Breaking News
Home / ਸੰਪਾਦਕੀ / ਪਾਕਿਸਤਾਨ ‘ਚ ਸਰਕਾਰ ਦਾ ਨਵਾਂ ਸਫਰ

ਪਾਕਿਸਤਾਨ ‘ਚ ਸਰਕਾਰ ਦਾ ਨਵਾਂ ਸਫਰ

ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ ਵਿਚ ਦੂਸਰੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਇਸ ਤੋਂ ਪਹਿਲਾਂ ਉਹ 11 ਅਪ੍ਰੈਲ, 2022 ਤੋਂ 13 ਅਗਸਤ, 2023 ਤੱਕ ਇਸ ਅਹੁਦੇ ‘ਤੇ ਰਹਿ ਚੁੱਕੇ ਹਨ। ਪਾਕਿਸਤਾਨ ਵਿਚ ਚਿਰਾਂ ਤੋਂ ਗੜਬੜ ਵਾਲਾ ਮਾਹੌਲ ਚੱਲ ਰਿਹਾ ਹੈ। ਅੱਜ ਇਸ ਦਾ ਸ਼ੁਮਾਰ ਦੁਨੀਆ ਭਰ ਦੇ ਵਧੇਰੇ ਅਸ਼ਾਂਤ ਦੇਸ਼ਾਂ ਵਿਚ ਹੁੰਦਾ ਹੈ। ਸਿਆਸੀ ਅਤੇ ਆਰਥਿਕ ਤੌਰ ‘ਤੇ ਵੀ ਇਹ ਦੇਸ਼ ਪੂਰੀ ਤਰ੍ਹਾਂ ਅਸਥਿਰਤਾ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ।
ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਲਾਖਾਂ ਪਿੱਛੇ ਬੰਦ ਹੈ, ਉਸ ‘ਤੇ 150 ਦੇ ਲਗਭਗ ਮੁਕੱਦਮੇ ਦਾਇਰ ਕੀਤੇ ਗਏ ਹਨ ਪਰ ਉਹ ਹਾਲੇ ਵੀ ਪਾਕਿਸਤਾਨ ਦੇ ਇਕ ਵੱਡੇ ਹਿੱਸੇ ਦੇ ਲੋਕਾਂ ਵਿਚ ਹਰਮਨ ਪਿਆਰਾ ਮੰਨਿਆ ਜਾਂਦਾ ਹੈ। ਉਹ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦਾ ਮੁਖੀ ਹੈ। ਉਸ ਦੀ ਚੁਣੀ ਹੋਈ ਸਰਕਾਰ ਨੂੰ ਕੌਮੀ ਅਸੈਂਬਲੀ ਵਿਚ ਸ਼ਿਕਸਤ ਦੇ ਕੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਨੇ ਇਮਰਾਨ ਖ਼ਾਨ ਦੀ ਪਾਰਟੀ ਦੇ ਬਹੁਤ ਸਾਰੇ ਕੌਮੀ ਅਸੈਂਬਲੀ ਦੇ ਮੈਂਬਰਾਂ ਨੂੰ ਨਾਲ ਰਲਾ ਕੇ ਅਤੇ ਕੁਝ ਹੋਰ ਛੋਟੀਆਂ ਪਾਰਟੀਆਂ ਦੀ ਮਦਦ ਨਾਲ ਉਸ ਨੂੰ ਗੱਦੀ ਤੋਂ ਲਾਹ ਦਿੱਤਾ ਸੀ, ਜਿਸ ਤੋਂ ਬਾਅਦ ਉਥੇ ਬਹੁਤੀਆਂ ਥਾਵਾਂ ‘ਤੇ ਹਿੰਸਾ ਫੈਲ ਗਈ ਸੀ, ਜਿਸ ਦਾ ਨਿਸ਼ਾਨਾ ਵੱਡੇ ਫ਼ੌਜੀ ਠਿਕਾਣੇ ਵੀ ਬਣੇ ਸਨ। ਪਹਿਲਾਂ ਇਹ ਆਮ ਪ੍ਰਭਾਵ ਬਣਿਆ ਹੋਇਆ ਸੀ ਕਿ ਇਮਰਾਨ ਖ਼ਾਨ ਅਤੇ ਉਸ ਦੀ ਪਾਰਟੀ ਨੇ ਫ਼ੌਜ ਦੀ ਮਦਦ ਨਾਲ ਹਕੂਮਤ ਸਾਂਭੀ ਸੀ। ਪ੍ਰਧਾਨ ਮੰਤਰੀ ਹੁੰਦਿਆਂ ਉਸ ਨੇ ਨਵਾਜ਼ ਸ਼ਰੀਫ਼ ਸਮੇਤ ਉਸ ਦੀ ਪਾਰਟੀ ਅਤੇ ਬਿਲਾਵਲ ਭੁੱਟੋ ਤੇ ਜ਼ਰਦਾਰੀ ਸਮੇਤ ਉਨ੍ਹਾਂ ਦੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂਆਂ ਤੋਂ ਗਿਣ-ਗਿਣ ਕੇ ਬਦਲੇ ਲਏ ਸਨ ਤੇ ਨਵਾਜ਼ ਸ਼ਰੀਫ਼ ਸਮੇਤ ਬਹੁਤਿਆਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਸੀ। ਪਰ ਫ਼ੌਜ ਵਲੋਂ ਉਸ ਦਾ ਸਾਥ ਛੱਡ ਦੇਣ ਤੋਂ ਬਾਅਦ ਉਸ ਦੇ ਮਾੜੇ ਦਿਨ ਆਉਣੇ ਸ਼ੁਰੂ ਹੋ ਗਏ, ਜਿਸ ਦਾ ਨਤੀਜਾ ਉਸ ਦੀ ਕੁਰਸੀ ਛੁੱਟਣ ਤੋਂ ਇਲਾਵਾ ਉਸ ਦੀ ਲੰਬੀ ਨਜ਼ਰਬੰਦੀ ਦੇ ਰੂਪ ਵਿਚ ਨਿਕਲਿਆ। 8 ਫ਼ਰਵਰੀ ਨੂੰ ਹੋਈਆਂ ਕੌਮੀ ਅਸੈਂਬਲੀ ਦੀਆਂ ਚੋਣਾਂ ਤੋਂ ਪਹਿਲਾਂ ਸਮੇਂ ਸਿਰ ਪਾਰਟੀ ਚੋਣਾਂ ਨਾ ਕਰਵਾਉਣ ਕਰਕੇ ਚੋਣ ਕਮਿਸ਼ਨ ਨੇ ਇਮਰਾਨ ਖ਼ਾਨ ਦੀ ਪਾਰਟੀ ਨੂੰ ਆਪਣੇ ਚੋਣ ਨਿਸ਼ਾਨ ‘ਤੇ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਕੁਝ ਕੇਸਾਂ ਵਿਚ ਸਜ਼ਾ ਹੋਣ ਕਾਰਨ ਇਮਰਾਨ ਖ਼ਾਨ ਨੂੰ ਵੀ ਚੋਣ ਲੜਨ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਦੂਜੇ ਪਾਸੇ ਨਵਾਜ਼ ਸ਼ਰੀਫ਼ ਨੂੰ ਨਾ ਸਿਰਫ਼ ਉਸ ਦੀ ਜਲਾਵਤਨੀ ਖ਼ਤਮ ਕਰਕੇ ਆਪਣੇ ਦੇਸ਼ ਆਉਣ ਦੀ ਇਜਾਜ਼ਤ ਹੀ ਦਿੱਤੀ ਗਈ, ਸਗੋਂ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਖੁੱਲ੍ਹ ਕੇ ਚੋਣਾਂ ਲੜਨ ਦਾ ਮੌਕਾ ਵੀ ਦਿੱਤਾ ਗਿਆ। ਬਿਲਾਵਲ ਭੁੱਟੋ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਹੋਰ ਛੋਟੀਆਂ ਪਾਰਟੀਆਂ ਨੇ ਇਨ੍ਹਾਂ ਚੋਣਾਂ ਵਿਚ ਹਿੱਸਾ ਲਿਆ। ਚੋਣਾਂ ਦੌਰਾਨ ਲਗਾਤਾਰ ਇਹ ਖ਼ਬਰਾਂ ਨਸ਼ਰ ਹੁੰਦੀਆਂ ਰਹੀਆਂ ਕਿ ਇਨ੍ਹਾਂ ਵਿਚ ਵੱਡੀ ਪੱਧਰ ‘ਤੇ ਹੇਰਾ-ਫੇਰੀਆਂ ਹੋਈਆਂ ਹਨ। ਫ਼ੌਜ ਦੇ ਮੁਖੀ ਸੱਯਦ ਆਸਿਮ ਮੁਨੀਰ ਨੇ ਵੀ ਇਨ੍ਹਾਂ ਪਾਰਟੀਆਂ ਦੀ ਇਕ ਤਰ੍ਹਾਂ ਨਾਲ ਅਸਿੱਧੇ ਰੂਪ ਵਿਚ ਮਦਦ ਹੀ ਕੀਤੀ ਸੀ।
ਚਾਹੇ ਇਨ੍ਹਾਂ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਤਾਂ ਪ੍ਰਾਪਤ ਨਹੀਂ ਹੋਇਆ ਪਰ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ ਅਖ਼ੀਰ ਇਨ੍ਹਾਂ ਦੋਹਾਂ ਵੱਡੀਆਂ ਪਾਰਟੀਆਂ ਤੇ ਕੁਝ ਹੋਰ ਪਾਰਟੀਆਂ ਦੇ ਗੱਠਜੋੜ ਨਾਲ ਪਾਕਿਸਤਾਨ ਵਿਚ ਸਰਕਾਰ ਬਣ ਗਈ ਹੈ ਅਤੇ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ਼ ਨੂੰ ਮੁੜ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਇਸ ਸਮੇਂ ਇਕ ਪਾਸੇ ਜਿੱਥੇ ਸ਼ਾਹਬਾਜ਼ ਸ਼ਰੀਫ਼ ਨੇ ਕਸ਼ਮੀਰ ਮਸਲੇ ਦੀ ਗੱਲ ਕੀਤੀ, ਉਥੇ ਇਸ ਦੇ ਨਾਲ ਹੀ ਉਸ ਨੇ ਆਪਣੇ ਗੁਆਂਢੀ (ਭਾਰਤ) ਨਾਲ ਚੰਗੇ ਸੰਬੰਧ ਬਣਾਏ ਜਾਣ ਦੀ ਗੱਲ ਆਖੀ ਅਤੇ ਇਹ ਵੀ ਕਿਹਾ ਕਿ ਪਾਕਿਸਤਾਨ ਦੁਨੀਆ ਦੇ ਹੋਰ ਮੁਲਕਾਂ ਨਾਲ ਵੀ ਅਜਿਹੀ ਸੁਲ੍ਹਾ-ਕੁੰਨ ਨੀਤੀ ‘ਤੇ ਚੱਲੇਗਾ। ਇਹ ਵੀ ਕਿ ਉਸ ਦੀ ਸਰਕਾਰ ਦੇਸ਼ ਵਿਚੋਂ ਅੱਤਵਾਦ ਖ਼ਤਮ ਕਰਨ ਦੀ ਨੀਤੀ ਅਪਣਾਏਗੀ, ਪਰ ਸ਼ਾਹਬਾਜ਼ ਸ਼ਰੀਫ਼ ਨੇ ਆਪਣੀ ਮੁੱਖ ਚਿੰਤਾ ਪਾਕਿਸਤਾਨ ਦੀ ਬੇਹੱਦ ਖ਼ਰਾਬ ਹੋ ਰਹੀ ਆਰਥਿਕਤਾ ਸੰਬੰਧੀ ਵੀ ਪ੍ਰਗਟ ਕੀਤੀ ਅਤੇ ਆਪਣੀ ਸਰਕਾਰ ਦੀ ਆਵਾਮ ਨੂੰ ਦਰਪੇਸ਼ ਬੇਹੱਦ ਕਠਿਨਾਈਆਂ ਵਿਚੋਂ ਕੱਢਣ ਦੀ ਪ੍ਰਤੀਬੱਧਤਾ ਵੀ ਦੁਹਰਾਈ।
ਉਸ ਨੇ ਇਹ ਵੀ ਕਿਹਾ ਹੈ ਕਿ ਦੇਸ਼ ਦੇ ਬਜਟ ਵਿਚ 33.60 ਖਰਬ (1 ਟ੍ਰੀਲਿਅਨ) ਦਾ ਘਾਟਾ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਸੁਰੱਖਿਆ ਬਲਾਂ ਅਤੇ ਦੂਸਰੇ ਵਿਭਾਗਾਂ ਨੂੰ ਤਨਖ਼ਾਹਾਂ ਦੇ ਸਕਣਗੀਆਂ ਵੀ ਇਕ ਵੱਡਾ ਮਸਲਾ ਬਣ ਚੁੱਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਸਿਰ ਚੜ੍ਹੇ ਪਹਾੜ ਜਿੱਡੇ ਕਰਜ਼ੇ ਨੂੰ ਲਾਹੁਣ ਲਈ ਅਰਬਾਂ ਰੁਪਏ ਦੀ ਜ਼ਰੂਰਤ ਹੋਵੇਗੀ। ਇਸ ਲਈ ਦੇਸ਼ ਦੀ ਆਰਥਿਕਤਾ ਨੂੰ ਸੁਧਾਰਨਾ ਤੇ ਕਠਿਨਾਈਆਂ ਵਿਚ ਫ਼ਸੇ ਲੋਕਾਂ ਨੂੰ ਇਨ੍ਹਾਂ ਵਿਚੋਂ ਕੱਢਣਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ। ਚਾਹੇ ਸ਼ਾਹਬਾਜ਼ ਸ਼ਰੀਫ਼ ਦੂਸਰੀ ਵਾਰ ਪ੍ਰਧਾਨ ਮੰਤਰੀ ਬਣੇ ਹਨ, ਪਰ ਉਸ ਦਾ ਵੱਡਾ ਭਰਾ ਨਵਾਜ਼ ਸ਼ਰੀਫ਼ ਪਹਿਲਾਂ ਤਿੰਨ ਵਾਰ ਇਹ ਉੱਚ ਅਹੁਦਾ ਸੰਭਾਲ ਚੁੱਕਾ ਹੈ। ਕੌਮੀ ਚੋਣਾਂ ਦੇ ਨਾਲ ਹੀ ਹੋਈਆਂ ਪ੍ਰਾਂਤਕ ਚੋਣਾਂ ਤੋਂ ਬਾਅਦ ਉਸ ਦੀ ਬੇਟੀ ਮਰੀਅਮ ਨਵਾਜ਼ ਸ਼ਰੀਫ਼ ਨੇ ਦੇਸ਼ ਦੇ ਸਭ ਤੋਂ ਵਧ ਆਬਾਦੀ ਵਾਲੇ ਅਤੇ ਮੁਕਾਬਲਾਤਨ ਬਿਹਤਰ ਸੂਬੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਸਮੁੱਚੇ ਦ੍ਰਿਸ਼ ਨੂੰ ਦੇਖਦਿਆਂ ਅਸੀਂ ਸਮਝਦੇ ਹਾਂ ਕਿ ਸ਼ਾਹਬਾਜ਼ ਸ਼ਰੀਫ਼ ਦੇ ਸਿਰ ‘ਤੇ ਹੁਣ ਇਸ ਅਹੁਦੇ ਨਾਲ ਇਕ ਤਰ੍ਹਾਂ ਨਾਲ ਕੰਡਿਆਂ ਦਾ ਤਾਜ ਸਜ਼ਾ ਦਿੱਤਾ ਗਿਆ ਹੈ। ਦੇਖਣਾ ਇਹ ਹੋਵੇਗਾ ਕਿ ਉਹ ਇਸ ਕੰਡਿਆਂ ਦੀ ਚੁੱਭਣ ਅਤੇ ਉਨ੍ਹਾਂ ਨਾਲ ਹੋਣ ਵਾਲੇ ਸਖ਼ਤ ਜ਼ਖ਼ਮਾਂ ਦੀ ਪੀੜ ਨੂੰ ਕਿਸ ਤਰ੍ਹਾਂ ਅਤੇ ਕਿੰਨਾ ਕੁ ਚਿਰ ਸਹਿਣ ਦੇ ਸਮਰੱਥ ਹੋ ਸਕਣਗੇ।

Check Also

ਸ੍ਰੀਲੰਕਾ ਦੇ ਬਦਲ ਰਹੇ ਹਾਲਾਤ ਦਾ ਗੁਆਂਢੀ ਮੁਲਕਾਂ ‘ਤੇ ਅਸਰ

ਸ੍ਰੀਲੰਕਾ ਵਿਚ ਆਈ ਵੱਡੀ ਤਬਦੀਲੀ ਵਜੋਂ ਅਨੂਰਾ ਦੀਸਾਨਾਇਕੇ ਨੇ ਦੇਸ਼ ਦੇ ਨੌਵੇਂ ਰਾਸ਼ਟਰਪਤੀ ਵਜੋਂ ਸਹੁੰ …