-17.4 C
Toronto
Friday, January 30, 2026
spot_img
Homeਕੈਨੇਡਾਫਲਾਵਰ ਸਿਟੀ ਫਰੈਂਡਜ਼ ਕਲੱਬ ਨੇ 'ਮੁਕਤੀ ਫਾਊਂਡੇਸ਼ਨ' ਵੱਲੋਂ ਦਿੱਤੀਆਂ ਜਾ ਰਹੀਆਂ ਕਮਿਊਨਿਟੀ...

ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ‘ਮੁਕਤੀ ਫਾਊਂਡੇਸ਼ਨ’ ਵੱਲੋਂ ਦਿੱਤੀਆਂ ਜਾ ਰਹੀਆਂ ਕਮਿਊਨਿਟੀ ਸੇਵਾਵਾਂ ਬਾਰੇ ਕਰਵਾਇਆ ਸੈਮੀਨਾਰ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 18 ਜਨਵਰੀ ਨੂੰ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਵੱਲੋਂ ‘ਮੁਕਤੀ ਫ਼ਾਊਂਡੇਸ਼ਨ’ ਦੇ ਵੱਲੋਂ ਕਮਿਊਨਿਟੀ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਕਮਿਊਨਿਟੀ ਸੇਵਾਵਾਂ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਮੰਤਵ ਕਲੱਬ ਦੇ ਮੈਂਬਰਾਂ ਤੇ ਹੋਰ ਲੋਕਾਂ ਨੂੰ ਇਸ ਫ਼ਾਊਂਡੇਸ਼ਨ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਜਾਣਕਾਰੀ ਸਾਂਝੀ ਕਰਨ ਦਾ ਸੀ ਜਿਨ੍ਹਾਂ ਵਿੱਚ ਕਮਿਊਨਿਟੀ ਮੈਂਬਰਾਂ ਲਈ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਣ ਤੋਂ ਬਾਅਦ ਮਿੱਟੀ ਹੋਏ ਸਰੀਰਾਂ ਦਾ ਸਤਿਕਾਰਯੋਗ ਅੰਤਮ ਸਸਕਾਰ ਕਰਨਾ ਸ਼ਾਮਲ ਹੈ। ਇਸ ਸੈਮੀਨਾਰ ਵਿੱਚ ਕਲੱਬ ਦੇ 100 ਤੋਂ ਵਧੇਰੇ ਮੈਂਬਰ ਸ਼ਾਮਲ ਹੋਏ।
ਇਸ ਸੈਮੀਨਾਰ ਦਾ ਸ਼ੁਭ ਆਰੰਭ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੀ ਪ੍ਰਧਾਨ ਜਸਵਿੰਦਰ ਦੈਂਦ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਆਏ ਮਹਿਮਾਨਾਂ ਤੇ ਕਲੱਬ ਦੇ ਮੈਂਬਰਾਂ ਨੂੰ ਜੀ-ਆਇਆਂ ਕਹਿੰਦਿਆ ਹੋਇਆਂ ਕਿਹਾ, ”ਇਸ ਸੈਮੀਨਾਰ ਦੀ ਅਹਿਮੀਅਤ ਇਸ ਗੱਲੋਂ ਹੈ ਕਿ ਇਸ ਵਿੱਚ ਮੁਕਤੀ ਫ਼ਾਊਂਡੇਸ਼ਨ ਵੱਲੋਂ ਕਮਿਊਨਿਟੀ ਦੇ ਬੜੇ ਸੰਜੀਦਾ ਅਤੇ ਜ਼ਰੂਰੀ ਮੁੱਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ।”
ਮੁਕਤੀ ਫ਼ਾਊਂਡੇਸ਼ਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਨੇ ਜਿਹਾ, ”ਮੁਕਤੀ ਫ਼ਾਂਊਂਡੇਸ਼ਨ ਇੱਕ ‘ਨਾਨ-ਪਰਾਫਿਟ ਆਰਗੇਨਾਈਜ਼ੇਸ਼ਨ’ ਹੈ ਜੋ ਮਨੁੱਖ ਦੀ ਮੌਤ ਤੋਂ ਬਾਅਦ ਸਰੀਰ ਦਾ ਅੰਤਮ ਸਸਕਾਰ ਦੇ ਪ੍ਰਬੰਧਾਂ ਵਿੱਚ ਸਵੈਮਾਣ, ਪਾਰਦਰਸ਼ਤਾ ਅਤੇ ਅਫੌਰਡੇਬਿਲਿਟੀ ਵਿੱਚ ਵਿਸ਼ਵਾਸ ਰੱਖਦੀ ਹੈ।” ਉਨ੍ਹਾਂ ਦੱਸਿਆ ਕਿ ਇਸ ਨਾਲ ਕੋਈ ਵੀ ਪਰਿਵਾਰ ਮਾਯੂਸੀ ਅਤੇ ਆਰਥਿਕ ਬੋਝ ਮਹਿਸੂਸ ਨਹੀਂ ਕਰੇਗਾ।
ਮੁਕਤੀ ਫ਼ਾਂਊਡੇਸ਼ਨ ਦੀ ਕਾਰਜ-ਪ੍ਰਣਾਲੀ ਦੇ ਵਿਸਥਾਰ ਵਿਚ ਜਾਂਦਿਆਂ ਉਨ੍ਹਾਂ ਕਿਹਾ ਕਿ ਇਹ ‘ਮੈਂਬਰਸ਼ਿਪ ਬੇਸਡ ਕਮਿਊਨਿਟੀ ਸੁਪੋਰਟਿਡ ਮਾਡਲ’ ਆਧਾਰਿਤ ਕੰਮ ਕਰਦੀ ਹੈ ਅਤੇ ਕੈਨੇਡਾ ਵਿੱਚ ਰਹਿੰਦਾ 18 ਸਾਲ ਤੋਂ ਉੱਪਰ ਵਾਲਾ ਬਾਲਗ ਇਸ ਸੰਸਥਾ ਦਾ ਮੈਂਬਰ ਬਣ ਸਕਦਾ ਹੈ।
ਨਿਰਧਾਰਿਤ ਫ਼ਾਰਮ ਉੱਪਰ ਮੈਂਬਰ ਬਾਰੇ ਪੂਰੀ ਜਾਣਕਾਰੀ ਸਮੇਤ ਉਸ ਕੋਲੋਂ ਇੱਕ ਹੀ ਵਾਰ ਲਈ ਜਾਣ ਵਾਲੀ ਮੈਂਬਰਸ਼ਿਪ ਫ਼ੀਸ 100 ਡਾਲਰ ਹੈ ਅਤੇ ਇਹ ਮੈਂਬਰਸ਼ਿਪ ਉਸਦੀ ਐੱਨਰੋਲਮੈਂਟ ਤੋਂ 90 ਦਿਨਾਂ ਬਾਅਦ ਅਧਿਕਾਰਤ ਤੌਰ ‘ਤੇ ਸ਼ੁਰੂ ਹੋ ਜਾਂਦੀ ਹੈ। ਕਿਸੇ ਵੀ ਮੈਂਬਰ ਦੇ ਅਕਾਲ-ਚਲਾਣਾ ਹੋ ਜਾਣ ‘ਤੇ ਮੁਕਤੀ ਫ਼ਾਂਊਂਡੇਸ਼ਨ ਵੱਲੋਂ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਫਿਊਨਰਲ ਹੋਮ ਦੀ ਚੋਣ ਕਰਨ ਵਿੱਚ ਸਹਾਇਤਾ ਕੀਤੀ ਜਾਂਦੀ ਹੈ ਅਤੇ ਫਿਊਨਰਲ ਉੱਪਰ ਹੋਣ ਵਾਲਾ ਸਾਰਾ ਖ਼ਰਚਾ ਮੈਂਬਰਾਂ ਦੇ ‘ਪ੍ਰੀਆਥੋਰਾਈਜ਼ਡ ਅਕਾਊਂਟਸ’ ਵਿਚ ਬਰਾਬਰ ਵੰਡ ਦਿੱਤਾ ਜਾਂਦਾ ਹੈ। ਜੇਕਰ ਕਿਸੇ ਮੈਂਬਰ ਦੀ ਭਾਰਤ ਵਿੱਚ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਇਹ ਫ਼ਾਂਊਂਡੇਸ਼ਨ ਉੱਥੇ ਫਿਊਨਰਲ ਉੱਪਰ ਹੋਣ ਵਾਲੇ ਖ਼ਰਚੇ ਨੂੰ ਵੀ ਕਵਰ ਕਰਦੀ ਹੈ।
ਮੁਕਤੀ ਫ਼ਾਂਊਂਡੇਸ਼ਨ ਦੀ ਸਾਰਥਿਕਤਾ ਬਾਰੇ ਬੋਲਦਿਆਂ ਕਲੱਬ ਦੇ ਮੈਂਬਰ ਸੁਖਦੇਵ ਸਿੰਘ ਬੇਦੀ ਨੇ ਕਿਹਾ, ”ਮੁਕਤੀ ਫ਼ਾਂਊਂਡੇਸ਼ਨ ਵਰਗੀਆਂ ਸੰਸਥਾਵਾਂ ਮੁਸ਼ਕਲ ਸਮੇਂ ਪਰਿਵਾਰਾਂ ਦੀ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਹ ਉਸ ਵੇਲੇ ਦਿਆਲਤਾ, ਜ਼ਿੰਮੇਂਵਾਰੀ ਅਤੇ ਕਮਿਊਨਿਟੀ ਦੀ ਏਕਤਾ ਤੇ ਤਾਕਤ ਦਾ ਪ੍ਰਗਟਾਵਾ ਕਰਦੀਆਂ ਹਨ।”
ਇਸ ਮੌਕੇ ਕਲੱਬ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਮੁਕਤੀ ਫ਼ਾਂਊਂਡੇਸ਼ਨ ਦੀ ਮੈਂਬਰ ਨਿਸ਼ੀ ਸ਼ਰਮਾ ਨੇ ਕਿਹਾ, ”ਮੈਂ ਇਸ ਸੰਗਠਨ ਦੀ ਮੈਂਬਰ ਇਸ ਕਰਕੇ ਬਣੀ ਹਾਂ, ਕਿਉਂਕਿ ਇਹ ਫ਼ਾਂਊਂਡੇਸ਼ਨ ਸਵੈਮਾਣ, ਪਾਰਦਰਸ਼ਤਾ ਅਤੇ ਆਪਣੇ ਮੰਤਵ ਲਈ ਬਹੁਤ ਵਧੀਆ ਤਰ੍ਹਾਂ ਨਿਰਧਾਰਿਤ ਸਿਸਟਮ ਅਨੁਸਾਰ ਕੰਮ ਕਰ ਰਹੀ ਹੈ। ਇਹ ਮੈਨੂੰ ਪੂਰਨ ਵਿਸ਼ਵਾਸ ਦਿਵਾਉਂਦੀ ਹੈ ਕਿ ਇੱਥੇ ਸਾਰਾ ਕੰਮ ਬੜੇ ਚੰਗੇ ਢੰਗ ਨਾਲ ਚਲਾਇਆ ਜਾ ਰਿਹਾ ਹੈ।”
ਉਪਰੰਤ, ਸਰੋਤਿਆਂ ਵੱਲੋਂ ਕੀਤੇ ਗਏ ਸੁਆਲਾਂ ਦੇ ਜੁਆਬ ਬੁਲਾਰਿਆਂ ਵੱਲੋਂ ਤਸੱਲੀ ਪੂਰਵਕ ਦਿੱਤੇ ਗਏ। ਇਸ ਮੌਕੇ ਕਲੱਬ ਦੇ 30 ਮੈਂਬਰ ਮੁਕਤੀ ਫ਼ਾਂਊਂਡੇਸ਼ਨ ਦੇ ਦਾਖ਼ਲਾ ਫ਼ਾਰਮ ਭਰ ਕੇ ਇਸ ਦੇ ਮੈਂਬਰ ਬਣੇ। ਅਖ਼ੀਰ ਵਿੱਚ ਮੁਕਤੀ ਫ਼ਾਂਊਂਡੇਸ਼ਨ ਦੀ ਮੈਂਬਰ ਜਤਿੰਦਰ ਕੌਰ ਵੱਲੋਂ ਬੁਲਾਰਿਆਂ, ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੇ ਮੈਂਬਰਾਂ ਅਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ, ”ਕਲੱਬ ਦੇ ਮੈਂਬਰਾਂ ਵੱਲੋਂ ਸਾਡੀ ਮੁਕਤੀ ਫ਼ਾਂਊਡੇਸ਼ਨ ਵਿੱਚ ਭਾਰੀ ਉਤਸ਼ਾਹ ਵਿਖਾਇਆ ਗਿਆ ਹੈ। ਇਸ ਨਾਲ ਸਾਡੇ ਮਿਸ਼ਨ ਨੂੰ ਹੋਰ ਵੀ ਸ਼ਕਤੀ ਪ੍ਰਾਪਤ ਹੋਈ ਹੈ। ਮੈਂ ਕਲੱਬ ਦੇ ਸਮੂਹ ਮੈਂਬਰਾਂ ਦਾ ਹਾਰਦਿਕ ਧੰਨਵਾਦ ਕਰਦੀ ਹਾਂ।”

 

RELATED ARTICLES
POPULAR POSTS