ਟੋਰਾਂਟੋ : ਵੀਕੈਂਡ ਉੱਤੇ ਟਰੱਕਰਜ਼ ਦੇ ਕਾਫਲੇ ਵਿੱਚ ਹਿੱਸਾ ਲੈਣ ਵਾਲੇ ਕੁੱਝ ਵਿਅਕਤੀਆਂ ਵੱਲੋਂ ਅੜ੍ਹਬ ਵਤੀਰਾ ਅਪਣਾਏ ਜਾਣ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਫਰੀਡਮ ਕੌਨਵੌਏ ਦੇ ਵਿਰੋਧ ਦੇ ਬਾਵਜੂਦ ਮੈਂਬਰ ਪਾਰਲੀਮੈਂਟ ਸੋਮਵਾਰ ਨੂੰ ਕੰਮ ਉੱਤੇ ਪਰਤ ਆਏ। ਟਰੂਡੋ ਨੇ ਆਖਿਆ ਕਿ ਉਹ ਤੇ ਉਨ੍ਹਾਂ ਦੀ ਸਰਕਾਰ ਟਰਾਂਸਪੋਰਟ ਟਰੱਕਰਜ਼ ਦੇ ਅਜਿਹੇ ਮੁਜ਼ਾਹਰਿਆਂ ਤੋਂ ਡਰਨ ਵਾਲੀ ਨਹੀਂ ਹੈ। ਉਨ੍ਹਾਂ ਆਖਿਆ ਕਿ ਪਿਛਲੇ ਕੁੱਝ ਦਿਨਾਂ ਵਿੱਚ ਇਨ੍ਹਾਂ ਮੁਜ਼ਾਹਰਾਕਾਰੀਆਂ ਵਿੱਚੋਂ ਕੁੱਝ ਦੇ ਮਾੜੇ ਵਿਵਹਾਰ ਤੋਂ ਕੈਨੇਡੀਅਨਜ਼ ਹੈਰਾਨ ਹਨ। ਇਸ ਤੋਂ ਉਲਟ ਟਰੱਕਰਜ਼ ਨਾਲ ਮੀਟਿੰਗ ਕਰਨ ਤੋਂ ਬਾਅਦ ਡਿਪਟੀ ਕੰਸਰਵੇਟਿਵ ਆਗੂ ਕੈਂਡਿਸ ਬਰਜਨ ਨੇ ਆਖਿਆ ਕਿ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੇ ਇਨ੍ਹਾਂ ਟਰੱਕਰਜ਼ ਦੀ ਗੱਲ ਜ਼ਰੂਰ ਸੁਣੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਟਰੱਕਰਜ਼ ਵੱਲੋਂ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤੇ ਜਾਣ ਤੇ ਹੋਰਨਾਂ ਪਾਬੰਦੀਆਂ ਖਿਲਾਫ ਵੀਕੈਂਡ ਤੋਂ ਹੀ ਮੁਜ਼ਾਹਰਾ ਕੀਤਾ ਜਾ ਰਿਹਾ ਹੈ।