ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਵੱਲੋਂ 50 ਸਨੀਮੈਡੋ ਸਥਿਤ ਆਪਣੇ ਕਾਂਸਟੀਚਿਊਟ ਆਫ਼ਿਸ ਸੂਈਟ 307 ਵਿਖੇ ਲੰਘੇ ਸ਼ਨੀਵਾਰ 13 ਜਨਵਰੀ ਨੂੰ ਆਯੋਜਿਤ ਕੀਤਾ ਗਿਆ ‘ਓਪਨ-ਹਾਊਸ’ ਪੂਰੀ ਤਰ੍ਹਾਂ ਸਫ਼ਲ ਰਿਹਾ। ਸੈਂਕੜਿਆਂ ਦੀ ਗਿਣਤੀ ਵਿਚ ਸਥਾਨਕ ਬਰੈਂਪਟਨ-ਵਾਸੀ ਅਤੇ ਇਸ ਬਰੈਂਪਟਨ ਨੌਰਥ ਕਾਂਸਟੀਚੂਐਂਸੀ ਦੇ ਬਸ਼ਿੰਦੇ, ਬਿਜ਼ਨੈੱਸ ਅਦਾਰਿਆਂ ਅਤੇ ਵੱਖ-ਵੱਖ ਕਮਿਊਨਿਟੀ ਸੰਸਥਾਵਾਂ ਨਾਲ ਸਬੰਧਿਤ ਲੋਕ ਇਸ ਮੌਕੇ ਦਫ਼ਤਰ ਵਿਚ ਪਧਾਰੇ। ਰੂਬੀ ਸਹੋਤਾ ਵੱਲੋਂ ਇਸ ਮੌਕੇ ਸਾਰਿਆਂ ਦਾ ਭਰਪੂਰ ਸੁਆਗ਼ਤ ਕੀਤਾ ਗਿਆ। ਇਸ ਓਪਨ-ਹਾਊਸ ਨਾਲ ਬਰੈਂਪਟਨ ਨੌਰਥ ਕਮਿਊਨਿਟੀ ਅਤੇ ਹੋਰ ਲੋਕਾਂ ਨੂੰ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਤੇ ਉਨ੍ਹਾਂ ਦੇ ਜਾਣਕਾਰੀ ਭਰਪੂਰ ਸੁਹਿਰਦ ਸਟਾਫ਼ ਨੂੰ ਨਿੱਜੀ ਤੌਰ ‘ਤੇ ਮਿਲਣ ਦਾ ਖ਼ੂਬਸੂਰਤ ਅਵਸਰ ਮਿਲਿਆ। ਉਨ੍ਹਾਂ ਨੇ ਇਸ ਮੌਕੇ ਆਪਣੀ ਦਿਲਚਸਪੀ ਦੇ ਵਿਸ਼ੇ ਅਤੇ ਕਈ ਦੁੱਖ-ਸੁੱਖ ਆਪਣੀ ਹਰਮਨ-ਪਿਆਰੀ ਐੱਮ.ਪੀ. ਰੂਬੀ ਸਹੋਤਾ ਨਾਲ ਸਾਂਝੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਫ਼ੈੱਡਰਲ ਸਰਕਾਰ ਦੀ ਪਿਛਲੇ ਦੋ ਸਾਲਾਂ ਦੀ ਕਾਰ-ਗ਼ੁਜ਼ਾਰੀ ਅਤੇ ਉਸ ਦੇ ਵੱਲੋਂ ਇਸ ਸਾਲ 2018 ਵਿਚ ਅੱਗੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਨਣ ਦਾ ਵੀ ਮੌਕਾ ਮਿਲਿਆ। ਇਸ ਸਮੇਂ ਬੋਲਦਿਆਂ ਰੂਬੀ ਸਹੋਤਾ ਨੇ ਕਿਹਾ,”ਮੇਰਾ ਨਿਸ਼ਾਨਾ ਹਮੇਸ਼ਾ ਕਮਿਊਨਿਟੀ ਨੂੰ ਅਸਾਨੀ ਨਾਲ ਮਿਲ ਸਕਣ ਦਾ ਰਿਹਾ ਹੈ ਅਤੇ ਇਸ ਦੇ ਲਈ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਦੀ ਹਾਂ। ਮੈਂ ਇੱਥੇ ਆਉਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਹਾਰਦਿਕ ਧੰਨਵਾਦ ਕਰਦੀ ਹਾਂ। ਤੁਹਾਨੂੰ ਵੱਖ-ਵੱਖ ਅਦਾਰਿਆਂ ਤੋਂ ਏਨੀ ਵੱਡੀ ਗਿਣਤੀ ਵਿਚ ਇੱਥੇ ਆਇਆਂ ਨੂੰ ਵੇਖ ਕੇ ਅਤੇ ਮਿਲ ਕੇ ਮੈਂ ਅਤੇ ਮੇਰਾ ਸਟਾਫ਼ ਅਤਿਅੰਤ ਪ੍ਰਸੰਨ ਹੈ। ਇੱਥੇ ਤੁਹਾਡੇ ਨਾਲ ਮੈਂ ਸਰਕਾਰ ਦੀਆਂ ਦੇਸ਼ ਦੇ ਅਰਥਚਾਰੇ ਅਤੇ ਵੱਖ-ਵੱਖ ਬਿਜ਼ਨੈੱਸਾਂ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਤੋਂ ਲੈ ਕੇ ਬਰੈਂਪਟਨ ਲਈ ਪਬਲਿਕ-ਟਰਾਂਜ਼ਿਟ ਅਤੇ ਯਥਾ-ਯੋਗ ਕੀਮਤਾਂ ‘ਤੇ ਘਰਾਂ ਲਈ ਸਰਕਾਰ ਵੱਲੋਂ ਫ਼ੰਡ ਮੁਹੱਈਆ ਕਰਨ ਤੱਕ ਕਈ ਵਿਸ਼ਿਆਂ ‘ਤੇ ਵਿਚਾਰ ਸਾਂਝੇ ਕੀਤੇ ਹਨ। ਮੈਂ ਹਮੇਸ਼ਾ ਤੁਹਾਡੇ ਵੱਲੋਂ ਆਉਣ ਵਾਲੇ ‘ਫ਼ੀਡਬੈਕ’ (ਹੁੰਗਾਰੇ) ਦੀ ਉਡੀਕ ਵਿਚ ਰਹਿੰਦੀ ਹਾਂ ਤਾਂ ਜੋ ਇਸ ਦੇ ਨਾਲ ਮੈਂ ਹੋਰ ਵੀ ਚੰਗੇਰੇ ਢੰਗ ਨਾਲ ਬਰੈਂਪਟਨ ਦੀ ਸੇਵਾ ਕਰ ਸਕਾਂ।”
ਐੱਮ.ਪੀ. ਸਹੋਤਾ ਅਤੇ ਉਨ੍ਹਾਂ ਦੇ ਸਟਾਫ਼ ਨੇ ਮਿਲ ਕੇ ਸਾਲ 2018 ਲਈ ਕਈ ਵੱਖ-ਵੱਖ ਕਮਿਊਨਿਟੀ ਈਵੈਂਟ ਉਲੀਕੇ ਹਨ ਜੋ ਆਉਣ ਵਾਲੇ ਸਮੇਂ ਵਿਚ ਵੱਖ-ਵੱਖ ਮੌਕਿਆਂ ‘ਤੇ ਆਯੋਜਿਤ ਕੀਤੇ ਜਾਣਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਸਟਾਫ਼ ਦੇ ਮੈਂਬਰ ਕੁਲਬੀਰ ਸਿੱਧੂ, ਸ਼ਿਵ ਸਿੰਘ, ਹਮਰਾਜ ਗਿੱਲ, ਇੰਨਜ਼ਾ ਸਦੀਕੀ ਅਤੇ ਐਗਜ਼ੈਕਟਿਵ ਅਸਿਸਟੈਂਟ ਕੈਰਨ ਗਿੱਲ ਸ਼ਾਮਲ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …