂਰੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …