ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਕੀਤੀ ਸ਼ਮੂਲੀਅਤ
ਬਰੈਂਪਟਨ/ਡਾ. ਝੰਡ : ਨਾਟਕਾਂ ਬਾਰੇ ਇਹ ਗੱਲ ਪੱਕੀ ਤਰ੍ਹਾਂ ਕਹੀ ਜਾ ਸਕਦੀ ਹੈ ਕਿ ਸਾਹਿਤ ਦੀਆਂ ਦੂਜੀਆਂ ਵਿਧਾਵਾਂ ਦੇ ਮੁਕਾਬਲੇ ਨਾਟਕ ਵਿਧਾ ਰਾਹੀਂ ਕਿਸੇ ਵੀ ਵਿਸ਼ੇ ਬਾਰੇ ਪੇਸ਼ ਕੀਤੀ ਗੱਲ ਸਿੱਧੀ ਦਰਸ਼ਕਾਂ ਦੇ ਦਿਲਾਂ ਨੂੰ ਟੁੰਬਦੀ ਹੈ। ਇਸ ਦਾ ਪ੍ਰਤੱਖ ਸਬੂਤ ਵੱਖ-ਵੱਖ ਸਮੇਂ ਪੇਸ਼ ਕੀਤੇ ਜਾਂਦੇ ਨਾਟਕਾਂ ਨੂੰ ਵੇਖਣ ਲਈ ਦਰਸ਼ਕਾਂ ਦੇ ਵੱਡੀ ਗਿਣਤੀ ਵਿੱਚ ਆਉਣ ਤੋਂ ਮਿਲਦਾ ਹੈ। ਨਾਟਕ ‘ਸੱਚ, ਸਿਰਰ ਤੇ ਸੀਸ’ ਡਾ. ਹੀਰਾ ਰੰਧਾਵਾ ਦੀ ਟੀਮ ਵੱਲੋਂ ਬਰੈਂਪਟਨ ਵਿੱਚ ਸਾਲ 2025 ਦੌਰਾਨ ਪਹਿਲਾਂ ਦੋ ਵਾਰ ਖੇਡਿਆ ਜਾ ਚੁੱਕਾ ਹੈ।
ਦਰਸ਼ਕਾਂ ਦੀ ਮੰਗ ‘ਤੇ ਪਿਛਲੇ ਹਫ਼ਤੇ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿੱਚ ‘ਬਾਬਾ ਜ਼ੋਰਾਵਰ ਸਿੰਘ-ਬਾਬਾ ਫਤਿਹ ਸਿੰਘ ਸ਼ਹੀਦੀ ਜੋੜ-ਮੇਲਾ ਕਮੇਟੀ ਆਫ਼ ਟੋਰਾਂਟੋ’ ਵੱਲੋਂ ‘ਹੈਟਸ-ਅੱਪ’ (ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੁਨਾਈਟਡ ਪ੍ਰੋਡਕਸ਼ਨਜ਼) ਦੇ ਨਾਟਕ ‘ਸੱਚ, ਸਿਰਰ, ਤੇ ਸੀਸ’ ਦੀ ਤੀਸਰੀ ਵਾਰ ਪੇਸ਼ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਵੱਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।
ਡਾ. ਹੀਰਾ ਰੰਧਾਵਾ ਦਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ ਇਹ ਨਾਟਕ ਸ੍ਰੀ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਹੈ। ‘ਹੈਟਸ-ਅੱਪ’ ਵੱਲੋਂ ਇਸ ਸਾਲ 2026 ਦੀ ਇਹ ਪਹਿਲੀ ਪੇਸ਼ਕਾਰੀ ਸੀ, ਜਦਕਿ ਇਹ ਨਾਟਕ ਪਹਿਲਾਂ ਦੋ ਵਾਰ ਪੇਸ਼ ਕੀਤਾ ਜਾ ਚੁੱਕਾ ਹੈ।
ਨਾਟਕ ਦੀ ਇਹ ਪੇਸ਼ਕਾਰੀ ਏਨੀ ਪ੍ਰਭਾਵਸ਼ਾਲੀ ਸੀ ਕਿ ਖਚਾਖਚ ਭਰੇ ਹਾਲ ਵਿੱਚ ‘ਪਿੰਨ-ਡਰਾਪ’ ਵਾਲੀ ਚੁੱਪ ਦੌਰਾਨ ਲੋਕਾਂ ਦੀਆਂ ਸਿਸਕੀਆਂ ਸੁਣਾਈ ਦੇ ਰਹੀਆਂ ਸਨ। ਉਨ੍ਹਾਂ ਦੇ ਹੱਥ ਕਲਾਕਾਰਾਂ ਦੀ ਅਦਾਕਾਰੀ ਲਈ ਤਾੜੀਆਂ ਮਾਰ ਰਹੇ ਸਨ ਅਤੇ ਜ਼ਜ਼ਬਾਤੀ ਹੋਇਆਂ ਦੀਆਂ ਅੱਖਾਂ ਵਿੱਚੋਂ ਨੀਰ ਵਹਿ ਰਿਹਾ ਸੀ।
ਵੱਡੀ ਗਿਣਤੀ ਵਿੱਚ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਆਏ ਸਨ ਜਿਹੜੇ ਆਪਣੇ ਇਤਿਹਾਸ ਨਾਲ ਇੱਕ ਮਿੱਕ ਹੋ ਕੇ ਘਟਨਾਵਾਂ ਨੂੰ ਆਪਣੀ ਰੂਹ ਵਿੱਚ ਸਮਾ ਰਹੇ ਸਨ।
ਨਾਟਕ ਦੀ ਕਹਾਣੀ ਇਤਿਹਾਸਕ ਨਗਰ ‘ਬਾਬਾ ਬਕਾਲਾ’ ਤੋਂ ਸ਼ੁਰੂ ਹੁੰਦੀ ਹੈ ਜਿਥੇ ਮੱਖਣ ਸ਼ਾਹ ਲੁਬਾਣਾ ‘ਗੁਰੂ ਲਾਧੋ-ਰੇ’ ਦਾ ਇੰਕਸ਼ਾਫ਼ ਕਰਕੇ 22 ਮੰਜੀਆਂ ਡਾਹ ਕੇ ਬੈਠੇ ਨਕਲੀ ਗੁਰੂਆਂ ਦੇ ਪਾਖੰਡ ਨੂੰ ਨੰਗਾ ਕਰਦਾ ਹੈ। ਇੱਥੋਂ ਸ਼ੁਰੂ ਹੋਇਆ ਨਾਟਕ ਆਨੰਦਪੁਰ ਦੇ ਰਸਤੇ ਚੱਲਦਾ ਦਿੱਲੀ ਪਹੁੰਚਦਾ ਹੈ, ਜਿੱਥੇ ਇਹ ਔਰੰਗਜ਼ੇਬ ਦੀ ਕੈਦ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਸਮੇਤ ਭਾਈ ਮਤੀ ਦਾਸ, ਭਾਈ ਸਤੀ ਦਾਸ, ਤੇ ਭਾਈ ਦਿਆਲ ਦੇਵ ਦੀਆਂ ਸ਼ਹੀਦੀਆਂ ਨੂੰ ਬਾਖ਼ੂਬੀ ਦਰਸਾਉਂਦਾ ਹੈ। ਨਾਟਕ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਮਗਰੋਂ ਭਾਈ ਲੱਖੀ ਸ਼ਾਹ ਵੱਲੋਂ ਗੁਰੂ ਸਾਹਿਬ ਦੇ ਧੜ ਦੇ ਸੰਸਕਾਰ ਤੇ ਭਾਈ ਜੈਤੇ ਵੱਲੋਂ ਗੁਰੂ ਜੀ ਦੇ ਸੀਸ ਨੂੰ ਆਨੰਦਪੁਰ ਪਹੁੰਚਾਉਣ ਅਤੇ ਗੁਰੂ ਗੋਬਿੰਦ ਰਾਏ ਵੱਲੋਂ ਉਸ ਨੂੰ ‘ਰੰਗਰੇਟੇ ਗੁਰੂ ਕੇ ਬੇਟੇ’ ਦੇ ਖ਼ਿਤਾਬ ਦੇਣ ਨੂੰ ਬੜੇ ਹੀ ਸੂਖ਼ਮਈ ਤਰੀਕੇ ਨਾਲ ਦਰਸਾਇਆ ਗਿਆ ਸੀ।
ਸਾਰੇ ਹੀ ਕਲਾਕਾਰਾਂ ਵੱਲੋਂ ਆਪੋ-ਆਪਣੇ ਕਿਰਦਾਰਾਂ ਨੂੰ ਬੜੀ ਹੀ ਸ਼ਿੱਦਤ ਨਾਲ ਨਿਭਾਅ ਕੇ ਆਪਣੇ ਮੰਝੇ ਹੋਏ ਕਲਾਕਾਰ ਹੋਣ ਦਾ ਸਬੂਤ ਦਿੱਤਾ ਹੈ। ਇਨ੍ਹਾਂ ਵਿੱਚ ਸ਼ਿੰਗਾਰਾ ਸਮਰਾ ਵੱਲੋਂ ਸੂਤਰਧਾਰ-ਇਤਿਹਾਸ, ਅਜਾਇਬ ਟੱਲੇਵਾਲੀਆ ਵੱਲੋਂ ਠੱਗ ਨੰਬਰ ਇੱਕ, ਅਮਨ ਗਿੱਲ ਵੱਲੋਂ ਠੱਗ ਦੋ ਅਤੇ ਦਰੋਗਾ, ਸੰਦੀਪ ਮਹੀਪ ਸਿੰਘ ਵੱਲੋਂ ਮੱਖਣ ਸ਼ਾਹ ਲੁਬਾਣਾ, ਸੁੰਦਰਪਾਲ ਰਾਜਾਸਾਂਸੀ ਵੱਲੋਂ ਮਾਈ, ਜੋਅ-ਸੰਘੇੜਾ ਵੱਲੋਂ ਸ਼ੇਖ਼, ਪਰਮਜੀਤ ਦਿਉਲ ਵੱਲੋਂ ਕਮਲ਼ੀ, ਕਰਮਜੀਤ ਗਿੱਲ ਵੱਲੋਂ ਔਰੰਗਜ਼ੇਬ, ਰਿੰਟੂ ਭਾਟੀਆ ਵੱਲੋਂ ਕੋਰਸ ਗਾਇਕਾ ਅਤੇ ਜਗਰੂਪ ਮਹਿਣਾ ਵੱਲੋਂ ਭਾਈ ਜੈਤੇ ਦੇ ਕਿਰਦਾਰ ਰੂਹ ਨਾਲ ਸਾਕਾਰ ਕੀਤੇ ਗਏ।
ਇਸ ਦੌਰਾਨ ਮਿਊਜ਼ਕ ਪ੍ਰਿੰਸੀਪਲ ਹਰਮਨਜੀਤ ਸਿੰਘ ਅਤੇ ਡਾ. ਦਲਬੀਰ ਕਥੂਰੀਆ ਵੱਲੋਂ ਲੋਕਾਂ ਦਾ ਸੁਆਗ਼ਤ ਕੀਤਾ ਗਿਆ, ਜਦਕਿ ਨਿਰਦੇਸ਼ਕ ਹੀਰਾ ਰੰਧਾਵਾ ਵੱਲੋਂ ਸੱਭਨਾਂ ਦਰਸ਼ਕਾਂ ਅਤੇ ਸਮੁੱਚੇ ਪ੍ਰਿੰਟ ਅਤੇ ਡਿਜੀਕਲ ਅਤੇ ਰੇਡੀਉ ਮੀਡੀਆ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਨਾਟਕ ਸਬੰਧੀ ਜਾਣਕਾਰੀ ਦਰਸ਼ਕਾਂ ਤੱਕ ਪੁੱਜਦੀ ਕੀਤੀ।
ਇਹ ਨਾਟਕ ਲੋਕਾਂ ਨੂੰ ਆਪਣੇ ਇਤਿਹਾਸ ਤੋਂ ਜਾਣੂੰ, ਕਰਵਾ ਕੇ ਉਸ ਨਾਲ ਇੱਕ-ਮਿੱਕ ਕਰਨ ਦੇ ਮੰਤਵ ਵਿੱਚ ਪੂਰੀ ਤਰਾਂ ਸਫ਼ਲ ਰਿਹਾ, ਜਿਸ ਲਈ ਨਿਰਦੇਸ਼ਕ ਹੀਰਾ ਰੰਧਾਵਾ ਆਪਣੀ ਪੂਰੀ ‘ਹੈਟਸ-ਅੱਪ’ ਟੀਮ ਸਮੇਤ ਵਧਾਈ ਦੀ ਹੱਕਦਾਰ ਹੈ।
ਨਾਟਕ ‘ਸੱਚ, ਸਿਰਰੁ ਤੇ ਸੀਸ’ ਦੀ ਤੀਸਰੀ ਪੇਸ਼ਕਾਰੀ ਅਤੀ ਪ੍ਰਭਾਵਸ਼ਾਲੀ ਰਹੀ
RELATED ARTICLES






