12.6 C
Toronto
Wednesday, October 15, 2025
spot_img
Homeਕੈਨੇਡਾਸ਼ਮੀਲ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ 'ਧੂਫ' ਬਾਰੇ ਹੋਈ ਸਾਰਥਿਕ ਚਰਚਾ

ਸ਼ਮੀਲ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ ‘ਧੂਫ’ ਬਾਰੇ ਹੋਈ ਸਾਰਥਿਕ ਚਰਚਾ

ਸੁਰਜੀਤ ਪਾਤਰ, ਸਿੱਧੂ ਦਮਦਮੀ, ਜਸਵੰਤ ਦੀਦ, ਡਾ.ਸੁਖਪਾਲ, ਪ੍ਰੋ. ਮਿੰਦਰ ਤੇ ਹੋਰ ਵਿਦਵਾਨ ਸ਼ਾਮਲ ਹੋਏ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 18 ਅਗਸਤ ਨੂੰ ਪੰਜਾਬੀ ਭਵਨ ਟੋਰਾਂਟੋ ਵਿਚ ਹੋਏ ਸੰਖੇਪ ਪਰ ਅਤੀ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਪੰਜਾਬੀ ਦੇ ਅਨੁਭਵੀ ਤੇ ਸੰਵੇਦਨਸ਼ੀਲ ਸ਼ਾਇਰ ਸ਼ਮੀਲ ਜਸਵੀਰ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ‘ਧੂਫ਼’ ਉੱਪਰ ਸਾਰਥਿਕ ਵਿਚਾਰ-ਚਰਚਾ ਹੋਈ ਜਿਸ ਵਿਚ ਪੰਜਾਬੀ ਸਾਹਿਤ ਦੀਆਂ ਕਈ ਅਹਿਮ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਪੁਸਤਕ ਦੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗ਼ਮ ਦੇ ਆਰੰਭ ਵਿਚ ਪੰਜਾਬੀ ਭਵਨ ਟੋਰਾਂਟੋ ਦੀ ਟੀਮ ਦੇ ਮੈਂਬਰਾਂ ਵਿਪਨਦੀਪ ਸਿੰਘ ਮਰੋਕ ਅਤੇ ਡਾ. ਸੁਖਦੇਵ ਸਿੰਘ ਝੰਡ ਵੱਲੋਂ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਦਾ ਸ਼ਾਨਦਾਰ ਬੁਕੇ ਨਾਲ ਸੁਆਗ਼ਤ ਕੀਤਾ ਗਿਆ। ਉਪਰੰਤ, ਡਾ. ਬਲਵਿੰਦਰ ਨੇ ਸਮਾਗ਼ਮ ਦੀ ਵਿਧੀਵੱਤ ਢੰਗ ਨਾਲ ਸ਼ੁਰੂਆਤ ਕਰਦਿਆਂ ਸ਼ਮੀਲ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਆਪਣੀ ਕਵਿਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਮੇਰੇ ਲਈ ਅਧਿਆਤਮਵਾਦ ਸੰਵੇਦਨਸ਼ੀਲਤਾ ਦਾ ਹੀ ਇਕ ਅਗਲਾ ਲੈਵਲ ਹੈ ਅਤੇ ਕਵਿਤਾ ਵੀ ਸੰਵੇਦਨਸ਼ੀਲਤਾ ਦਾ ਸਿਖਰ ਹੈ। ਇਸ ਕਰਕੇ ਸੰਵੇਦਨਸ਼ੀਲਤਾ ਅਤੇ ਅਧਿਆਤਵਾਦ ਮੇਰੇ ਲਈ ਇਕੋ ਚੀਜ਼ ਹੈ ਅਤੇ ਕਵਿਤਾ ਇਨ੍ਹਾਂ ਦੋਵਾਂ ਦਾ ਸੰਗਮ ਹੈ। ਇਹ ਸੰਵੇਦਨਸ਼ੀਲਤਾ ਹੀ ਉਨ੍ਹਾਂ ਦੀ ਕਵਿਤਾ ਦਾ ਮੁੱਖ ਸਰੋਤ ਹੈ। ਉਨ੍ਹਾਂ ਆਪਣੀਆਂ ਕਵਿਤਾਵਾਂ ‘ਟਰੇਨ’, ‘ਟਰੇਨ ਵਿਚਲਾ ਸੁਪਨਾ’, ‘ਧੂਫ਼’, ‘ਧੀਆਂ’, ‘ਨੰਗੇ ਪੈਰ’, ‘ਪੇਂਡੂ ਲੋਕ’, ‘ਔਰਗੈਨਿਕ ਬੰਦੇ’ ਤੇ ਕਈ ਹੋਰ ਕਵਿਤਾਵਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਕਵਿਤਾ ‘ਟਰੇਨ ਵਿਚਲਾ ਸੁਪਨਾ’ ਕਿਸੇ ਆਉਣ ਵਾਲੇ ਸੁਨਹਿਰੇ ਯੁੱਗ ਦਾ ਸੁਪਨਾ ਪੇਸ਼ ਕੀਤਾ ਗਿਆ, ਜਿਸ ਵਿੱਚ ਡੋਨਾਲਡ ਟਰੰਪ ਦੇ ਅੰਮ੍ਰਿਤ ਛਕ ਕੇ ‘ਕਾਰ-ਸੇਵਾ’ ਵਾਲੇ ਕਿਸੇ ਬਾਬੇ ਨਾਲ ਜਾ ਮਿਲਣ ਅਤੇ ਫੇਸਬੁੱਕ ਦੇ ਕਰਤਾ-ਧਰਤਾ ਜ਼ੁਕਰਬਰਗ ਦੇ ਬੇਰੋਜ਼ਗਾਰ ਹੋ ਜਾਣ ਦੇ ਪ੍ਰਤੀਕਾਂ ਨੇ ਸਰੋਤਿਆਂ ਵਿੱਚ ਕਾਫੀ ਹਾਸਾ ਪੈਦਾ ਕੀਤਾ।
ਸਮਾਗ਼ਮ ਦੌਰਾਨ ਸੁਰਜੀਤ ਪਾਤਰ ਨੇ ਸ਼ਮੀਲ ਦੀ ਕਵਿਤਾ ਨੂੰ ਨਿੱਖਰੇ ਹੋਏ ਮਨ ਦੀ ਕਵਿਤਾ ਕਿਹਾ ਜਿਹੜੀ ਕਿ ਰੂਹਾਨੀ ਅਨੁਭਵ ਨੂੰ ਇਕ ਨਵੇਂ ਤੇ ਵੱਖਰੇ ਤਰੀਕੇ ਨਾਲ ਪੇਸ਼ ਕਰਦੀ ਹੈ। ਸ਼ਮੀਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਦਾ ਅਨੁਭਵ ਹਮੇਸ਼ਾ ਵੱਖਰੀ ਕਿਸਮ ਦਾ ਹੁੰਦਾ ਹੈ। ਡਾ. ਸੁਖਪਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਪੁਸਤਕ ਵਿਚ ਸ਼ਮੀਲ ਨੇ ਆਪਣੇ ਸੰਵੇਦਨਸ਼ੀਲ ਅਨੁਭਵਾਂ ਨੂੰ ਬਿਲਕੁਲ ਨਵੇਂ ਢੰਗ ਨਾਲ ਪੇਸ਼ ਕੀਤਾ ਹੈ। ਸਿੱਧੂ ਦਮਦਮੀ ਅਨੁਸਾਰ ਸ਼ਮੀਲ ਦੀ ਕਵਿਤਾ ਵਿਚ ਮਹਾਂਨਗਰੀ ਜੀਵਨ ਦੀ ਸੰਵੇਦਨਾ ਦਾ ਅਨੁਭਵ ਵੱਖਰੇ ਅੰਦਾਜ਼ ਵਿਚ ਮਹਿਸੂਸ ਹੁੰਦਾ ਹੈ ਅਤੇ ਪੰਜਾਬੀ ਕਵਿਤਾ ਵਿਚ ਇਹ ਪਹਿਲੀ ਵਾਰ ਇੰਜ ਹੋਇਆ ਹੈ। ਇਸ ਦੌਰਾਨ ਗੁਰਦੇਵ ਚੌਹਾਨ ਨੇ ਕਿਹਾ ਕਿ ਸ਼ਮੀਲ ਦੀ ਭਾਸ਼ਾ ਸਰਲ ਹੈ ਅਤੇ ਇਸ ਤੋਂ ਹੋਰ ਸਰਲ ਤਰੀਕੇ ਨਾਲ ਅਧਿਆਤਮਵਾਦ ਬਾਰੇ ਲਿਖਣਾ ਸੰਭਵ ਨਹੀਂ ਹੈ, ਜਦਕਿ ਜਸਵੰਤ ਦੀਦ ਦਾ ਕਹਿਣਾ ਸੀ ਕਿ ਅਧਿਆਤਮਵਾਦ ਦਾ ਅਨੁਭਵ ਮੁੱਢਲੇ ਤੌਰ ‘ਤੇ ਆਪਣੇ ਅੰਦਰ ਵੱਲ ਝਾਤੀ ਮਾਰਨਾ ਹੈ ਅਤੇ ਇਸ ਲਿਹਾਜ਼ ਨਾਲ ਸ਼ਮੀਲ ਦੀਆਂ ਕਵਿਤਾਵਾਂ ਬੜੇ ਸੂਖ਼ਮ ਤਰੀਕੇ ਨਾਲ ਸੰਵੇਦਨਸ਼ੀਲਤਾ ਨੂੰ ਪੇਸ਼ ਕਰਦੀਆਂ ਹਨ। ਇਨ੍ਹਾਂ ਤੋਂ ਇਲਾਵਾ ਪ੍ਰੋ. ਮਿੰਦਰ ਨੇ ਵੀ ਸ਼ਮੀਲ ਦੀ ਕਵਿਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗ਼ਮ ਨਿਰਧਾਰਿਤ ਸਮੇਂ ਤੋਂ ਬੇਸ਼ਕ ਕੁਝ ਦੇਰ ਨਾਲ ਸ਼ੁਰੂ ਹੋ ਸਕਿਆ ਪਰ ਇਸ ਵਿਚ ਵੱਖ-ਵੱਖ ਲੇਖਕਾਂ ਵੱਲੋਂ ਆਪਣੇ ਵਿਚਾਰ ਸੰਖੇਪ ਰੂਪ ਵਿਚ ਪੇਸ਼ ਕਰਨ ਨਾਲ ਇਹ ਲੱਗਭੱਗ ਸਮੇਂ-ਸਿਰ ਹੀ ਸਫ਼ਲਤਾ-ਪੂਰਵਕ ਸੰਪੰਨ ਹੋਇਆ। ਇਸ ਮੌਕੇ ਹਾਜ਼ਰ ਲੇਖਕਾਂ ਤੇ ਬੁੱਧੀਜੀਵੀਆਂ ਵੱਲੋਂ ਸ਼ਮੀਲ ਨੂੰ ਇਸ ਨਵੀਂ ਕਾਵਿ-ਪੁਸਤਕ ‘ਧੂਫ਼’ ਦੇ ਆਉਣ ‘ਤੇ ਮੁਬਾਰਕਬਾਦ ਪੇਸ਼ ਕੀਤੀ ਗਈ।

RELATED ARTICLES

ਗ਼ਜ਼ਲ

POPULAR POSTS