ਬਰੈਂਪਟਨ/ਡਾ. ਝੰਡ : ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ, ਓਨਟਾਰੀਓ ਦਾ ਸਲਾਨਾ ਇਜਲਾਸ 25 ਅਕਤੂਬਰ 2025 ਸ਼ਨੀਵਾਰ ਵਾਲੇ ਦਿਨ ਬਰੈਂਪਟਨ ਸਥਿਤ ‘ਪੰਜਾਬੀ ਭਵਨ’ 114 ਕੈਨੇਡੀ ਰੋਡ ਵਿਖੇ ਬਾਅਦ ਦੁਪਹਿਰ ਇਕ ਵਜੇ ਤੋਂ ਚਾਰ ਵਜੇ ਤੱਕ ਹੋਵੇਗਾ। ਇਹ ਜਾਣਕਾਰੀ ਪ੍ਰੈੱਸ ਨੂੰ ਜਾਰੀ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਬਲਦੇਵ ਸਿੰਘ ਬਰਾੜ ਤੇ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਸਲਾਨਾ ਇਕੱਤਰਤਾ ਵਿਚ ਐਸੋਸੀਏਸ਼ਨ ਦੀਆਂ ਪਿਛਲੇ ਸਾਲ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਏਗੀ ਅਤੇ ਇਸ ਵਿਚ ਐਸੋਸੀਏਸ਼ਨ ਵੱਲੋਂ ਅੱਗੋਂ ਹੋਰ ਪ੍ਰੋਗਰਾਮ ਵੀ ਉਲੀਕੇ ਜਾਣਗੇ।
ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਰਹਿੰਦੇ ਪੰਜਾਬ ਸਰਕਾਰ ਦੇ ਪੈੱਨਸ਼ਨਰਾਂ ਦੀਆਂ ਮੰਗਾਂ ਮੁੱਖ ਤੌਰ ‘ਤੇ ਤਿੰਨ ਤਰ੍ਹਾਂ ਦੀਆਂ ਹਨ। ਪਹਿਲੀਆਂ ਪੰਜਾਬ ਸਰਕਾਰ ਨਾਲ ਸਬੰਧਿਤ ਹਨ, ਜਿਵੇਂ ਕਈ ਮੰਗਾਂ ਮਹਿੰਗਾਈ ਭੱਤੇ ਤੇ ਹੋਰ ਭੱਤਿਆਂ ਦੇ ਭੁਗਤਾਨ ਨਾਲ ਜੁੜੀਆਂ ਹਨ, ਜਿਨ੍ਹਾਂ ਬਾਰੇ ਐਸੋਸੀਏਸ਼ਨ ਦੇ ਸਕੱਤਰ ਪ੍ਰਿਤਪਾਲ ਸਿੰਘ ਸਚਦੇਵਾ ਵਿਸਥਾਰ ਵਿੱਚ ਦੱਸਣਗੇ। ਕੈਨੇਡਾ ਦੇ ਵਸਨੀਕ ਹੋਣ ਦੇ ਨਾਤੇ ਫ਼ੈੱਡਰਲ ਸਰਕਾਰ ਨਾਲ ਸਬੰਧਿਤ ਦੂਸਰੀ ਕਿਸਮ ਦੀਆਂ ਮੰਗਾਂ ਬਾਰੇ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਬਰਾੜ ਜਾਣਕਾਰੀ ਸਾਂਝੀ ਕਰਨਗੇ। ਏਸੇ ਤਰ੍ਹਾਂ ਬਰੈਂਪਟਨ ਸਿਟੀ ਕਾਊਂਸਲ ਨਾਲ ਜੁੜੀਆਂ ਤੀਸਰੀ ਤਰ੍ਹਾਂ ਦੀਆਂ ਮੰਗਾਂ ਐਸੋਸੀਏਸ਼ਨ ਦੇ ਚੇਅਰਮੈਨ ਡਾ. ਪਰਮਜੀਤ ਸਿੰਘ ਢਿੱਲੋਂ ਚਾਨਣਾ ਪਾਉਣਗੇ। ਇਸਦੇ ਨਾਲ ਹੀ ਬਰੈਂਪਟਨ ਤੇ ਕੈਨੇਡਾ ਦੇ ਹੋਰ ਸ਼ਹਿਰਾਂ ਵਿਚ ਘਰਾਂ ਦੀ ਸਮੱਸਿਆ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰੋ. ਇੰਦਰਦੀਪ ਦੁਆਰਾ ਸਾਂਝੀ ਕੀਤੀ ਜਾਏਗੀ। ਇਸ ਤੋਂ ਇਲਾਵਾ ਵੱਖ-ਵੱਖ ਬੁਲਾਰੇ ਕੈਨੇਡਾ ਵੱਸਦੇ ਪਰਵਾਸੀਆਂ ਨੂੰ ਦਰਪੇਸ਼ ਦਿੱਕਤਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਪੈੱਨਸ਼ਨਰਾਂ ਨੂੰ ਬੈਂਕਿੰਗ ਸਬੰਧੀ ਆਉਂਦੀਆਂ ਸਮੱਸਸਿਆਵਾਂ ਸਬੰਧੀ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਜਾਣਕਾਰੀ ਸਟੇਟ ਬੈਂਕ ਆਫ਼ ਇੰਡੀਆ ਦੇ ਸਾਬਕਾ ਅਧਿਕਾਰੀ ਸੁਰਿੰਦਰ ਸਿੰਘ ਸਿੱਧੂ ਦੁਆਰਾ ਦਿੱਤੀ ਜਾਏਗੀ। ਇਸ ਤੋਂ ਇਲਾਵਾ ਇਕੱਤਰਤਾ ਵਿਚ ਐਸੋਸੀਏਸ਼ਨ ਦੇ ਉਪ-ਪ੍ਰਧਾਨ ਮੁਹਿੰਦਰ ਸਿੰਘ ਮੋਹੀ ਤੇ ਹੋਰ ਬੁਲਾਰੇ ਵੀ ਆਪਣੇ ਵਿਚਾਰ ਪੇਸ਼ ਕਰਨਗੇ।
ਜ਼ਿਕਰਯੋਗ ਹੈ ਕੇ ਪਿਛਲੇ ਸਾਲ ਦੌਰਾਨ ਇਨ੍ਹਾਂ ਮੰਗਾਂ ਸਬੰਧੀ ਐਸੋਸੀਏਸ਼ਨ ਵੱਲੋਂ ਪਾਰਲੀਮੈਂਟ ਮੈਂਬਰਾਂ, ਐੱਮ.ਪੀ.ਪੀਜ਼. ਅਤੇ ਸਿਟੀ ਕਾਊਂਸਿਲ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਲਗਾਤਾਰ ਸੰਪਰਕ ਰੱਖਿਆ ਜਾ ਰਿਹਾ ਹੈ। ਇਨ੍ਹਾਂ ਸਾਰੇ ਨੁਮਾਇੰਦਿਆਂ ਨੂੰ ਵੀ ਇਸ ਇਜਲਾਸ ਵਿਚ ਸ਼ਾਮਲ ਹੋਣ ਲਈ ਵੀ ਬੇਨਤੀ ਕੀਤੀ ਗਈ ਹੈ। ਇਸ ਦੌਰਾਨ ਇਸ ਸਾਲ ਨਵੰਬਰ ਵਿਚ ‘ਜੀਵਨ-ਪ੍ਰਮਾਣ ਪੱਤਰ’ (ਲਾਈਫ਼ ਸਰਟੀਫ਼ੀਕੇਟ) ਤਸਦੀਕ ਕਰਾਉਣ ਸਬੰਧੀ ਭਾਰਤੀ ਕੌਂਸਲੇਟ ਜਨਰਲ ਦਫ਼ਤਰ ਵੱਲੋਂ ਲਗਾਏ ਜਾਣ ਵਾਲੇ ਕੈਂਪਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਏਗੀ।
ਪਿਛਲੇ ਸਾਲ ਐਸੋਸੀਏਸ਼ਨ ਦੇ ਸੱਭ ਤੋਂ ਵਡੇਰੀ ਉਮਰ 90 ਸਾਲ ਦੇ ਮੈਂਬਰ ਸੇਵਾ-ਮੁਕਤ ਡੀ.ਸੀ.ਪੀ. ਸਰਦਾਰ ਰੇਸ਼ਮ ਸਿੰਘ ਨੂੰ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਇਸ ਸਾਲ ਵੀ ਸੱਭ ਤੋਂ ਵੱਡੀ ਉਮਰ ਵਾਲੇ ਮੈਂਬਰ ਨੂੰ ਸਨਮਾਨਿਤ ਕੀਤਾ ਜਾਏਗਾ। ਐਸੋਸੀਏਸ਼ਨ ਦੇ ਪ੍ਰਬੰਧਕਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਮੈਂਬਰ ਵੱਧ ਤੋਂ ਵੱਧ ਗਿਣਤੀ ਵਿੱਚ ਨਵੇਂ ਬਣਨ ਵਾਲੇ ਮੈਂਬਰਾਂ ਨੂੰ ਨਾਲ ਲੈ ਕੇ ਆਉਣ ਤਾਂ ਜੋ ਸਾਰੇ ਮੈਂਬਰਾਂ ਨਾਲ ਇਹ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਸਕਣ।
ਇਸ ਸਬੰਧੀ ਹੋਰ ਜਾਣਕਾਰੀ ਲਈ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਬਲਦੇਵ ਸਿੰਘ ਬਰਾੜ (437-244-5003) ਜਾਂ ਪ੍ਰੋ. ਜਗੀਰ ਸਿੰਘ ਕਾਹਲੋਂ (647-533-8297) ਨੂੰ ਸੰਪਰਕ ਕੀਤਾ ਜਾ ਸਕਦਾ ਹੈ।

