ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀਆਂ ਦੀ ਸੰਸਥਾ ‘ਪੀ.ਐੱਸ.ਬੀ. ਸੀਨੀਅਰਜ਼ ਕਲੱਬ’ ਵੱਲੋਂ ਲੰਘੇ ਸ਼ਨੀਵਾਰ 21 ਫ਼ਰਵਰੀ ਨੂੰ ‘ਵੈਲਨਟਾਈਨ ਡੇਅ’ ਅਤੇ ਫ਼ੈਮਿਲੀ ਡੇਅ’ ਦੋਹਾਂ ਨੂੰ ਇਕੱਠਿਆਂ ਸਥਾਨਕ ਪਾਲ ਪਲੈਸ਼ੀ ਕਮਿਊਨਿਟੀ ਸੈਂਟਰ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕਰਕੇ ਮਨਾਇਆ ਗਿਆ। ਕਲੱਬ ਦੇ 100 ਤੋਂ ਵਧੇਰੇ ਮੈਂਬਰਾਂ ਵੱਲੋਂ ਇਸ ਸਮਾਗਮ ਵਿੱਚ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। ਸਮਾਗ਼ਮ ਦੌਰਾਨ ਸਾਰਾ ਸਮਾਂ ਗੀਤ-ਸੰਗੀਤ, ਹਾਸੇ-ਮਜ਼ਾਕ ਅਤੇ ਪੁਰਾਣੀਆਂ ਯਾਦਾਂ ਸਾਂਝੀਆਂ ਕਰਨ ਦਾ ਖ਼ੂਬਸੂਰਤ ਮਾਹੌਲ ਬਣਿਆ ਰਿਹਾ।
ਸਮਾਗ਼ਮ ਦੀ ਮੁੱਖ ਵਿਸ਼ੇਸ਼ਤਾ ਡਾਇਬਟੀਜ਼ ਦੀ ਬੀਮਾਰੀ ਦੇ ਲੱਛਣਾਂ ਅਤੇ ਇਸ ਦੇ ਲਈ ਲੋੜੀਂਦੇ ਪ੍ਰਹੇਜ਼ ਤੇ ਇਲਾਜ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਾ ਹੋਇਆ ਸੈਮੀਨਾਰ ਸੀ, ਜਿਸ ਨੂੰ ਤਜਰਬੇਕਾਰ ਫ਼ਾਰਮਾਸਿਸਟ ਅਤੇ ਡਾਇਬੈਟਿਕ ਐਜੂਕੇਟਰ ਨੇਹਾ ਕੌਸ਼ਲ ਵੱਲੋਂ ਸੰਬੋਧਿਤ ਕੀਤਾ ਗਿਆ।
ਉਪਰੰਤ, ਇਸ ਸਬੰਧੀ ਸੁਆਲਾਂ-ਜੁਆਬਾਂ ਦਾ ਲੰਮਾਂ ਸਿਲਸਿਲਾ ਚੱਲਿਆ ਜਿਸ ਵਿੱਚ ਕਲੱਬ ਦੇ ਮੈਂਬਰਾਂ ਨੇ ਕਾਫ਼ੀ ਦਿਲਚਸਪੀ ਵਿਖਾਈ।
ਇਸ ਤੋਂ ਪਹਿਲਾਂ ਸਮਾਗ਼ਮ ਦੇ ਆਰੰਭ ਵਿੱਚ ਕਲੱਬ ਦੇ ਚੇਅਰਪਰਸਨ ਗੁਰਚਰਨ ਸਿੰਘ ਖੱਖ ਵੱਲੋਂ ਬੜੇ ਭਾਵਪੂਰਤ ਸ਼ਬਦਾਂ ਵਿੱਚ ਸੈਮੀਨਾਰ ਦੀ ਮੁੱਖ-ਬੁਲਾਰਾ ਨੇਹਾ ਕੌਸ਼ਲ ਅਤੇ ਕਲੱਬ ਦੇ ਸਮੂਹ ਮੈਂਬਰਾਂ ਦਾ ਸੁਆਗ਼ਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਹਰਚਰਨ ਸਿੰਘ ਵੱਲੋਂ ਸਮਾਗ਼ਮ ਦੀ ਰੂਪ-ਰੇਖਾ ਬਾਰੇ ਦੱਸਿਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਲੱਬ ਦੀ ਮੈਂਬਰ ਰਵਿੰਦਰ ਕੌਰ ਜਸਾਨੀ ਵੱਲੋਂ ਗਾਏ ਗਏ ਗੁਰਬਾਣੀ ਦੇ ਇੱਕ ਸ਼ਬਦ ਨਾਲ ਕੀਤੀ ਗਈ ਅਤੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਵੱਲੋਂ ਇਨਸਾਨ ਨੂੰ ਖ਼ੁਸ਼ੀ ਆਪਣੇ ਅੰਦਰ ਲੱਭਣ ਹੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ।
ਕਲੱਬ ਦੇ ਸਰਗਰਮ ਮੈਂਬਰ ਮਲੂਕ ਸਿੰਘ ਕਾਹਲੋਂ ਵੱਲੋਂ ‘ਪੰਜਾਬੀ ਮਾਂ-ਬੋਲੀ ਦਿਵਸ’ ਦੀ ਮਹੱਤਤਾ ਅਤੇ ਪੰਜਾਬੀ ਮਾਂ-ਬੋਲੀ ਨੂੰ ਅਗਲੀਆਂ ਪੀੜ੍ਹੀਆਂ ਤੀਕ ਲੈ ਕੇ ਜਾਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਉਪਰੰਤ, ਸੱਭਿਆਚਾਰਕ ਪ੍ਰੋਗਰਾਮ ਆਰੰਭ ਹੋ ਗਿਆ ਜਿਸ ਵਿੱਚ ਬਜਿੰਦਰ ਸਿੰਘ ਮਰਵਾਹਾ ਅਤੇ ਜੋਗਿੰਦਰ ਕੌਰ ਮਰਵਾਹਾ ਦੇ ਨਿਰਦੇਸ਼ਨ ਹੇਠ ਕ੍ਰਮਵਾਰ ਭੰਗੜੇ ਅਤੇ ਗਿੱਧੇ ਦੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆ ਗਈਆਂ। ਕਲੱਬ ਦੇ ਮੈਂਬਰਾਂ ਪਰਵਿੰਦਰ ਸਿੰਘ ਸਰਲ ਅਤੇ ਸੁਖਦੇਵ ਸਿੰਘ ਬੇਦੀ ਵੱਲੋਂ ਸ਼ਾਨਦਾਰ ਪੰਜਾਬੀ ਤੇ ਹਿੰਦੀ ਗੀਤ ਪੇਸ਼ ਕੀਤੇ ਗਏ।
ਸਮਾਗ਼ਮ ਦੇ ਵਿਸ਼ੇਸ਼ ਮਹਿਮਾਨਾਂ ਰੀਜਨਲ ਕੌਂਸਲਰ ਪਾਲ ਵਿਸੰਤੇ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖ਼ਸ਼ ਸਿੰਘ ਮੱਲ੍ਹੀ ਨੇ ਇਸ ਮੌਕੇ ਆਪਣੇ ਸੰਬੌਧਨਾਂ ਵਿੱਚ ਕਲੱਬ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਸੁਹਿਰਦ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗ਼ਮ ਸੀਨੀਅਰਾਂ ਨੂੰ ਇਕੱਠੇ ਮਿਲ਼ ਕੇ ਬੈਠਣ ਅਤੇ ਵਿਚਾਰ ਸਾਂਝੇ ਕਰਨ ਲਈ ਬੜੇ ਸਹਾਈ ਹੁੰਦੇ ਹਨ। ਇਹ ਉਨ੍ਹਾਂ ਦੇ ਇਕੱਲੇਪਨ ਨੂੰ ਦੂਰ ਕਰਦੇ ਹਨ ਅਤੇ ਉਨ੍ਹਾਂ ਨੂੰ ਨਵੀਂ ਊਰਜਾ ਪ੍ਰਦਾਨ ਕਰਦੇ ਹਨ।
ਅਜਿਹੇ ਸਮਾਗਮ ਅਯੋਜਿਤ ਕਰਨ ਲਈ ਉਨ੍ਹਾਂ ਵੱਲੋਂ ਕਲੱਬ ਦੇ ਸੈੱਕਟਰੀ ਗਿਆਨ ਪਾਲ ਦੀ ਵਿਸ਼ੇਸ਼ ਤੌਰ ‘ਤੇ ਸਰਾਹਨਾ ਕੀਤੀ ਗਈ। ਅਖ਼ੀਰ ਵਿੱਚ ਕਲੱਬ ਦੇ ਚੇਅਰਪਰਸਨ ਗੁਰਚਰਨ ਸਿੰਘ ਖੱਖ ਵੱਲੋਂ ਸਮਾਗ਼ਮ ਦੇ ਬੁਲਾਰਿਆਂ ਅਤੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਅੰਤ ਵਿੱਚ ਸਾਰਿਆਂ ਨੇ ਮਿਲ਼ ਕੇ ਪ੍ਰੀਤੀ ਭੋਜਨ ਦਾ ਅਨੰਦ ਮਾਣਿਆਂ।






