Breaking News
Home / ਕੈਨੇਡਾ / ਕੈਨੇਡਾ ਡੈਂਟਲ ਬੈਨੀਫਿਟ ਲਈ ਅਰਜ਼ੀਆਂ ਲੈਣ ਦਾ ਕੰਮ ਹੋਇਆ ਸ਼ੁਰੂ

ਕੈਨੇਡਾ ਡੈਂਟਲ ਬੈਨੀਫਿਟ ਲਈ ਅਰਜ਼ੀਆਂ ਲੈਣ ਦਾ ਕੰਮ ਹੋਇਆ ਸ਼ੁਰੂ

ਯੋਗ ਪਰਿਵਾਰ ਲੈ ਸਕਦੇ ਨੇ 650 ਡਾਲਰ ਤੱਕ ਪ੍ਰਤੀ ਬੱਚਾ ਲਾਭ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਰੈਂਪਟਨ-ਵਾਸੀਆਂ ਨਾਲ ਇਹ ਖ਼ਬਰ ਸਾਂਝੀ ਕਰਦਿਆਂ ਦੱਸਿਆ ਕਿ ਨਵੀਂ ਇਨਟੈਰਿਮ ਕੈਨੇਡਾ ਡੈਂਟਲ ਬੈਨੀਫ਼ਿਟ ਸਕੀਮ ਲਈ ਅਰਜ਼ੀਆਂ ਲੈਣ ਦਾ ਕੰਮ ਆਰੰਭ ਹੋ ਚੁੱਕਾ ਹੈ। ਇਸ ਸਕੀਮ ਨਾਲ ਯੋਗ ਪਰਿਵਾਰ ਆਪਣੇ ਬੱਚਿਆਂ ਦੇ ਦੰਦਾਂ ਦੇ ਇਲਾਜ ਲਈ 650 ਡਾਲਰ ਪ੍ਰਤੀ ਬੱਚੇ ਦੇ ਹਿਸਾਬ ਨਾਲ ਇਹ ਲਾਭ ਲੈ ਸਕਦੇ ਹਨ। ਬਾਰਾਂ ਸਾਲ ਤੋਂ ਛੋਟੇ ਦੋ ਬੱਚਿਆਂ ਦੇ ਦੰਦਾਂ ਦੇ ਇਲਾਜ ਲਈ ਇਹ ਰਾਸ਼ੀ 1300 ਡਾਲਰ ਤੱਕ ਮਿਲ ਸਕਦੀ ਹੈ।
ਬੱਚਿਆਂ ਦੇ ਦੰਦਾਂ ਦੀ ਸੁਰੱਖਿਆ ਲਈ ਇਸ ਨਵੀਂ ਸਕੀਮ ਰਾਹੀਂ ਕੈਨੇਡਾ ਵਿੱਚ ਲੱਗਭੱਗ 500,000 ਬੱਚਿਆਂ ਦੀ ਮਦਦ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਬਾਰੇ ਵਿਸਥਾਰ ਵਿਚ ਜਾਂਦਿਆਂ ਸੋਨੀਆ ਸਿੱਧੂ ਨੇ ਕਿਹਾ, ”ਦੰਦਾਂ ਦੀ ਗੁਣਾਤਮਿਕ ਸੁਰੱਖਿਆ ਸਮੁੱਚੀ ਸਿਹਤ ਦਾ ਮੁੱਖ ਅੰਗ ਹੈ ਪਰ ਇਹ ਪ੍ਰਕਿਰਿਆ ਕਾਫ਼ੀ ਮਹਿੰਗੀ ਹੋਣ ਕਾਰਨ ਹਰ ਕੋਈ ਇਸ ਨੂੰ ਅਪਨਾਅ ਨਹੀਂ ਸਕਦਾ। ਕੈਨੇਡਾ ਸਰਕਾਰ ਦੀ ਇਹ ਨਵੀਂ ਡੈਂਟਲ ਕੇਅਰ ਸਕੀਮ ਉਨ੍ਹਾਂ ਪਰਿਵਾਰਾਂ ਲਈ ਮਦਦਗਾਰ ਸਾਬਤ ਹੋਵੇਗੀ ਜੋ ਆਪਣੇ ਬੱਚਿਆਂ ਦੇ ਦੰਦਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਅਤੇ ਇਨ੍ਹਾਂ ਦੇ ਇਲਾਜ ਲਈ ਇੱਛਕ ਹੋਣਗੇ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਦੰਦਾਂ ਦੀਆਂ ਬੀਮਾਰੀਆਂ ਪ੍ਰੀ-ਸਕੂਲ ਤੋਂ ਹੀ ਆਰੰਭ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਦਾ ਡਾਕਟਰੀ ਇਲਾਜ ਸੰਭਵ ਹੈ। ਇਹ ਇਲਾਜ ਜੇਕਰ ਸ਼ੁਰੂ ਵਿਚ ਹੀ ਕਰਵਾ ਲਿਆ ਜਾਏ ਤਾਂ ਇਸ ਉੱਪਰ ਬਾਅਦ ਵਿੱਚ ਆਉਣ ਵਾਲੇ ਵਧੇਰੇ ਖ਼ਰਚੇ ਤੋਂ ਬਚਿਆ ਜਾ ਸਕਦਾ ਹੈ।” ਉਨ੍ਹਾਂ ਕਿਹਾ ਕਿ ਇਹ ਸਕੀਮ ਬਿਲਕੁਲ ਟੈਕਸ-ਰਹਿਤ ਹੈ ਅਤੇ ਇਹ ਤੁਸੀਂ ਆਪਣੇ ਖ਼ੇਤਰ ਵਿੱਚ ਕਿਸੇ ਵੀ ਦੰਦਾਂ ਦੇ ਡਾਕਟਰ ਕੋਲੋਂ ਦੰਦਾਂ ਦੀ ਕਿਸੇ ਵੀ ਕਿਸਮ ਦੀ ਸੁਰੱਖਿਆ ਲਈ ਅਪਨਾਅ ਸਕਦੇ ਹੋ। ਇਸ ਸਕੀਮ ਦੇ ਲਾਭ ਸਾਲ 2024 ਤੱਕ ਉਪਲੱਭਧ ਹੋਣਗੇ, ਜਦਕਿ ਨੈਸ਼ਨਲ ਡੈਂਟਲ ਕੇਅਰ ਤਹਿਤ ਇਹ ਕੰਮ ਲੰਮੇਂ ਸਮੇਂ ਲਈ ਚੱਲਦਾ ਰਹੇਗਾ। ਇਸ ਦੇ ਨਾਲ ਹੀ ਇਸ ਸਕੀਮ ਲਈ ਯੋਗ ਪਰਿਵਾਰਾਂ ਨੂੰ ਦੰਦਾਂ ਦੇ ਇਲਾਜ ਨਾਲ ਸਬੰਧਿਤ ਰਸੀਦਾਂ ਦੀ ਸੰਭਾਲ ਕਰਨ ਲਈ ਮਸ਼ਵਰਾ ਦਿੱਤਾ ਜਾ ਰਿਹਾ ਹੈ। ਇਸ ਸਕੀਮ ਦੇ ਲਈ ਪਰਿਵਾਰਾਂ ਦੇ ਕੁਆਲੀਫ਼ਾਈ ਕਰਨ ਬਾਰੇ ਉਨ੍ਹਾਂ ਦੱਸਿਆ ਕਿ ਇਸ ਦੇ ਲਾਭ ਉਨ੍ਹਾਂ ਪਰਿਵਾਰਾਂ ਲਈ ਹਨ ਜਿਨ੍ਹਾਂ ਦੇ ਬੱਚੇ 1 ਦਸੰਬਰ 2022 ਨੂੰ 12 ਸਾਲ ਤੋਂ ਛੋਟੇ ਹਨ ਅਤੇ ਉਹ ਉਨ੍ਹਾਂ ਬੱਚਿਆਂ ਲਈ ਕੈਨੇਡਾ ਚਾਈਲਡ ਬੈਨੀਫ਼ਿਟ ਲੈਂਦੇ ਹੋਣੇ ਚਾਹੀਦੇ ਹਨ। ਪਰਿਵਾਰ ਦੀ ਸਲਾਨਾ ਆਮਦਨ 90,000 ਡਾਲਰ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਬੱਚਾ/ਬੱਚੇ ਪ੍ਰਾਈਵੇਟ ਡੈਂਟਲ ਇੰਸ਼ੋਰੈਂਸ ਅਧੀਨ ਕੱਵਰ ਨਹੀਂ ਹੋਣੇ ਚਾਹੀਦੇ। ਪਰਿਵਾਰਾਂ ਨੇ ਸਾਲ 2021 ਲਈ ਟੈਕਸ ਦੀ ਰਿਟਰਨ ਭਰੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਕੋਲ ਅਕਤੂਬਰ 1, 2022 ਤੋਂ ਜੂਨ 30, 2023 ਤੱਕ ਇਹ ਖ਼ਰਚਾ ਆਪਣੀ ਜੇਬ ਵਿੱਚੋਂ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ, ਕਿਉਂਕਿ ਇਸ ਅਰਸੇ ਲਈ ਇਹ ਖ਼ਰਚਾ ਕੱਵਰਡ ਨਹੀਂ ਹੈ ਅਤੇ ਨਾ ਹੀ ਇਸ ਹੋਏ ਖ਼ਰਚੇ ਨੂੰ ਵਾਪਸ ਸੋੜਨ ਦੀ ਵਿਵਸਥਾ ਕਿਸੇ ਸਰਕਾਰ ਦੇ ਡੈਂਟਲ ਪ੍ਰੋਗਰਾਮ ਵਿਚ ਸ਼ਾਮਲ ਹੈ। ਇਸ ਸਕੀਮ ਲਈ ਯੋਗ ਪਰਿਵਾਰ ਸੀ ਆਰ ਏ ਮਾਈ ਅਕਾਊਂਟ ਤੇ ਜਾ ਕੇ ਆਨ ਲਾਈਨ ਅਪਲਾਈ ਕਰ ਸਕਦੇ ਹਨ ਜਾਂ ਉਹ 1-800-715-8836 ਤੇ ਫ਼ੋਨ ਵੀ ਕਰ ਸਕਦੇ ਹਨ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …