ਟੋਰਾਂਟੋ : ਇਹ ਖਬਰ ਸਾਰੇ ਸਿੱਖਾਂ ਅਤੇ ਭਾਰਤੀਆਂ ਨਾਲ ਬੜੇ ਮਾਣ ਨਾਲ ਸਾਂਝੀ ਕੀਤੀ ਜਾਂਦੀ ਹੈ ਕਿ ਲੰਘੇ ਐਤਵਾਰ 1 ਮਈ ਨੂੰ ਟੋਰਾਂਟੋ ਦੇ 72 ਸਾਲਾ ਉੱਘੇ ਦੌੜਾਕ ਗੁਰਚਰਨ ਸਿੰਘ ਸਿਆਣ ਨੇ ਗੁੱਡਵਿੱਲ ਫਿੱਟਨੈਸ ਦੀ ਟੋਰਾਂਟੋ ਮੈਰਾਥਾਨ ਦੀ 42 ਕਿਲੋਮੀਟਰ ਲੰਬੀ ਦੌੜ ਵਿਚ ਹਿੱਸਾ ਲੈਕੇ ਆਪਣੇ ਉਮੱਰ ਦੇ ਗਰੁੱਪ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ. ਉਹ ਇਸ ਤੋਂ ਪਹਿਲੇ ਭੀ ਪਿੱਛਲੇ ਸਾਲ 21 ਕਿਲੋਮੀਟਰ ਲੰਬੀ ਦੌੜ ਵਿਚ ਹਿੱਸਾ ਲੈ ਚੁਕੇ ਸਨ, ਪਰ ਇਹ ਉਹਨਾਂ ਦੀ ਹੁਣ ਤਕ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਸਾਬਤ ਹੋਈ ਹੈ।
ਭਾਵੇਂ ਸਿਆਣ ਉਮਰ ਵਜੋਂ 72 ਸਾਲਾਂ ਦੇ ਹਨ ਪਰ ਉਹਨਾਂ ਵਿਚ ਗ਼ਜਬ ਦੀ ਚੁਸਤੀ-ਫੁਰਤੀ, ਜਵਾਨਾਂ ਵਰਗੇ ਬੁਲੰਦ ਹੌਂਸਲੇ, ਸ਼ੇਰਾਂ ਵਰਗੀ ਤੀਬਰਤਾ ਅਤੇ ਪਰਬਤਾਂ ਨੂੰ ਫਤਹਿ ਕਰਨ ਵਾਲੇ ਇਰਾਦੇ- ਚੜ੍ਹਦੀ ਜਵਾਨੀ ਦੇ ਨੋਜਵਾਨਾਂ ਨੂੰ ਵੀ ਨੂੰ ਸਹਿਜੇ ਹੀ ਮਾਤ ਪਾ ਸਕਦੇ ਹਨ। ਉਹਨਾਂ ਦਾ ਮੈਰਾਥਾਨ ਦੀ ਲੰਬੀ ਦੌੜ ਵਿਚ ਇਕ ਪੂਰਨ ਗੁਰਸਿੱਖ ਵਜੋਂ ਹਿੱਸਾ ਲੈਣਾ ਨਾ ਸਿਰਫ ਸਿੱਖ ਕਮਿਊਨਿਟੀ ਲਈ ਬਲਕਿ ਸਾਰੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ। ਸਿਆਣ ਨੇ ਇਹ ਦੌੜ 5 ਘੰਟੇ ਤੇ 01 ਮਿੰਟ ਵਿਚ ਪੂਰੀ ਕੀਤੀ।
ਸੇਵਕ ਸਿੰਘ ਮਾਣਕ ਨੇ ਜਦੋਂ ਸਿਆਣ ਨੂੰ ਪੁੱਛਿਆ ਕਿ ਤੁਹਾਡਾ ਅਗਲਾ ਟੀਚਾ ਕੀ ਹੈ? ਤਾਂ ਸਿਆਣ ਨੇ ਜੋ ਕਿਹਾ-ਉਸਦੀ ਦਾਦ ਦੇਣੀ ਬੰਨਦੀ ਹੈ। ਸਿਆਣ ਨੇ ਕਿਹਾ ਕਿ ਉਹ ਗੁੱਡਵਿੱਲ ਫਿੱਟਨੈਸ ਮੈਰਾਥਾਨ ਦੀ ਅਗਲੇ ਸਾਲ ਦੀ ਇਸੇ ਹੀ ਮੈਰਾਥਾਨ ਦੌੜ ਵਿਚ ਹਿੱਸਾ ਲੈਕੇ ਆਪਣਾ ਟਾਈਮ ਹੋਰ ਵੀ ਘੱਟ ਕਰ ਲੈਣਾ ਚਾਹੁੰਦੇ ਹਨ। ਇਸ ਵੇਲੇ ਇਹ ਹੀ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮਕਸਦ ਹੈ ਜਿਸਦੀ ਤਿਆਰੀ ਬੜੀ ਲਗਨ ਅਤੇ ਮਿਹਨਤ ਨਾਲ ਹੁਣੇ ਤੋਂ ਹੀ ਸ਼ੁਰੂ ਕਰ ਦਿੱਤੀ ਹੈ।
ਰਾਮਗੜ੍ਹੀਆ ਸਿੱਖ ਸੋਸਾਇਟੀ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਮਰਵਾਹਾ ਨੇ ਕਿਹਾ ਕਿ ਸਾਡੇ ਵਾਸਤੇ ਇਹ ਬੜੇ ਮਾਣ ਦੀ ਗਲ ਹੈ ਕਿ ਗੁਰਚਰਨ ਸਿੰਘ ਸਿਆਣ ਜਿਹੀ ਮਹਾਨ ਹਸਤੀ ਅੱਜ ਸਾਡੇ ਦਰਮਿਆਨ ਚਾਨਣ ਮੁਨਾਰੇ ਦੀ ਤਰ੍ਹਾਂ ਹਾਜ਼ਿਰ ਹੈ। ਸਾਨੂੰ ਉਹਨਾਂ ਦੀ ਇਸ ਵਡੇਰੀ ਉਮਰ ਵਿਚ ਕੀਤੀਆਂ ਪ੍ਰਾਪਤੀਆਂ ਤੋਂ ਉਸ਼ਾਹਿਤ ਹੋਣਾ ਚਾਹੀਦਾ ਹੈ ਤੇ ਉਹਨਾਂ ਦੇ ਪਾਏ ਹੋਏ ਰਸਤਿਆਂ ਉਪਰ ਚੱਲਣਾ ਹੀ ਨਹੀਂ ਸਗੋਂ ਦੌੜਨਾ ਚਾਹੀਦਾ ਹੈ।
Check Also
ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਭਾਰਤ-ਪਾਕਿ ਜੰਗ ਖਿਲਾਫ ਮਤਾ ਪਾਸ
”ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ” ਸਰੀ/ਡਾ. ਗੁਰਵਿੰਦਰ ਸਿੰਘ : ਕੈਨੇਡਾ ਦੇ ਪੰਜਾਬੀ …