Breaking News
Home / ਮੁੱਖ ਲੇਖ / ਮੋਦੀ-ਟਰੰਪ ਜੋੜੀ ਰੂਸੀ ਪੁਤਿਨ ਦੀ ਭਗਤ ਕਿਉਂ?

ਮੋਦੀ-ਟਰੰਪ ਜੋੜੀ ਰੂਸੀ ਪੁਤਿਨ ਦੀ ਭਗਤ ਕਿਉਂ?

ਗੁਰਮੀਤ ਸਿੰਘ ਪਲਾਹੀ
ਨਾ ਹੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਰਤਾ ਭੋਰਾ ਜਿੰਨੀ ਆਸ ਸੀ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਜਾਏਗਾ ਅਤੇ ਨਾ ਹੀ ਨਰਿੰਦਰ ਮੋਦੀ ਨੂੰ ਇਹ ਚਿੱਤ ਚੇਤਾ ਸੀ ਕਿ ਉਹ ਦੇਸ਼ ਦਾ ਪ੍ਰਧਾਨਮੰਤਰੀ ਬਣ ਜਾਏਗਾ। ਚੋਣਾਂ ਤੋਂ ਪਹਿਲਾਂ ਕੀਤੇ ਸਰਵੇ, ਰਿਪੋਰਟਾਂ ਤਾਂ ਇਹੋ ਜਿਹੀਆਂ ਸਨ ਕਿ ਭਾਰਤ ਵਿੱਚ ਕਾਂਗਰਸ ਅਤੇ ਅਮਰੀਕਾ ਵਿੱਚ ਡੈਮੋਕਰੇਟ ਜਿੱਤ ਜਾਣਗੇ। ਦੋਵੇਂ ਵਿਅਕਤੀ ਟਰੰਪ ਤੇ ਮੋਦੀ ਆਪੋ-ਆਪਣੀ ਧੂੰਆਂਧਾਰ ਜਿੱਤ ਉਤੇ ਹੱਕੇ-ਬੱਕੇ ਰਹਿ ਗਏ ਸਨ।
ਮੋਦੀ ਅਤੇ ਟਰੰਪ ਇਸ ਵੇਲੇ ਆਪੋ-ਆਪਣੇ ਦੇਸ਼ਾਂ ਵਿੱਚ ਵੰਡੋ ਅਤੇ ਰਾਜ ਕਰੋ ਦੀ ਨੀਤੀ ਉਤੇ ਚੱਲ ਰਹੇ ਹਨ। ਮੋਦੀ ਇਸ ਗੱਲ ਲਈ ਬਜਿੱਦ ਹਨ ਅਤੇ ਪੂਰੀ ਵਾਹ ਲਾ ਰਹੇ ਹਨ ਕਿ ਹਿੰਦੋਸਤਾਨੀਆਂ ਨੂੰ ਇੱਕ ਦੂਜੇ ਵਿਰੁੱਧ ਕਰਨਾ ਹੈ, ਉਵੇਂ ਹੀ ਜਿਵੇਂ ਟਰੰਪ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਅਮਰੀਕਨਾਂ ਨੂੰ ਇੱਕਠਿਆਂ ਰਹਿਣ ਹੀ ਨਹੀਂ ਦੇਣਾ।
ਇਸ ਨੀਤੀ ਨੂੰ ਲਾਗੂ ਕਰਨ ‘ਚ ਰੂਸ ਦੇ ਜ਼ਾਰਸ਼ਾਹੀ ਦੀ ਰਹਿੰਦ-ਖੂੰਹਦ ਰੂਸ ਦੇ ਰਾਸ਼ਟਰਪਤੀ ਪੁਤਿਨ ਦੀ ਚਾਲ ਹੈ, ਜੋ ਫਾਸ਼ੀਵਾਦ ਨੂੰ ਉਤਸ਼ਾਹਿਤ ਕਰਦਿਆਂ, ਲੋਕਤੰਤਰ ਨੂੰ ਸੰਸਾਰ ਦੇ ਨਕਸ਼ੇ ਤੋਂ ਖਤਮ ਕਰਨਾ ਚਾਹੁੰਦਾ ਹੈ। ਰੂਸ ਵਿੱਚ ਉਸਨੇ ਪੂਰੀ ਤਾਕਤ ਝੋਕ ਕੇ ਆਪਣੇ ਵਿਰੋਧੀਆਂ ਦਾ ਖਾਤਮਾ ਕਰ ਲਿਆ ਹੈ। ਉਥੇ ਉਹ ਵਾਹ ਲਗਦਿਆਂ ਆਪਣੇ ਕਿਸੇ ਵਿਰੋਧੀ ਨੂੰ ਉਹ ਆਪਣੇ ਖਿਲਾਫ਼ ਚੋਣਾਂ ਲੜਨ ਲਈ ਵੀ ਉਠਣ ਨਹੀਂ ਦੇਂਦਾ। ਇਹੋ ਕੁਝ ਉਹ ਟਰੰਪ ਮੋਦੀ ਰਾਹੀਂ ਅਮਰੀਕਾ ਤੇ ਭਾਰਤ ਅਤੇ ਕੁਝ ਹੋਰਨਾਂ ਦੇਸ਼ਾਂ ‘ਚ ਕਰਨ ਦੇ ਰਾਹ ਤੁਰਿਆ ਹੋਇਆ ਹੈ, ਜਦਕਿ ਫਰਾਂਸ ਅਤੇ ਜਰਮਨ ‘ਚ ਉਸਨੂੰ ਲੋਕਤੰਤਰ ਨੂੰ ਤਹਿਸ਼-ਨਹਿਸ਼ ਕਰਨ ‘ਚ ਕਾਮਯਾਬੀ ਨਹੀਂ ਮਿਲੀ।
ਨਿਊਜ਼ ਏਜੰਸੀ ਸੀ ਐਨ ਐਨ ਦੀ ਰਿਪੋਰਟ ਹੈ ਕਿ ਅਮਰੀਕਾ ਦੀਆਂ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਦਾ 80 ਵੇਰ ਜ਼ਿਕਰ ਕੀਤਾ ਅਤੇ ਉਸਦੀਆਂ ਨੀਤੀਆਂ ਦੀ ਰੱਜ ਕੇ ਪ੍ਰਸੰਸਾ ਕੀਤੀ। ਟਰੰਪ ਨੇ ਲਗਾਤਾਰ ਕਿਹਾ ਕਿ ਅਮਰੀਕਾ, ਅਮਰੀਕਨਾਂ ਦਾ ਹੈ , ਉਹ ਉਹਨਾ ਸਾਰੇ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਭੇਜਣ ਅਤੇ ਨੌਕਰੀਆਂ ਸਿਰਫ ਅਮਰੀਕਨਾਂ ਨੂੰ ਦੇਣ ਦੇ ਹੱਕ ਵਿੱਚ ਹੈ ਅਤੇ ਇਸ ਸਬੰਧੀ ਉਹ ‘ਇੰਮੀਗਰੇਸ਼ਨ ਨੀਤੀ’ ਵਿੱਚ ਸੋਧ ਕਰੇਗਾ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਸਦੇ ਪਰਿਵਾਰ ਦੀ ਇਸ ਗੱਲੋਂ ਰੱਜ ਕੇ ਪ੍ਰਸੰਸਾ ਕੀਤੀ ਕਿ ਉਸਨੇ ਦੇਸ਼ ਦੀ ਖਾਤਰ ਆਪਣਾ ਪਰਿਵਾਰਕ ਸੁੱਖ-ਅਰਾਮ ਛੱਡਿਆ ਹੋਇਆ ਹੈ। ਅਸਲ ‘ਚ ਮੋਦੀ ਅਤੇ ਟਰੰਪ ਪੁਤਿਨ ਨੂੰ ਆਪਣਾ ‘ਰੋਲ ਮਾਡਲ’ ਅਤੇ ਹੀਰੋ ਮੰਨਦੇ ਹਨ ਅਤੇ ਉਸੇ ਦੇ ਰਸਤੇ ਤੇ ਚਲਦਿਆਂ ਆਪੋ ਆਪਣੇ ਦੇਸ਼ਾਂ ਵਿਚ ਲੋਕਾਂ ਉਤੇ ਉਸੇ ਦੇ ਢੰਗ ਨਾਲ ਰਾਜ ਕਰਨ ਦੇ ਰਾਹ ਤੁਰੇ ਹੋਏ ਹਨ।
ਅਮਰੀਕਾ ਦੇ ਸੈਨੇਟਰ ਜੋਹਨ ਮਕੈਨ ਨੇ ਪਿਛਲੇ ਦਿਨਾਂ ‘ਚ ਜਿਹੜੀ ਇਹ ਗੱਲ ਕਹੀ ਹੈ ਕਿ ਪੁਤਿਨ ਸਾਰੀ ਦੁਨੀਆਂ ਨੂੰ ਇਹ ਦਰਸਾਉਂਣਾ ਚਾਹੁੰਦਾ ਹੈ ਕਿ ਲੋਕਤੰਤਰ ਕਿਸੇ ਕੰਮ ਦਾ ਨਹੀਂ। ਅਸਲ ਵਿਚ ਇਹ ਉਹੋ ਸੋਚ ਹੈ, ਜੋ ਫਾਸ਼ਿਸ਼ਟਾਂ ਦੀ ਸੋਚ ਹੈ। ਇਹੋ ਜਿਹੇ ਹਾਕਮ ਸਦਾ ਇਹੋ ਚਾਹੁੰਦੇ ਹਨ ਕਿ ਜਿਵੇਂ ਉਹ ਸੋਚਦੇ ਹਨ, ਜੋ ਕੁਝ ਵੀ ਉਹ ਕਰਦੇ ਹਨ, ਉਹਨਾ ਦੇ ਭਗਤ ਵੀ ਉਹ ਕੁਝ ਕਰਨ, ਸੋਚਣ। ਭਾਰਤ ਵਿੱਚ ‘ਮੋਦੀ ਭਗਤਾਂ’ ਦੇ ਕਾਰਨਾਮੇ ਵੀ ਤਾਂ ਪੁਤਿਨ ਦੀ ਸੋਚ ਤੋਂ ਵੱਖਰੇ ਨਹੀਂ ਹਨ। ਉਹ ਆਪਣੀ ਪੁਗਾਉਣ ਲਈ ਉਹਨਾਂ ਵਿਰੋਧੀਆਂ ਉਤੇ ਹਮਲੇ ਕਰਦੇ ਹਨ, ਫਿਰਕੂ ਬਿਆਨ ਦਾਗਦੇ ਹਨ, ਦੇਸ਼ ਵਿਚੋਂ ਉਹਨਾਂ ਲੋਕਾਂ ਨੂੰ ਬਾਹਰ ਜਾਣ ਦੀ ਸਲਾਹਾਂ ਦਿੰਦੇ ਹਨ, ਜਿਹੜੇ ਉਹਨਾਂ ਦੀਆਂ ਨੀਤੀਆਂ, ਬੋਲਾਂ, ਜੁਮਲਿਆ ਦਾ ਸਵਾਗਤ ਜਾਂ ਸਮਰਥਨ ਨਹੀਂ ਕਰਦੇ। ਦੇਸ਼ ਵਿਚ ਵਾਪਰ ਕੀ ਕਰ ਰਿਹਾ ਹੈ? ਇਸ ਸਬੰਧੀ ਧਿਆਨ ਦੇਣ ਦੀ ਲੋੜ ਹੈ। ਮਨੋਹਰ ਜੋਸ਼ੀ ਨੇ ਇਲੈਕਟਰੋਨਿਕ ਅਖਬਾਰ ‘ਵਾਇਰ’ ਨਾਲ ਗਲੱਬਾਤ ਕਰਦਿਆਂ ਕਿਹਾ ਕਿ ਭਾਰਤ ਵਿੱਚ ਫਿਰਕੂ ਫਸਾਦਾਂ ਵਿਚ ਵਾਧਾ ਹੋ ਰਿਹਾ ਹੈ, ਇਹ ਕੋਈ ਲੁਕੀ-ਛੁਪੀ ਗੱਲ ਨਹੀਂ ਹੈ। ਸਰਕਾਰ ਵੀ ਇਹਨਾ ਤੱਥਾਂ ਨੂੰ ਪ੍ਰਵਾਨ ਕਰਦੀ ਹੈ। ਲੋਕ ਸਭਾ ‘ਚ ਇਕ ਸਵਾਲ ਦਾ ਜਵਾਬ ਦਿੰਦਿਆਂ 6 ਫਰਵਰੀ 2018 ਨੂੰ ਰਾਜਮੰਤਰੀ ਹੰਸਰਾਜ ਆਹੀਰ ਨੇ ਦੱਸਿਆ ਕਿ ਸਾਲ 2017 ਵਿੱਚ 822 ਫਿਰਕੂ ਘਟਨਾਵਾਂ ਹੋਈਆਂ, ਜਿਹਨਾਂ ‘ਚ 111 ਲੋਕ ਮਾਰੇ ਗਏ, 2500 ਲੋਕ ਜ਼ਖਮੀ ਹੋਏ ਜਦਕਿ 2016 ‘ਚ 751 ਫਿਰਕੂ ਘਟਨਾਵਾਂ ਹੋਈਆਂ ਹਨ ਜਿਹਨਾਂ ਵਿਚ 97 ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਅਤੇ 703 ਲੋਕ ਜ਼ਖਮੀ ਹੋਏ। ਕੁਝ ਲੋਕ ਇਸ ਬਾਰੇ ਪੂਰੇ ਵਿਸ਼ਵਾਸ ‘ਚ ਹਨ ਕਿ ਇਹਨਾਂ ਘਟਨਾਵਾਂ ਪਿਛੇ ਰੂਸ ਦਾ ਹੱਥ ਹੈ। ਉਹ ਇਹ ਵੀ ਕਹਿੰਦੇ ਹਨ ਕਿ ਇਹੋ ਜਿਹੀਆਂ ਘਟਨਾਵਾਂ ਨੂੰ ਕਰਾਉਣ ਲਈ ਰੂਸ ਵੱਲੋਂ ਵੱਡੀਆਂ ਰਕਮਾਂ ਦਿੱਤੀਆਂ ਜਾਂਦੀਆਂ ਹਨ। ਰੂਸ, ਭਾਰਤ ਦੇ ਸੰਘ ਪਰਿਵਾਰ ਰਾਹੀਂ ਇਹਨਾ ਘਟਨਾਵਾਂ ਨੂੰ ਅੰਜ਼ਾਮ ਦੇ ਰਿਹਾ ਹੈ, ਜਿਹੜੀ ਪਹਿਲਾਂ ਹੀ ਦੇਸ਼ ਵਿੱਚ ਲੋਕਤੰਤਰ ਦੇ ਖਿਲਾਫ ਕੰਮ ਕਰ ਰਹੀ ਹੈ। ਜਿਸਦਾ ਇਕੋ ਇੱਕ ਮੰਤਵ ਦੇਸ਼ ਵਿੱਚ ਹਿੰਦੂ ਰਾਸ਼ਟਰ ਦੀ ਸਥਾਪਤੀ ਕਰਨਾ ਕਿਹਾ ਜਾਂਦਾ ਹੈ। ਉਤਰ ਪ੍ਰਦੇਸ਼ ਵਿੱਚ ਜਿਸ ਢੰਗ ਨਾਲ ਹਿੰਦੂਆਂ ਨੂੰ ਮੁਸਲਮਾਨਾਂ ਦੇ ਵਿਰੋਧ ਵਿੱਚ ਭੜਕਾਕੇ, ਸੂਬੇ ‘ਚ ਚੋਣਾਂ ਜਿੱਤੀਆਂ ਗਈਆਂ ਅਤੇ ਇੱਕ-ਪਾਸੜ ਜਿੱਤ ਪ੍ਰਾਪਤ ਕੀਤੀ ਗਈ, ਉਹ ਭੋਲੇ ਭਾਲੇ ਹਿੰਦੂਆਂ ਨੂੰ ਗੁਮਰਾਹ ਕਰਨ ਦੀ ਇੱਕ ਵੱਡੀ ਮਿਸਾਲ ਹੈ। ਇਸ ਗੁਮਰਾਹ ਕਰਨ ਦੇ ਕੰਮ ‘ਚ ਉਸੇ ਕਿਸਮ ਦੀ ਨੀਤੀ ਅਖਤਿਆਰ ਕੀਤੀ ਗਈ ਜਿਸ ਕਿਸਮ ਦੀ ਨੀਤੀ ਅਮਰੀਕਨ ਮੁਸਲਮਾਨਾਂ ਵਲੋਂ ਟਰੰਪ ਦੇ ਖਿਲਾਫ ਰੂਸੀਆਂ ਵਲੋਂ ਨਿਊਯਾਰਕ ਵਿੱਚ ਚੋਣ ਮੁਹਿੰਮ ਦੌਰਾਨ ਅੰਦਰੋਗਤੀ ਕਰਵਾਈ ਗਈ ਸੀ। ਕੁਝ ਰੈਲੀਆਂ ਹਿਲੈਰੀ ਦੇ ਵਿਰੋਧ ਵਿੱਚ ਰੂਸੀਆਂ ਕਰਵਾਈਆਂ ਸਨ ਅਤੇ ਪ੍ਰਭਾਵ ਦਿੱਤਾ ਗਿਆ ਸੀ ਕਿ ਇਹ ਸੱਭੋ ਕੁਝ ਉਥੋਂ ਦੇ ਸਥਾਨਿਕ ਲੋਕ ਕਰ ਰਹੇ ਹਨ। ਅਸਲ ਵਿੱਚ ਇਹ ਸਭ ਕੁਝ ਪੁਤਿਨ ਦੇ ਭਗਤਾਂ ਵਲੋਂ ਅਮਰੀਕਨਾਂ ਨੂੰ ਅਮਰੀਕਨਾਂ ਦੇ ਵਿਰੁੱਧ ਕਰਨ ਅਤੇ ਅਮਰੀਕਨ ਰਾਸ਼ਟਰ ਵਿੱਚ ਧਰਮ ਦੇ ਨਾਮ ਉਤੇ ਤ੍ਰੇੜਾਂ ਪਾਉਣ ਦੀ ਸਾਜ਼ਿਸ਼ ਦਾ ਹਿੱਸਾ ਸੀ। ਇਸ ਵੇਲੇ ਪੁਤਿਨ ਦਾ ਪੂਰਾ ਜ਼ੋਰ ਦੁਨੀਆਂ ਭਰ ਵਿੱਚ ਰੂਸ ਨੂੰ ਸਰਵੋਤਮ ਦੇਸ਼ ਬਣਾਉਣ ਤੇ ਲੱਗਿਆ ਹੋਇਆ ਹੈ। ਉਹ ਆਪਣੇ ਸ਼ਿਕਾਰ ਦੀ ਭਾਲ ਵਿੱਚ ਥਾਂ-ਥਾਂ ‘ਲੋਕਤੰਤਰ’ ਵਿਰੋਧੀ ਲੋਕਾਂ ਦੀ ਭਾਲ ਕਰਦਾ ਹੈ, ਆਪਣੀਆਂ ਕਠਪੁਤਲੀਆਂ ਸਿਰਜਦਾ ਹੈ। ਉਹਨਾਂ ਰਾਹੀਂ ਉਹ ਦੂਜੇ ਦੇਸ਼ਾਂ ਦੀ ਤਾਕਤ ਨੂੰ ਕਮਜ਼ੋਰ ਕਰ ਰਿਹਾ ਹੈ ਅਤੇ ਆਪਣੇ ਆਪ ਨੂੰ ਇੱਕ ਸ਼ਕਤੀਸ਼ਾਲੀ ‘ਜ਼ਾਰ’ ਵਜੋਂ ਸਿਰਜਣਾ ਚਾਹੁੰਦਾ ਹੈ।
ਟਰੰਪ ਵਲੋਂ ਜਿਸ ਢੰਗ ਅਤੇ ਜਿਹਨਾਂ ਸ਼ਬਦਾਂ ਰਾਹੀਂ ਪੁਤਿਨ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ ਜਾਂ ਕੀਤੀ ਗਈ ਹੈ ਅਤੇ ਜਿਸ ਢੰਗ ਨਾਲ 2016 ਅਮਰੀਕਨ ਚੋਣਾਂ ‘ਚ 60 ਘਟਨਾਵਾਂ ਵਿਚ ਰੂਸ ਵਲੋਂ ਪ੍ਰਚਾਰ ਅਤੇ ਵਿੱਤੀ ਸਹਾਇਤਾ ਦੇਣ ਦੀ ਗੱਲ ਸਾਹਮਣੇ ਆਈ ਹੈ, ਉਸ ਤੋਂ ਤਾਂ ਇਹ ਗੱਲ ਸਪਸ਼ਟ ਹੈ ਕਿ ਰੂਸ ਨੇ ਟਰੰਪ ਨੂੰ ਗੱਦੀ ਉਤੇ ਬਿਠਾਉਣ ਲਈ ਆਪਣਾ ਪੂਰਾ ਜ਼ੋਰ ਲਾਇਆ, ਪਰ 2014 ਦੀਆਂ ਭਾਰਤੀ ਚੋਣਾਂ ਵਿਚ ਮੋਦੀ ਨੂੰ ਜਿਤਾਉਣ ‘ਚ ਰੂਸ ਦਾ ਕਿੰਨਾ ਹਿੱਸਾ ਸੀ, ਇਸ ਬਾਰੇ ਕੀ ਚਰਚਾ ਨਹੀਂ ਹੋਣੀ ਚਾਹੀਦੀ? ਕੀ ਇਸ ਗੱਲ ਬਾਰੇ ਵੀ ਜਾਂਚ ਨਹੀਂ ਹੋਣੀ ਚਾਹੀਦੀ ਕਿ ‘ਰੂਸ ਦਾ ਜ਼ਾਰ’ ਭਾਰਤ ਵਿਚ ਫਿਰਕੂ ਘਟਨਾਵਾਂ ਕਰਾਉਣ ਲਈ ਜੁੰਮੇਵਾਰ ਤਾਂ ਨਹੀਂ?
ਰੂਸ ਬਾਰੇ ਤਾਂ ਹੁਣ ਇਹ ਤੱਥ ਤਾਂ ਲਗਭਗ ਤਹਿ ਹੈ ਕਿ ਉਹ ਦੁਨੀਆ ਭਰ ਦੇ ਦੇਸ਼ਾਂ ਵਿਚੋਂ ਲੋਕਤੰਤਰ ਨੂੰ ਖ਼ਤਮ ਕਰਨ ਜਾਂ ਕਮਜ਼ੋਰ ਕਰਨ ਦੇ ਰਸਤੇ ਤੁਰਿਆ ਹੋਇਆ ਹੈ।
ਅੱਜ ਜਾਤ ਅਤੇ ਧਰਮ ਦੇ ਠੇਕੇਦਾਰਾਂ ਵਲੋਂ ਦੇਸ਼ ਭਰ ਵਿੱਚ ਇਕ ਵੱਖਰਾ ਸਾਹ ਘੁੱਟਵਾਂ ਮਾਹੌਲ ਸਿਰਜਿਆ ਜਾ ਰਿਹਾ ਹੈ। ਨੌਜਵਾਨਾਂ ਨੂੰ ਕੀ ਪਹਿਨਣ, ਕੀ ਖਾਣ, ਕੀ ਬੋਲਣ ਜਾਂ ਨਾ ਬੋਲਣ, ਕਿਸ ਨਾਲ ਦੋਸਤੀ ਕਰਨ, ਨਾ ਕਰਨ ‘ਤੇ ਕਿਸ ਨਾਲ ਵਿਆਹ ਕਰਨ, ਨਾ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ। ਵਿਰੋਧੀ ਆਵਾਜ਼ਾਂ ਨੂੰ ਪੱਕੀਆਂ ਹੀ ਬੰਦ ਕਰਨ ਲਈ ਕੰਮ ਹੋ ਰਹੇ ਹਨ। ਭਾਰਤੀ ਨਾਗਰਿਕਾਂ ਦੀ ਹਰ ਕਿਸਮ ਦੀ ਅਜ਼ਾਦੀ ਉਤੇ ਛਾਪੇ ਮਾਰੇ ਜਾ ਰਹੇ ਹਨ। ਹੁਣ ਜਦਕਿ ਹਰ ਹੀ ਨਾਗਿਰਕ ਦਾ, ਫਿੰਗਰ ਪ੍ਰਿੰਟ ਅਤੇ ਚਿਹਰੇ ਦੀ ਪਹਿਚਾਣ ਅਤੇ ਸੀ ਸੀ ਟੀ ਵੀ ਕੈਮਰਿਆਂ ਰਾਹੀਂ ਹਰ ਗੁਪਤ ਰਿਕਾਡਿੰਗ ਸਰਕਾਰ ਤੇ ਕਾਰਪੋਰੇਟ ਜਮਾਤ ਦੇ ਘੇਰੇ ਵਿੱਚ ਆ ਚੁੱਕਾ ਹੈ। ਉਹਦੀ ਨਿੱਜਤਾ ਦੀ ਆਜ਼ਾਦੀ ਬਚੀ ਹੀ ਕਿਥੇ ਹੈ? ਦੇਸ਼ ਦਾ ਕਾਨੂੰਨ, ਮਾਫ਼ੀਏ ਅਤੇ ਹਾਕਮ ਭਗਤਾਂ ਦੀ ਡੋਰ ਬਣ ਚੁੱਕਾ ਹੈ। ਕਾਨੂੰਨ ਦੇ ਰਾਖੇ, ਆਪ ਕਾਨੂੰਨ ਨੂੰ ਭੰਗ ਕਰਨ ਲਈ ਜਾਣੇ ਜਾਣ ਲੱਗ ਪਏ ਹਨ ਜਾਂ ਅੱਖਾਂ ਮੀਟੀ ਬੈਠੇ ਤਮਾਸ਼ਾ ਵੇਖਦੇ ਰਹਿੰਦੇ ਹਨ। ਇਸ ਹਾਲਤ ਵਿੱਚ ਹਾਕਮ ਭਗਤਾਂ ਦੇ ਤਾਂ ਵਾਰੇ-ਨਿਆਰੇ ਹੋਣੇ ਹੀ ਹੋਏ।
ਭਾਰਤ ਵਿੱਚ ਫਿਰਕੂ ਫਸਾਦ, ਔਰਤਾਂ, ਦਲਿਤਾਂ ਉਤੇ ਅਤਿਆਚਾਰ,ਨਾਗਰਿਕਾਂ ਦੇ ਮੁੱਢਲੇ ਹੱਕਾਂ ਦਾ ਘਾਣ ਤੇ ਨਿੱਜਤਾ ਦੀ ਅਜ਼ਾਦੀ ‘ਤੇ ਹਮਲੇ, ਕਿਸੇ ਵੀ ਧਰਮ ਜਾਤੀ ਦੇ ਗਰੀਬ ਲੋਕਾਂ ਨਾਲ ਦਰੇਗ ਅਤੇ ਭੇਦ-ਭਾਵ ਆਮ ਜਿਹੀ ਗੱਲ ਬਣ ਚੁੱਕੀ ਹੈ। ਇਹ ਲੋਕਤੰਤਰ ਦੇ ਮੱਥੇ ਉਤੇ ਕਲੰਕ ਹੈ। ਹਾਲ ਹੁਣ ਅਮਰੀਕਨ ਸਮਾਜ ਵਿੱਚ ਵੀ ਇਹੋ ਜਿਹਾ ਬਣਦਾ ਜਾ ਰਿਹਾ ਹੈ, ਜਿਥੇ ਸ਼ਹਿਰੀ ਅਜ਼ਾਦੀਆਂ ਅਤੇ ਬਰੋ-ਬਰੋਬਰ ਦੇ ਸਮਾਜਕ ਰੁਤਬੇ ਨੂੰ ਬਣਾਈ ਰੱਖਣ ਲਈ ਪ੍ਰਸ਼ਨ ਚਿੰਨ, ਟਰੰਪ ਦੀਆਂ ਨੀਤੀਆਂ ਕਾਰਨ ਲੱਗ ਰਹੇ ਹਨ।
ਮੋਦੀ ਟਰੰਪ ਜੋੜੀ, ਪੁਤਿਨ ਦੀ ਭਗਤ ਬਣਕੇ ਇਸੇ ਰਸਤੇ ਉਤੇ ਚੱਲ ਰਹੀ ਹੈ। ਘੱਟੋ-ਘੱਟ ਇਹ ਰਸਤਾ ਧਰਮ ਨਿਰਪੱਖ ਲੋਕਤੰਤਰਿਕ ਦੇਸ਼ ਭਾਰਤ ਲਈ ਵੱਡਾ ਖਤਰਾ ਹੈ। ਕੀ ਦੇਸ਼ ਵਾਸੀ ਇਸ ਰਸਤੇ ਨੂੰ ਪ੍ਰਵਾਨ ਕਰਨਗੇ?

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …