ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਰਮਿੰਦਰ ਰਮੀ ਨੂੰ ਪੰਜਾਬ ਸਾਹਿਤ ਅਕਾਦਮੀ ਦਾ ਅਸੋਸੀਏਟ ਮੈਂਬਰ ਬਨਣ ‘ਤੇ ਉਹਨਾਂ ਵੱਲੋਂ ਮਿਸਿਜ਼ ਬਲਵਿੰਦਰ ਚੱਠਾ ਨੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਡਾਕਟਰ ਅਜੈਬ ਸਿੰਘ ਚੱਠਾ ਚੇਅਰਮੈਨ, ਦਲਜੀਤ ਸਿੰਘ ਗੈਦੂ ਚੇਅਰਮੈਨ, ਕੁਲਵੰਤ ਕੌਰ ਗੈਦੂ, ਹਰਦਿਆਲ ਸਿੰਘ ਝੀਤਾ ਚੇਅਰਮੈਨ, ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਕੌਰ, ਬਲਵਿੰਦਰ ਕੌਰ, ਅਰਵਿੰਦਰ ਢਿੱਲੋਂ ਤੇ ਉਹਨਾਂ ਦੇ ਮਿਸਿਜ਼ ਡਾ . ਜਸਵਿੰਦਰ ਢਿੱਲੋਂ, ਮਨਪ੍ਰੀਤ ਕੌਰ, ਹਰਜੀਤ ਕੌਰ ਬੰਮਰਾ, ਮਕਸੂਦ ਚੌਧਰੀ, ਮਲਵਿੰਦਰ ਸਿੰਘ ਤੇ ਹੋਰ ਬਹੁਤ ਨਾਮਵਰ ਕਵੀ ਸ਼ਾਇਰ ਤੇ ਸਾਹਿਤਕਾਰ ਹਾਜ਼ਰ ਸਨ।
ਐੱਮ.ਪੀ ਐੱਮ.ਪੀ.ਪੀ., ਰੀਜ਼ਨਲ ਕਾਊਂਸਲਰ, ਸਿਟੀ ਕਾਊਂਸਲਰ, ਸਕੂਲ ਟਰੱਸਟੀ ਤੇ ਕਈ ਹੋਰਨਾਂ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ : ਕੈਨੇਡਾ ਦੇ ਗੌਰਵਮਈ ਇਤਿਹਾਸ ਦਾ ਪ੍ਰਤੀਕ ‘ਕੈਨੇਡਾ ਡੇਅ’ ਪਹਿਲੀ ਜੁਲਾਈ ਨੂੰ ਦੇਸ਼-ਭਰ ਵਿਚ ਸਾਰੀਆਂ ਕਮਿਊਨਿਟੀਆਂ ਵੱਲੋਂ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਵੱਖ-ਵੱਖ ਸੰਸਥਾਵਾਂ ਵੱਲੋਂ ਕਈ ਪ੍ਰਕਾਰ ਦੇ ਉਲੀਕੇ ਗਏ ਪ੍ਰੋਗਰਾਮਾਂ ਨੂੰ ਇਸ ਦਿਨ ਸਰਅੰਜਾਮ ਦਿੱਤਾ ਜਾਂਦਾ ਹੈ। ਏਸੇ ਕੜੀ ਵਿਚ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਬਰੈਂਪਟਨ ਵਿਚ ਪਿਛਲੇ ਪੰਜ-ਛੇ ਸਾਲਾਂ ਤੋਂ ਵਿਚਰ ਰਹੀ ਸੰਸਥਾ ‘ਪੀ.ਐੱਸ.ਬੀ. ਸੀਨੀਅਰਜ਼ ਕਲੱਬ’ ਵੱਲੋਂ ਲੰਘੇ ਸ਼ੁੱਕਰਵਾਰ ਪਹਿਲੀ ਜੁਲਾਈ ਨੂੰ ਇਹ ਇਤਿਹਾਸਕ ਦਿਨ ਗੋਰ-ਮੀਡੋਜ਼ ਕਮਿਊਨਿਟੀ ਸੈਂਟਰ ਦੇ ਹਾਲ ਨੰਬਰ 2 ਵਿਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਵਿਚ ਹੋਏ ਰੰਗਾ-ਰੰਗ ਪ੍ਰੋਗਰਾਮ ਦੌਰਾਨ ਬਰੈਂਪਟਨ ਦੇ ਕਈ ਪਾਰਲੀਮੈਂਟ ਮੈਂਬਰ, ਪ੍ਰੋਵਿੰਸ਼ੀਅਲ ਪਾਰਲੀਮੈਂਟ ਮੈਂਬਰ, ਬਰੈਂਪਟਨ ਸਿਟੀ ਕਾਊਂਸਲ ਦੇ ਰੀਜਨਲ ਕਾਊਂਸਲਰ, ਸਿਟੀ ਕਾਊਂਸਲਰ, ਸਕੂਲ-ਟਰੱਸਟੀ ਤੇ ਸਮਾਜ ਦੇ ਕਈ ਵਰਗਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਅਤੇ ਹਾਜ਼ਰੀਨ ਨਾਲ ‘ਕੈਨੇਡਾ ਡੇਅ’ ਦੀਆਂ ਮੁਬਾਰਕਾਂ ਸਾਂਝੀਆਂ ਦਿੱਤੀਆਂ, ਅਤੇ ਉਨ੍ਹਾਂ ਨਾਲ ਇਸ ਦਿਨ ਦੀ ਮਹਾਨਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਪੀ.ਐੱਸ.ਬੀ. ਸੀਨੀਅਰਜ਼ ਕਲੱਬ ਦੇ ਮੈਂਬਰ ਸਵੇਰੇ ਸਾਢੇ ਦਸ ਵਜੇ ਪਰਿਵਾਰਾਂ ਸਮੇਤ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਦੇ ਹਾਲ ਵਿਚ ਆਉਣੇ ਆਰੰਭ ਹੋ ਗਏ ਅਤੇ ਸਨੈਕਸ ਤੇ ਚਾਹ-ਪਾਣੀ ਛਕਣ ਤੋਂ ਬਾਅਦ ਗਿਆਰਾਂ ਵਜੇ ਦੇ ਕਰੀਬ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਨੇ ਸਰੋਤਿਆਂ ਨੂੰ ਕੈਨੇਡਾ ਡੇਅ ਦੀਆਂ ਮੁਬਾਰਕਾਂ ਦਿੰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਗਲੋਰੀ ਗਲਿਆਨੀ ਵੱਲੋਂ ਗਾਏ ਕੈਨੇਡਾ ਦੇ ਰਾਸ਼ਟਰੀ-ਗੀਤ ‘ਓ ਕੈਨੇਡਾ’ ਨਾਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕੈਨੇਡਾ ਦੇ ਚਾਰ ਵੱਡੇ ਪ੍ਰੋਵਿੰਸਾਂ ਨੋਵਾ ਸਕੋਸ਼ੀਆ, ਬਰੱਨਜ਼ਵਿਕ, ਕਿਊਬਿਕ ਤੇ ਓਨਟਾਰੀਓ ਨੂੰ ਮਿਲਾ ਕੇ ਪਹਿਲਾਂ ‘ਡੋਮਿਨੀਅਮ ਆਫ਼ ਕੈਨੇਡਾ’ ਅਤੇ ਫਿਰ ‘ਕਨਫ਼ੈੱਡਰੇਸ਼ਨ ਆਫ਼ ਡੋਮਿਨੀਅਮ’ ਤੋਂ ‘ਕੈਨੇਡਾ ਦੇਸ’ ਬਣਨ ਦੇ ਲੰਮੇ ਸਫ਼ਰ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਗਲੋਰੀ ਨੂੰ ਗੀਤ ਪੇਸ਼ ਕਰਨ ਲਈ ਕਿਹਾ ਗਿਆ ਜਿਸ ਨੇ ਆਪਣੀ ਸੁਰੀਲੀ ਆਵਾਜ਼ ਵਿਚ ਪੰਜਾਬੀ ਤੇ ਹਿੰਦੀ ਦੇ ਤਿੰਨ ਗੀਤ ਸੁਣਾ ਕੇ ਸਰੋਤਿਆਂ ਦੀ ਖ਼ੂਬ ਵਾਹ-ਵਾਹ ਖੱਟੀ।
ਇਸ ਦੌਰਾਨ ਸਮਾਰੋਹ ਦੇ ਮਹਿਮਾਨ ਬੁਲਾਰੇ ਬਰੈਂਪਟਨ ਸਿਟੀ ਕਾਊਂਸਲ ਦੇ ਵਾਰਡ ਨੰਬਰ 9-10 ਦੇ ਰੀਜ਼ਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕਾਊਂਸਲਰ ਹਰਕੀਰਤ ਸਿੰਘ ਅਤੇ ਸਕੂਲ-ਟਰੱਸਟੀ ਬਲਬੀਰ ਸੋਹੀ ਵੀ ਸਮਾਗਮ ਵਿਚ ਪਹੁੰਚ ਗਏ। ਗੁਰਪ੍ਰੀਤ ਢਿੱਲੋਂ ਤੇ ਹਰਕੀਰਤ ਸਿੰਘ ਨੇ ਆਪਣੇ ਸੰਬੋਧਨਾਂ ਵਿਚ ਪੀ.ਐੱਸ.ਬੀ. ਦੇ ਮੈਂਬਰਾਂ ਤੇ ਹੋਰ ਸਰੋਤਿਆਂ ਨੂੰ ਕੈਨੇਡਾ-ਡੇਅ ਦੀਆਂ ਵਧਾਈਆਂ ਦਿੱਤੀਆਂ ਅਤੇ ਸਿਟੀ ਕਾਊਂਸਲ ਵੱਲੋਂ ਬਰੈਂਪਟਨ ਵਿਚ ਕੀਤੇ ਜਾ ਰਹੇ ਉਸਾਰੂ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬਰੈਂਪਟਨ ਵਿਚ ਵੱਖ-ਵੱਖ ਕਮਿਊਨਿਟੀਆਂ ਦੇ ਲੋਕ ਮਿਲ਼-ਜੁਲ ਕੇ ਬੜੇ ਪ੍ਰੇਮ-ਪਿਆਰ ਨਾਲ ਰਹਿ ਰਹੇ ਹਨ ਅਤੇ ਇੱਥੇ ਬੜੀ ਤੇਜ਼ੀ ਨਾਲ ਕੈਨੇਡਾ ਦੇ ਸਾਂਝੇ ਸੱਭਿਆਚਾਰ ਦੀ ਬਣਤਰ ਬਣ ਰਹੀ ਹੈ। ਉਨ੍ਹਾਂ ਵੱਲੋਂ ਪੀ.ਐੱਸ.ਬੀ. ਦੇ ਅਹੁਦੇਦਾਰਾਂ ਨੂੰ ਬਰੈਂਪਟਨ ਸਿਟੀ ਦੇ ਯਾਦਗਾਰੀ-ਚਿੰਨ੍ਹ ਵੀ ਭੇਂਟ ਕੀਤੇ ਗਏ। ਕੈਨੇਡਾ ਦੀਆਂ ਖ਼ੂਬਸੂਰਤ ਕਦਰਾਂ-ਕੀਮਤਾਂ ਦੀ ਗੱਲ ਕਰਦਿਆਂ ਸਕੂਲ-ਟਰੱਸਟੀ ਬਲਬੀਰ ਸੋਹੀ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਨ੍ਹਾਂ ਦੇ ਨਾਲ ਜੋੜਨ ਦੀ ਗੱਲ ਕੀਤੀ।
ਪੀੜ੍ਹੀਆਂ ਵਿਚ ਤੇਜ਼ੀ ਨਾਲ ਵੱਧ ਰਹੇ ਫਾਸਲੇ ਨੂੰ ਘਟਾਉਣ ਲਈ ਉਨ੍ਹਾਂ ਸੀਨੀਅਰਾਂ ਨੂੰ ਆਪਣੇ ਪੋਤੇ-ਪੋਤੀਆਂ/ਦੋਹਤੇ-ਦੋਹਤੀਆਂ ਨਾਲ ਦੋਸਤਾਨਾ ਸਬੰਧ ਬਨਾਉਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਡਰੱਗਜ਼ ਦੇ ਕੋਹੜ ਤੋਂ ਕੋਹਾਂ ਦੂਰ ਰੱਖਣ ਲਈ ਬੇਨਤੀ ਵੀ ਕੀਤੀ।
ਇਸ ਤੋਂ ਬਾਅਦ ਵਾਰੀ ਆਈ ‘ਟੋਰਾਂਟੋ ਮਿਊਜ਼ੀਕਲ ਗਰੁੱਪ’ ਦੀ, ਜਿਸ ਦੇ ਕਲਾਕਾਰਾਂ ਸੁਬਾ ਕ੍ਰਿਸ਼ਨਨ, ਰਾਜੀਵ ਸੂਦ ਤੇ ਸਾਦਿਕ ਮਹਿਮੂਦ ਨੇ ਆਪਣੀਆਂ ਖ਼ੂਬਸੂਰਤ ਆਵਾਜਾਂ ਵਿਚ ਵੀਹਵੀ ਸਦੀ ਦੇ ਸੱਠਵਿਆਂ ਤੇ ਸੱਤਰਵਿਆਂ ਦੀਆਂ ਫ਼ਿਲਮਾਂ ਦੇ ਗੀਤ ਗਾ ਕੇ ਹਿੰਦੀ ਫ਼ਿਲਮਾਂ ਦੇ ‘ਸੁਨਹਿਰੀ ਯੁਗ’ ਦੀ ਯਾਦ ਤਾਜ਼ਾ ਕਰਵਾ ਦਿੱਤੀ। ਰਾਜੀਵ ਸੂਦ ਨੇ ਗਾਇਕ ਸਵ. ਹੇਮੰਤ ਕੁਮਾਰ ਦੀ ਆਵਾਜ਼ ਨਾਲ ਬਿਲਕੁਲ ਮੇਲ ਖਾਂਦੀ ਆਪਣੀ ਆਵਾਜ਼ ਵਿਚ ”ਯੇ ਚਾਂਦਨੀ ਰਾਤ ਔਰ ਯੇ ਸਮਾਂ, ਸੁਨ ਲੇ ਦਿਲ ਕੀ ਦਾਸਤਾਂ” ਅਤੇ ਸਵ. ਮੰਨਾ ਡੇ ਦੇ ਗਾਏ ਹੋਏ ਫ਼ਿਲਮ ‘ਵਕਤ’ ਦੇ ਸਦਾ-ਬਹਾਰ ਗੀਤ ”ਐ ਮੇਰੀ ਜੌਹਰੇ-ਜਬੀਂ, ਤੁਝੇ ਮਾਲੂਮ ਨਹੀਂ, ਤੂ ਅਬ ਤੱਕ ਹੈ ਹਸੀਂ ਔਰ ਮੈਂ ਜਵਾਂ” ਅਤੇ ਹੋਰ ਕਈ ਗੀਤਾਂ ਨਾਲ ਨਾਲ ਖ਼ੂਬ ਰੰਗ ਬੰਨ੍ਹਿਆਂ। ਏਸੇ ਤਰ੍ਹਾਂ ਦੂਸਰੇ ਗਾਇਕ ਸਾਦਿਕ ਮਹਿਮੂਦ ਨੇ ਸਵ. ਮੁਹੰਮਦ ਰਫ਼ੀ ਸਾਹਿਬ ਦੇ ਗਾਏ ਹੋਏ ਕਈ ਗੀਤ ਗਾਏ ਅਤੇ ਗਾਇਕਾ ਸੁਬਾ ਕ੍ਰਿਸ਼ਨਨ ਜਿਸ ਦੀ ਆਵਾਜ਼ ਵਿਚੋਂ ਲਤਾ ਮੰਗੇਸ਼ਕਰ ਦੀ ਆਵਾਜ਼ ਦੀ ਝਲਕ ਪੈਂਦੀ ਸੀ, ਨੇ ਉਨ੍ਹਾਂ ਦੇ ਕਈ ਹਿੱਟ ਗੀਤ ਸੁਣਾਏ। ਦੋਹਾਂ ਗਾਇਕਾਂ ਨਾਲ ਮਿਲ ਕੇ ਉਸ ਨੇ ਦੋ-ਤਿੰਨ ਦੋਗਾਣੇ ਵੀ ਪੇਸ਼ ਕੀਤੇ ਜਿਨ੍ਹਾਂ ਵਿਚ ”ਅੱਜਕੱਲ੍ਹ ਤੇਰੇ ਮੇਰੇ ਪਿਆਰ ਕੇ ਚਰਚੇ ਹਰ ਜ਼ੁਬਾਨ ਪਰ” ਉੱਪਰ ਤਾਂ ਸਰੋਤਿਆਂ ਵਿੱਚੋਂ ਕਈਆਂ ਨੇ ਡਾਂਸ ਕਰਨਾ ਵੀ ਸ਼ੁਰੂ ਕਰ ਕੀਤਾ।
ਮਨੋਰੰਜਨ ਦੇ ਚੱਲ ਰਹੇ ਇਸ ਪ੍ਰੋਗਰਾਮ ਦੌਰਾਨ ਬਰੈਂਪਟਨ ਈਸਟ ਦੇ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਅਤੇ ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਅਮਰਜੋਤ ਸੰਧੂ ਨੇ ਵੀ ਸਰੋਤਿਆਂ ਨਾਲ ਕੈਨੇਡਾ-ਡੇਅ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਅਤੇ ਆਪਣੇ ਵੱਲੋਂ ਹੁਣ ਤੀਕ ਕੀਤੇ ਗਏ ਕਾਰਜਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਦੇ ਅਹੁਦਦਾਰਾਂ ਨੂੰ ਯਾਦਗਾਰੀ-ਚਿੰਨ੍ਹ ਵੀ ਭੇਂਟ ਕੀਤੇ। ਚੱਲ ਰਹੇ ਪ੍ਰੋਗਰਾਮ ਦੌਰਾਨ ਗਾਇਕਾ ਮੀਤਾ ਖੰਨਾ ਨੇ ਦੋ ਗੀਤ ਸੁਣਾਏ ਗਏ ਅਤੇ ਪੀ.ਐੱਸ.ਬੀ. ਕਲੱਬ ਦੇ ਮੈਂਬਰਾਂ ਨਰਿੰਦਰਪਾਲ ਸਿੰਘ ਤੇ ਗੁਰਜੀਤ ਸਿੰਘ ਬਰਾੜ ਨੇ ਵੀ ਗੀਤ ਪੇਸ਼ ਕੀਤੇ।
ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਬੇਦੀ ਤੇ ਡਾ. ਸੁਖਦੇਵ ਸਿੰਘ ਝੰਡ ਵੱਲੋਂ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਕ ਛੋਟੀ ਜਿਹੀ ਬੱਚੀ ਨੇ ਇਕ ਇੰਗਲਿਸ਼-ਸੌਂਗ ਵੀ ਗਾਇਆ। ਪ੍ਰੋਗਰਾਮ ਦੇ ਅਖ਼ੀਰ ਵੱਲ ਵੱਧਦਿਆਂ ਮੰਚ-ਸੰਚਾਲਕ ਗੁਰਚਰਨ ਸਿੰਘ ਖੱਖ ਵੱਲੋਂ ਸਮਾਗਮ ਦੇ ਸਾਰੇ ਬੁਲਾਰਿਆਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਉਪਰੰਤ, ਸਾਰਿਆਂ ਨੇ ਮਿਲ ਕੇ ਸਵਾਦੀ ਖਾਣੇ ਦਾ ਅਨੰਦ ਮਾਣਿਆਂ ਅਤੇ ਇਸ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ। ਇਸ ਤਰ੍ਹਾਂ ਮਨੋਰੰਜਨ ਤੇ ਖ਼ੁਸ਼ੀਆਂ ਨਾਲ ਭਰਪੂਰ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਦਾ ਕੈਨੇਡਾ-ਡੇਅ ਨਾਲ ਸਬੰਧਿਤ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।