Breaking News
Home / ਕੈਨੇਡਾ / ਵਾਹਨ ਚੋਰੀ ਰੋਕਣ ਲਈ ਕੌਮੀ ਪੱਧਰ ‘ਤੇ ਹੋਈ ਮੀਟਿੰਗ ‘ਚ ਐੱਮ.ਪੀ. ਸੋਨੀਆ ਸਿੱਧੂ ਨੇ ਬਰੈਂਪਟਨ ਵਾਸੀਆਂ ਦੀ ਕੀਤੀ ਨੁਮਾਇੰਦਗੀ

ਵਾਹਨ ਚੋਰੀ ਰੋਕਣ ਲਈ ਕੌਮੀ ਪੱਧਰ ‘ਤੇ ਹੋਈ ਮੀਟਿੰਗ ‘ਚ ਐੱਮ.ਪੀ. ਸੋਨੀਆ ਸਿੱਧੂ ਨੇ ਬਰੈਂਪਟਨ ਵਾਸੀਆਂ ਦੀ ਕੀਤੀ ਨੁਮਾਇੰਦਗੀ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਵਾਹਨਾਂ ਦੀ ਚੋਰੀ ਰੋਕਣ ਲਈ ਇਸ ਹਫ਼ਤੇ ਔਟਵਾ ਵਿਚ ਕੌਮੀ ਪੱਧਰ ਦੀ ਮੀਟਿੰਗ ਹੋਈ ਜਿਸ ਵਿਚ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਰੈਂਪਟਨ-ਵਾਸੀਆਂ ਦੇ ਨੁਮਾਇੰਦੇ ਵਜੋਂ ਸਮੂਲੀਅਤ ਕੀਤੀ। ਮੀਟਿੰਗ ਵਿਚ ਪਬਲਿਕ ਸੇਫ਼ਟੀ, ਡੈਮੋਕਰੈਟਿਕ ਇੰਸਟੀਚਿਊਸ਼ਨਜ ਐਂਡ ਇੰਟਰਗਵਰਨਮੈਂਟਲ ਅਫੇਅਰਜ ਮਨਿਸਟਰ ਡੌਮਿਨਿਕ ਲੀਬਲੈਂਕ, ਮਨਿਸਟਰ ਆਫ ਜਸਟਿਸ ਐਂਡ ਅਟਾਰਨੀ ਜਨਰਲ ਆਫ ਕੈਨੇਡਾ ਮਾਣਯੋਗ ਆਰਿਫ ਵਿਰਾਨੀ, ਟਰਾਂਸਪੋਰਟ ਮੰਤਰੀ ਤੇ ਕਿਊਬਿਕ ਦੇ ਲੈਫ਼ਟੀਨੈਂਟ ਮਾਣਯੋਗ ਪੇਬਲੋ ਰੌਡਰਿਜਜ, ਆਇਨੋਵੇਸਨ, ਸਾਇੰਸ ਐਂਡ ਇੰਡਸਟਰੀ ਮਨਿਸਟਰ ਮਾਣਯੋਗ ਫਰੈਕੋ ਫਿਲਿਪੀ ਸ਼ੈਮਪੇਨ ਅਤੇ ਟਰੱਯਰੀ ਬੋਰਡ ਦੇ ਪ੍ਰੈਜ਼ੀਡੈਂਟ ਮਾਣਯੋਗ ਅਨੀਤਾ ਅਨੰਦ, ਪ੍ਰੋਵਿੰਲਸ਼ੀਅਲ, ਟੈਰੀਟਰੀਆਂ ਤੇ ਸਥਾਨਕ ਸਰਕਾਰਾਂ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਵਿਚ ਗੱਲਬਾਤ ਕੈਨੇਡਾ ਵਿਚ ਕਾਰਾਂ ਦੀ ਚੋਰੀ ਦੀ ਸਮੱਸਿਆ ਅਤੇ ਇਸ ਨੂੰ ਰੋਕਣ ਲਈ ਉਪਰਾਲਿਆਂ ‘ਤੇ ਕੇਂਦ੍ਰਿਤ ਰਹੀ।
ਵਾਹਨਾਂ ਦੀ ਚੋਰੀ ਹਜ਼ਾਰਾਂ ਹੀ ਕੈਨੇਡਾ-ਵਾਸੀਆਂ ਨੂੰ ਹਰ ਸਾਲ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ, ਖ਼ਾਸ ਤੌਰ ‘ਤੇ ਸਹਿਰਾਂ ਵਿਚ। ਇਹ ਦੋਸ਼ੀ ਗਰੁੱਪਾਂ ਵੱਲੋਂ ਯੋਜਨਾਬੱਧ ਤਰੀਕੇ ਨਾਲ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਇਨ੍ਹਾਂ ਚੋਰੀ ਦੀਆਂ ਰਕਮਾਂ ਨਾਲ ਅੱਗੋਂ ਹੋਰ ਕਈ ਗ਼ੈਰ-ਕਾਨੂੰਨੀ ਧੰਦੇ ਕਰ ਰਹੇ ਹਨ। ਇਸ ਸਿਖ਼ਰ-ਵਾਰਤਾ ਵਿਚ ਕੈਨੇਡਾ-ਵਾਸੀਆਂ ਨੂੰ ਸੁਰੱਖ਼ਿਅਤ ਰੱਖਣ, ਵਾਹਨਾਂ ਦੀ ਚੋਰੀ ਰੋਕਣ ਅਤੇ ਚੋਰੀ ਹੋਏ ਵਾਹਨਾਂ ਦੀ ਬਰਾਮਦਗੀ ਬਾਰੇ ਗੰਭੀਰ ਵਿਚਾਰ-ਵਟਾਂਦਰਾ ਹੋਇਆ।
ਕੈਨੇਡਾ ਸਰਕਾਰ ਵੱਲੋਂ ਇਸ ਸਬੰਧੀ ਦੇਸ-ਭਰ ਵਿਚ ਤਾਲਮੇਲ ਪੈਦਾ ਕਰਕੇ ਹੇਠ ਲਿਖੇ ਢੰਗਾਂ-ਤਰੀਕਿਆਂ ਨਾਲ ਇਸ ਦੀ ਰੋਕਥਾਮ ਕੀਤੀ ਜਾਏਗੀ:
28 ਮਿਲੀਅਨ ਡਾਲਰ ਦੀ ਲਾਗਤ ਨਾਲ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐੱਸਏ) ਨੂੰ ਮਜਬੂਤ ਕੀਤਾ ਜਾਏਗਾ ਤਾਂ ਜੋ ਉਹ ਚੋਰੀ ਕੀਤੇ ਵਾਹਨਾਂ ਦੀ ਹੋਰ ਚੰਗੇਰੇ ਢੰਗ ਨਾਲ ਪੜਤਾਲ ਕਰ ਸਕੇ ਅਤੇ ਇਸ ਦਾ ਘੇਰਾ ਕੈਨੇਡਾ-ਭਰ ਦੀਆਂ ਵੱਖ-ਵੱਖ ਏਜੰਸੀਆਂ ਦੇ ਨਾਲ-ਨਾਲ ਵਿਦੇਸ਼ਾਂ ਤੱਕ ਵੀ ਵਧਾ ਸਕੇ। ਇਸ ਵਿਚ ਜਾਂਚ ਤਕਨਾਲੌਜੀ ਦੇ ਆਧੁਨਿਕ ਯੰਤਰ ਅਤੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਸ਼ਾਮਲ ਹਨ। ਵਾਹਨ ਚੋਰੀ ਕਰਨ ਲਈ ਵਰਤੇ ਜਾਂਦੇ ‘ਫਲਿੱਪਰ ਜ਼ੀਰੋ’ ਵਰਗੇ ਵਾਇਰਲੈੱਸ ਸਿਗਨਲ, ਆਦਿ ਨੂੰ ਬੈਨ ਕਰਨਾ ਵੀ ਸ਼ਾਮਲ ਹੈ ਜਿਸ ਨਾਲ ਲਾਅ ਐੱਨਫੋਰਸਮੈਂਟ ਏਜੰਸੀਆਂ ਨੂੰ ਕੈਨੇਡਾ ਦੀ ਮੰਡੀ ਵਿੱਚੋਂ ਅਜਿਹੇ ਯੰਤਰਾਂ ਨੂੰ ਹਟਾਉਣਾ ਆਸਾਨ ਹੋ ਜਾਏਗਾ।
ਫੈੱਡਰਲ ਸਰਕਾਰ ਵੱਲੋਂ ਕੀਤੀ ਜਾ ਰਹੀ 121 ਮਿਲੀਅਨ ਡਾਲਰ ਦੀ ਫੰਡਿੰਗ ਨਾਲ ਓਨਟਾਰੀਓ ਵਿਚ ਗੰਨ ਤੇ ਗੈਂਗ ਹਿੰਸਾ ਨੂੰ ਠੱਲ੍ਹ ਪਾਈ ਜਾਏਗੀ। ਇਸ ਵਿਚ ਅਪਰਾਧ ਅਤੇ ਵਾਹਨ ਚੋਰੀ ਰੋਕਣਾ ਵੀ ਸ਼ਾਮਲ ਹੈ। ਕੈਨੇਡਾ ਦਾ ਨਿਆਂ ਵਿਭਾਗ ‘ਕ੍ਰਿਮੀਨਲ ਕੋਡ’ ਵਿਚ ਲੋੜੀਂਦੀ ਤਬਦੀਲੀ ਕਰਕੇ ਵਾਹਨ ਚੋਰੀ ਦੇ ਕੇਸਾਂ ਦੀ ਜਾਂਚ ਕਰੇਗਾ। ਆਇਨੋਵੇਸ਼ਨ, ਸਾਇੰਸ ਐਂਡ ਇਕਨਾਮਿਕ ਡਿਵੈੱਲਪਮੈਂਟ ਕੈਨੇਡਾ (ਆਈਐੱਸਈਡੀ) ਕੈਨੇਡੀਅਨ ਕੰਪਨੀਆਂ ਜਿਨ੍ਹਾਂ ਵਿਚ ਵਾਹਨਾਂ ਨੂੰ ਚੋਰੀ ਤੋਂ ਬਚਾਉਣ ਲਈ ਆਟੋਮੋਟਿਵ ਇੰਡਸਟਰੀ ਵੀ ਸ਼ਾਮਲ ਹੈ, ਦੇ ਨਾਲ ਮਿਲ ਕੇ ਕੰਮ ਕਰੇਗਾ।
ਸਿਖ਼ਰ ਵਾਰਤਾ ਤੋਂ ਬਾਅਦ ਇਸ ਵਿਚ ਸ਼ਾਮਲ ਮੈਂਬਰਾਂ ਵੱਲੋਂ ਵਾਹਨਾਂ ਦੀ ਚੋਰੀ ਰੋਕਣ ਅਤੇ ਉਸ ਦੇ ਬਾਰੇ ਸਰਦੀਆਂ ਵਿਚ ਜਾਰੀ ਹੋਣ ਵਾਲੇ ਐਕਸ਼ਨ ਪਲੈਨ ਬਾਰੇ ਉਦੇਸ ਦਾ ਐਲਾਨ ਕੀਤਾ ਗਿਆ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਮੈਂ ਅਤੇ ਮੇਰੇ ਸਾਥੀ ਵਾਹਨਾਂ ਦੀ ਚੋਰੀ ਰੋਕਣ ਲਈ ਲੋੜੀਂਦੇ ਹੱਲ ਲੱਭਣ ਲਈ ਵਚਨਬੱਧ ਹਾਂ। ਕੈਨੇਡਾ-ਵਾਸੀਆਂ ਦੀ ਸੁਰੱਖਿਆ ਅਤੇ ਅਪਰਾਧਾਂ ਵਿਰੁੱਧ ਲੜਨ ਲਈ ਅਸੀਂ ਹਰੇਕ ਪੱਧਰ ਦੀਆਂ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।”

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …