8.1 C
Toronto
Friday, May 15, 2026
spot_img
Homeਕੈਨੇਡਾਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਸੀਨੀਅਰਾਂ ਦੀ ਸਿਹਤ, ਖ਼ੁਸ਼ਹਾਲ ਜੀਵਨ ਤੇ ਸੇਵਾ-ਮੁਕਤ...

ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਸੀਨੀਅਰਾਂ ਦੀ ਸਿਹਤ, ਖ਼ੁਸ਼ਹਾਲ ਜੀਵਨ ਤੇ ਸੇਵਾ-ਮੁਕਤ ਜੀਵਨ-ਜਾਚ ਬਾਰੇ ਸੈਮੀਨਾਰ ਕਰਵਾਇਆ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਮੰਗਲਵਾਰ 12 ਮਈ ਨੂੰ ਫਲਾਵਰ ਸਿਟੀ ਫਰੈਂਡਜ਼ ਕਲੱਬ ਵੱਲੋਂ ਬਰੈਮਲੀ ਰਿਟਾਇਰਮੈਂਟ ਰੈਜ਼ੀਡੈਂਸ ਅਤੇ ਡੀ.ਕੇ. ਰੀਹੈਬ ਦੇ ਸਹਿਯੋਗ ਨਾਲ ਸਥਾਨਕ ਪਾਲ ਪਲੈਸ਼ੀ ਰੀਕਰੀਏਸ਼ਨ ਸੈਂਟਰ ਵਿਖੇ ਸੀਨੀਅਰਾਂ ਦੀ ਖ਼ੁਸ਼ਹਾਲ ਸਿਹਤ ਤੇ ਸੇਵਾ-ਮੁਕਤ ਜੀਵਨ-ਜਾਚ ਬਾਰੇ ਜਾਗਰੂਕਤਾ ਸਬੰਧੀ ਸੈਮੀਨਾਰ ਦਾ ਸਫਲ ਆਯੋਜਨ ਕੀਤਾ ਗਿਆ। ਕਲੱਬ ਦੇ 100 ਤੋਂ ਵਧੀਕ ਮੈਂਬਰਾਂ ਵੱਲੋਂ ਇਸ ਸੈਮੀਨਾਰ ਵਿੱਚ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ ਜਿਸ ਵਿੱਚ ਸੀਨੀਅਰਾਂ ਦੇ ਖ਼ੁਸ਼ਹਾਲ ਜੀਵਨ, ਵਧੀਆ ਰਹਿਣ ਸਹਿਣ, ਸਿਹਤ ਸਬੰਧੀ ਜਾਗਰੂਕਤਾ ਅਤੇ ਸਿਹਤਮੰਦ ਉਮਰ ਗੁਜ਼ਾਰਨ ਸਬੰਧੀ ਵਿਚਾਰ-ਚਰਚਾ ਕੀਤੀ ਗਈ।
ਸੈਮੀਨਾਰ ਦੀ ਸ਼ੁਰੂਆਤ ਫ਼ਲਾਵਰ ਸਿਟੀ ਫਰੈਂਡਜ਼ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਸਮੂਹ ਮੈਂਬਰਾਂ, ਮਹਿਮਾਨਾਂ ਅਤੇ ਸੈਮੀਨਾਰ ਦੇ ਬੁਲਾਰਿਆਂ ਦਾ ਸਵਾਗਤ ਕਰਨ ਨਾਲ ਹੋਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਇਹ ਵਿੱਦਿਅਕ ਜਾਗਰੂਕਤਾ ਸੈਮੀਨਾਰ ਕਰਵਾਉਣ ਲਈ ਸਹਿਯੋਗ ਦੇਣ ਲਈ ਬਰੈਮਲੀ ਰਿਟਾਇਰਮੈਂਟ ਰੈਜ਼ੀਡੈਂਸ ਅਤੇ ਡੀ.ਕੇ. ਰੀਹੈਬ ਦਾ ਹਾਰਦਿਕ ਧੰਨਵਾਦ ਕੀਤਾ।
ਸੈਮੀਨਾਰ ਦੇ ਪਹਿਲੇ ਸੈਸ਼ਨ ਵਿੱਚ ਬਰੈਮਲੀ ਰਿਟਾਇਰਮੈਂਟ ਰੈਜ਼ੀਡੈਂਸ ਦੀ ਮੈਨੇਜਰ ਮਿਸ ਇਨੇਸ ਡੈਵਿਕ ਅਤੇ ਹਰਪ੍ਰੀਤ ਬਿਨਿੰਗ ਵੱਲੋਂ ਇਸ ਰਿਟਾਇਰਮੈਂਟ ਰੈਜ਼ੀਡੈਂਸ ਵਿਖੇ ਸੀਨੀਅਰਾਂ ਲਈ ਉਪਲੱਭਧ ਸੇਵਾਵਾਂ, ਸਹੂਲਤਾਂ, ਸਿਹਤ ਸੰਭਾਲ ਅਤੇ ਸਫ਼ਲ ਜੀਵਨ-ਜਾਚ ਦੇ ਮੌਕਿਆਂ ਬਾਰੇ ਸਲਾਈਡਾਂ ਦੀ ਸਹਾਇਤਾ ਨਾਲ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੀ ਇਸ ਪ੍ਰੈਜ਼ੈਨਟੇਸ਼ਨ ਵਿੱਚ ਸੀਨੀਅਰਾਂ ਲਈ ਆਜ਼ਾਦਾਨਾ ਰਹਿਣ ਦੀ ਚੋਣ, ਅਸਿਸਟੈਂਟ ਲਿਵਿੰਗ ਸੁਪੋਰਟ, ਵੈੱਲਨੈੱਸ ਪ੍ਰੋਗਰਾਮਾਂ, ਖਾਣ-ਪੀਣ ਦੀਆਂ ਸੇਵਾਵਾਂ, ਹੈੱਲਥਕੇਅਰ ਅਸਿਸਟੈਂਸ, ਮਨ-ਪ੍ਰਚਾਵੇ, ਸੁਰੱਖਿਆ ਸਾਧਨਾਂ ਅਤੇ ਇਨ੍ਹਾਂ ਦੇ ਵਿੱਤੀ ਪੱਖਾਂ ਬਾਰੇ ਦਰਸਾਇਆ ਗਿਆ।
ਇਸ ਦੌਰਾਨ ਇਨੇਸ ਡੈਵਿਕ ਨੇ ਦੱਸਿਆ ਕਿ ਬਰੈਮਲੀ ਰਿਟਾਇਰਮੈਂਟ ਰੈਜ਼ੀਡੈਂਸ ਪ੍ਰੋਫ਼ੈਸ਼ਨਲ ਢੰਗ ਨਾਲ ਚਲਾਇਆ ਜਾ ਰਿਹਾ ਰਿਟਾਇਰਮੈਂਟ ਰਿਹਾਇਸ਼ੀ ਸਥਾਨ ਹੈ ਜਿੱਥੇ ਸੀਨੀਅਰਾਂ ਲਈ ਸਿਹਤ ਸੰਭਾਲ, ਸੁਰੱਖਿਆ, ਪੌਸ਼ਟਿਕ ਭੋਜਨ, ਮਨ-ਪ੍ਰਚਾਵੇ, ਆਦਿ ਦੀਆਂ ਸਾਰੀਆਂ ਸਹੂਲਤਾਂ ਉਪਲੱਭਧ ਹਨ। ਆਪਣੀ ਇਸ ਜਾਣਕਾਰੀ ਭਰਪੂਰ ਪ੍ਰੈਜ਼ੈੱਨਟੇਸ਼ਨ ਤੋਂ ਬਾਅਦ ਉਨ੍ਹਾਂ ਵੱਲੋਂ ਸਰੋਤਿਆਂ ਦੇ ਸੁਆਲਾਂ ਦੇ ਜੁਆਬ ਬੜੇ ਤਸੱਲੀਪੂਰਵਕ ਦਿੱਤੇ ਗਏ।
ਸੈਮੀਨਾਰ ਦੇ ਦੂਸਰੇ ਸੈਸ਼ਨ ਵਿੱਚ ਡੀ.ਕੇ. ਰੀਹੈਬ ਵੱਲੋਂ ਆਏ ਮਿਸਟਰ ਉਦੈ ਨੇ ਦੱਸਿਆ ਕਿ ਡੀ.ਕੇ. ਰੀਹੈਬਲੀਟੇਸ਼ਨ ਅਤੇ ਫਿਜ਼ੀਓਥੈਰੇਪਿਕ ਸੇਵਾਵਾਂ ਪ੍ਰਦਾਨ ਕਰਨ ਲਈ ਮੋਬਿਲਿਟੀ, ਫਲੈੱਕਸੀਬਿਲਿਟੀ, ਪੇਨ-ਮੈਨੇਜਮੈਂਟ, ਸਰੀਰਕ ਮਜ਼ਬੂਤੀ, ਸੰਤੁਲਣ ਤੇ ਸਹੀ ਪੋਸਚਰ ਉੱਪਰ ਵਿਸ਼ੇਸ਼ ਧਿਆਨ ਦਿੰਦਾ ਹੈ।
ਇਸ ਸਬੰਧੀ ਉਨ੍ਹਾਂ ਵੱਲੋਂ ਕਰਵਾਈਆਂ ਗਈਆਂ ਕਸਰਤਾਂ ਵਿੱਚ ਕਲੱਬ ਦੇ ਮੈਂਬਰਾਂ ਤੇ ਮਹਿਮਾਨਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਬਰੈਂਪਟਨ ਸੈਂਟਰ ਦੀ ਮੈਂਬਰ ਪਾਰਲੀਮੈਂਟ ਮੈਂਬਰ ਅਮਨਦੀਪ ਸੋਢੀ ਵੱਲੋਂ ਭੇਜਿਆ ਗਿਆ ਵਿਸ਼ੇਸ਼ ਸੁਨੇਹਾ ਸਰੋਤਿਆਂ ਨਾਲ ਸਾਂਝਾ ਕੀਤਾ ਗਿਆ ਜਿਸ ਵਿੱਚ ਫਲਾਵਰ ਸਿਟੀ ਫਰੈਂਡਜ਼ ਕਲੱਬ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਇਹ ਕਲੱਬ ਸੀਨੀਅਰਾਂ ਦੀ ਵਧੀਆ ਜੀਵਨ-ਜਾਚ, ਸਿਹਤ ਅਰੋਗਤਾ, ਖੁਸ਼ਹਾਲੀ ਅਤੇ ਕਮਿਊਨਿਟੀ ਵਿੱਚ ਵਿਚਰਨ ਲਈ ਬੜਾ ਸ਼ਾਨਦਾਰ ਕੰਮ ਕਰ ਰਹੀ ਹੈ। ਆਪਣੇ ਇਸ ਸੁਨੇਹੇ ਵਿੱਚ ਉਨ੍ਹਾਂ ਵੱਲੋਂ ਇਸ ਸੈਮੀਨਾਰ ਵਿੱਚ ਸਹਿਯੋਗ ਦੇਣ ਲਈ ਬਰੈਮਲੀ ਰਿਟਾਇਰਮੈਂਟ ਰੈਜ਼ੀਡੈਂਸ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।
ਸੈਮੀਨਾਰ ਦੇ ਅਖ਼ੀਰ ਵਿੱਚ ਗਿਆਨ ਪਾਲ ਹੁਰਾਂ ਵੱਲੋਂ ਇਸ ਸੈਮੀਨਾਰ ਨੂੰ ਸਫਲ ਬਨਾਉਣ ਲਈ ਮਿਸ ਇਨੇਸ ਡੈਵਿਕ, ਹਰਪ੍ਰੀਤ ਬਿਨਿੰਗ, ਉਦੈ, ਕਲੱਬ ਦੇ ਸਮੂਹ ਵਾਲੰਟੀਅਰਾਂ ਅਤੇ ਮੈਂਬਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਉਨ੍ਹਾਂ ਸੀਨੀਅਰਾਂ ਦੀ ਸਿਹਤ ਸੰਭਾਲ ਤੇ ਜਾਗਰੂਕਤਾ, ਖ਼ੁਸ਼ਹਾਲੀ ਲਈ ਭਵਿੱਖ ਵਿੱਚ ਵੀ ਹੋਰ ਅਜਿਹੇ ਵਿਦਿਅਕ ਸੈਮੀਨਾਰ ਆਯੋਜਿਤ ਕਰਦੀ ਰਹੇਗੀ।

 

RELATED ARTICLES
POPULAR POSTS