ਘਰਾਂ ਦੀ ਕਮੀ ਅਤੇ ਇੰਮੀਗ੍ਰੇਸ਼ਨ ਨੀਤੀਆਂ ਲਈ ਇਮੀਗ੍ਰੈਂਟਸ ਜ਼ਿੰਮੇਵਾਰ ਨਹੀਂ : ਪੌਲੀਏਵਰ
ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਲੀਡਰ ਪੀਅਰ ਪੌਲੀਏਵਰ ਨੇ ਮੁਲਕ ਵਿਚ ਮੌਜੂਦਾ ਇੰਮੀਗ੍ਰੇਸ਼ਨ ਨੀਤੀ ਬਾਰੇ ਬੋਲਦਿਆਂ ਲਿਬਰਲ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ। ਪੌਲੀਏਵਰ ਨੇ ਕਿਹਾ ਕਿ ਕੈਨੇਡਾ ਵਿਚ ਘਰਾਂ ਦੀ ਕਮੀ ਅਤੇ ਹੋਰ ਸੇਵਾਵਾਂ ‘ਤੇ ਬੋਝ ਲਈ ਇੰਮੀਗ੍ਰੇਸ਼ਨ ਅਤੇ ਅਸਥਾਈ ਵਿਦੇਸ਼ੀ ਕਾਮੇ ਨਹੀਂ ਸਗੋਂ ਲਿਬਰਲ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ।
ਪੌਲੀਏਵਰ ਨੇ ਕਿਹਾ ਕਿ ਲਿਬਰਲਾਂ ਨੇ ਘਰਾਂ ਦੀ ਗਿਣਤੀ ਨਾਲੋਂ ਤਿੰਨ ਗੁਣਾ ਵਿਅਕਤੀ ਬੁਲਾ ਲਏ, ਜਿਸ ਕਰਕੇ ਘਰਾਂ ਦੀ ਘਾਟ, ਵਿਦੇਸ਼ੀ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸ਼ੋਸ਼ਣ ਅਤੇ ਧੋਖਾਧੜੀ ਵਰਗੀਆਂ ਕਿੰਨੀਆਂ ਹੀ ਸਮੱਸਿਆਵਾਂ ਪੈਦਾ ਹੋ ਗਈਆਂ।
ਉਨ੍ਹਾਂ ਨੇ ਕਿਹਾ ਕਿ ਇੱਕ ਦਹਾਕੇ ਪਹਿਲਾਂ ਤੱਕ, ਜਦੋਂ ਲਿਬਰਲਾਂ ਦੀ ਸਰਕਾਰ ਨਹੀਂ ਸੀ, ਤਾਂ ਇੰਮੀਗ੍ਰੇਸ਼ਨ ਬਹੁਤ ਵਧੀਆ ਸੀ। ਕੈਨੇਡੀਅਨ ਲੋਕ ਪਰਵਾਸੀਆਂ ਦਾ ਸਵਾਗਤ ਕਰਦੇ ਸਨ, ਕੈਨੇਡਾ ਵਿਚ ਓਨੇ ਇੰਮੀਗ੍ਰੈਂਟ ਆਉਂਦੇ ਸਨ ਜਿੰਨੇ ਇਸ ਮੁਲਕ ਵਿਚ ਚੰਗੀ ਤਰ੍ਹਾਂ ਜਜ਼ਬ ਹੋ ਸਕਣ। ਸਾਰਿਆਂ ਨੂੰ ਕੰਮ ਮਿਲਦਾ ਸੀ, ਵੱਖ-ਵੱਖ ਪਿਛੋਕੜਾਂ ਦੇ ਲੋਕ ਪਿਆਰ ਅਤੇ ਸ਼ਾਂਤੀ ਨਾਲ ਇੱਕ ਦੂਸਰੇ ਨਾਲ ਰਹਿੰਦੇ ਸਨ, ਪਰ ਲਿਬਰਲਾਂ ਨੇ ਇਹ ਸਭ ਬਰਬਾਦ ਕਰ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਭ ਵਿਚ ਇਮੀਗ੍ਰੈਂਟਸ ਜ਼ਿੰਮੇਵਾਰ ਨਹੀਂ ਹਨ ਕਿਉਂਕਿ ਉਹ ਤਾਂ ਇੱਕ ਚੰਗੀ ਜ਼ਿੰਦਗੀ ਦੀ ਉਮੀਦ ਵਿਚ ਕੈਨੇਡਾ ਆਏ ਸਨ ਅਤੇ ਬਹੁਤੀ ਵਾਰੀ ਤਾਂ ਇੰਮਗ੍ਰੈਂਟਸ ਹੀ ਲਿਬਰਲਾਂ ਦੀ ਮਾੜੀ ਇੰਮੀਗ੍ਰੇਸ਼ਨ ਨੀਤੀ ਕਰਕੇ ਸ਼ੋਸ਼ਣ ਦਾ ਪਾਤਰ ਬਣਦੇ ਹਨ।