ਕੋਵਿਡ-19 ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪੰਜਾਬੀ ਭਾਸ਼ਾ ‘ਚ ਵੀ ਹੋਵੇਗੀ ਉਪਲਬਧ : ਸੋਨੀਆ ਸਿੱਧੂ
ਬਰੈਂਪਟਨ : ਫੈੱਡਰਲ ਲਿਬਰਲ ਸਰਕਾਰ ਵੱਲੋਂ ਜੀਟੀਏ ਵਿਚ ਹੁਣ ਦੱਖਣੀ ਏਸ਼ੀਆਈ ਭਾਈਚਾਰੇ (ਸਾਊਥ ਏਸ਼ੀਅਨ) ਲਈ ਇਕ ਕੋਵਿਡ -19 ਹੈਲਪਲਾਈਨ ਜਾਰੀ ਕੀਤੀ ਗਈ ਹੈ, ਜਿਸ ਰਾਹੀ ਕੋਵਿਡ-19 ਦੌਰਾਨ ਸਿਹਤ ਅਤੇ ਸੁਰੱਖਿਆ, ਇਕਾਨਮੀ ਦੇ ਮੁੜ ਖੁੱਲ੍ਹਣ ਦੀਆਂ ਪ੍ਰਕਿਰਿਆਵਾਂ ਬਾਰੇ ਵੇਰਵਾ, ਸਰਕਾਰੀ ਲਾਭਾਂ ਬਾਰੇ ਜਾਣਕਾਰੀ, ਅਤੇ ਸਹਾਇਤਾ ਸੇਵਾਵਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਹੈਲਪਲਾਈਨ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ, ਹਿੰਦੀ, ਉਰਦੂ, ਤਾਮਿਲ, ਅਤੇ ਬੰਗਲਾ ਵਿਚ ਗੱਲਬਾਤ ਕਰਨ ਲਈ 24×7 ਉਪਲਬਧ ਹੈ। ਇਸ ਸਬੰਧੀ ਗੱਲ ਕਰਦਿਆਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ”ਇਸ ਨਾਲ ਸਾਊਥ ਏਸ਼ੀਅਨ ਭਾਈਚਾਰੇ ਨਾਲ ਸਬੰਧਤ ਵਿਅਕਤੀ ਕੋਵਿਡ-19 ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਆਸਾਨੀ ਨਾਲ ਹਾਸਲ ਕਰ ਸਕਣਗੇ। ਕਈ ਵਾਰ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਨਾ ਹੋਣ ਕਾਰਨ ਸਿਹਤ, ਵਿੱਤੀ ਸਹਾਇਤਾ, ਜਾਂ ਕੋਵਿਡ-19 ਦੇ ਬਦਲਦੇ ਨਿਯਮਾਂ ਬਾਰੇ ਪਤਾ ਨਾ ਲੱਗਣ ‘ਤੇ ਮੁਸ਼ਕਿਲ ਪੇਸ਼ ਆਉਂਦੀ ਹੈ, ਜਿਸ ਕਾਰਨ ਸਰਕਾਰ ਵੱਲੋਂ ਇਹ ਹੈਲਪਲਾਈਨ ਜਾਰੀ ਕੀਤੀ ਗਈ ਹੈ, ਜਿਸ ਤਹਿਤ ਪੰਜਾਬੀ, ਉਰਦੂ, ਸਮੇਤ ਹੋਰ ਭਾਸ਼ਾਵਾਂ ਵਿਚ ਗੱਲਬਾਤ ਕੀਤੀ ਜਾ ਸਕੇਗੀ।”
ਸੋਨੀਆ ਸਿੱਧੂ ਨੇ ਫੈੱਡਰਲ ਸਰਕਾਰ ਵੱਲੋਂ ਪਾਮਾ ਆਰਟ ਗੈਲਰੀ ਲਈ 100,000 ਡਾਲਰ ਦੀ ਫੰਡਿੰਗ ਦਾ ਕੀਤਾ ਐਲਾਨ
ਕੈਨੇਡਾ ਦੀ ਸਰਕਾਰ ਵੱਲੋਂ ਕੋਵਿਡ-19 ਦੌਰਾਨ ਪ੍ਰਭਾਵਿਤ ਹੋਏ ਸਭਿਆਚਾਰ ਅਤੇ ਵਿਰਾਸਤ ਸੰਗਠਨਾਂ ਦਾ ਸਮਰਥਨ ਕਰਨ ਦੀ ਵਚਨਬੱਧਤਾ ਨੂੰ ਦੁਹਰਾੳਂਦਿਆਂ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਬਰੈਂਪਟਨ ਸਾਊਥ ਦੀ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਪਿਛਲੇ ਹਫ਼ਤੇ ਕੈਨੇਡੀਅਨ ਵਿਰਾਸਤ ਦੇ ਮੰਤਰੀ ਮਾਨਯੋਗ ਸਟੀਵਨ ਗਿਲਬੌਲਟ ਵਲੋਂ ਪੀਲ ਆਰਟ ਗੈਲਰੀ ਅਜਾਇਬ ਘਰ (ਪਾਮਾ ਆਰਟ ਗੈਲਰੀ) ਲਈ 100,000 ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ। ਇਹ ਨਿਵੇਸ਼ ਇਹ ਸੁਨਿਸ਼ਚਿਤ ਕਰੇਗਾ ਕਿ ਕੈਨੇਡੀਅਨ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਆਪਣੇ ਮਹੱਤਵਪੂਰਨ ਕੰਮ ਨੂੰ ਜਾਰੀ ਰੱਖਣ ਲਈ ਪਾਮਾ ਕੋਲ ਲੋੜੀਂਦੇ ਸਰੋਤ ਮੌਜੂਦ ਹਨ। ਇਹ ਨਿਵੇਸ਼ ਹੈਰੀਟੇਜ ਸੰਸਥਾਵਾਂ ਲਈ ਕੋਵਿਡ -19 ਐਮਰਜੈਂਸੀ ਸਹਾਇਤਾ ਫੰਡ ਅਧੀਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਦੀ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਬਰੈਂਪਟਨ ਸ਼ਹਿਰ ਵਿਚ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਲੋਕ ਮਿਲ-ਜੁਲ ਕੇ ਰਹਿੰਦੇ ਹਨ ਅਤੇ ਇਹੀ ਇਸਦੀ ਖ਼ਾਸੀਅਤ ਹੈ। ਇਹ ਐਲਾਨ ਬਰੈਂਪਟਨ ਸਾਊਥ ਅਤੇ ਪੀਲ ਦੇ ਪੂਰੇ ਖੇਤਰ ਵਿੱਚ ਸਾਡੇ ਭਾਈਚਾਰਿਆਂ ਲਈ ਬਹੁਤ ਮਹੱਤਵ ਰੱਖਦਾ ਹੈ। ਪੀਲ ਆਰਟ ਗੈਲਰੀ ਅਜਾਇਬ ਘਰ (ਪਾਮਾ) ਸਾਡੇ ਸਭਿਆਚਾਰਕ ਤਾਣੇ-ਬਾਣੇ ਦਾ ਇਹ ਇਕ ਮਹੱਤਵਪੂਰਣ ਹਿੱਸਾ ਹੈ ਅਤੇ ਕਲਾ ਪ੍ਰੋਗਰਾਮਾਂ ਅਤੇ ਪ੍ਰਦਰਸ਼ਨੀਆਂ ਦੁਆਰਾ ਬਰੈਂਪਟਨ ਦੀਆਂ ਨਵੀਆਂ ਪੀੜੀਆਂ ਨੂੰ ਵਿਰਾਸਤ ਤੋਂ ਜਾਣੂ ਕਰਵਾਉਂਦਾ ਹੈ।
ਕੋਵਿਡ -19 ਕਾਰਨ ਸਾਡੀਆਂ ਵਿਰਾਸਤ ਅਤੇ ਕਲਾ ਸੰਸਥਾਵਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਹਨ ਅਤੇ ਸਾਡੀ ਲਿਬਰਲ ਸਰਕਾਰ ਮਜ਼ਬੂਤ ਰਿਕਵਰੀ ਨੂੰ ਯਕੀਨੀ ਬਣਾਉਣ ਲਈ ਇਹਨਾਂ ਸੰਸਥਾਵਾਂ ਦੇ ਨਾਲ ਖੜ੍ਹੀ ਹੈ। ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਉਹਨਾਂ ਨੇ ਆਪਣੇ ਯੂਥ ਕੌਂਸਲ ਨੂੰ ਨਾਲ ਲੈ ਕੇ ਪਾਮਾ ਆਰਟ ਗੈਲਰੀ ਦਾ ਦੌਰਾ ਕੀਤਾ ਸੀ, ਜਿੱਥੇ ਨੌਜਵਾਨ ਆਰਟ ਗੈਲਰੀ ਪ੍ਰਦਰਸ਼ਨੀ ਰਾਹੀਂ ਸਿੱਖ ਇਤਿਹਾਸ ਸਬੰਧੀ ਮਹੱਤਵਪੂਰਨ ਜਾਣਕਾਰੀ ਅਤੇ ਤੱਥਾਂ ਤੋਂ ਜਾਣੂ ਹੋ ਸਕੇ ਸਨ। ਉਹਨਾਂ ਕਿਹਾ ਕਿ ਅਜਿਹੀਆਂ ਕਲਾ ਪ੍ਰਦਰਸ਼ਨੀਆਂ ਨਾਲ ਸਾਡੀ ਨੌਜਵਾਨ ਪੀੜੀ ਨੂੰ ਵੱਖ-ਵੱਖ ਭਾਈਚਾਰਿਆਂ ਦੇ ਵਿਰਸੇ ਅਤੇ ਸਭਿਆਚਾਰ ਦੇ ਨਾਲ ਕੈਨੇਡੀਅਨ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਦਾ ਹੈ ਜੋ ਕਿ ਬਹੁਤ ਜ਼ਰੂਰੀ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …