Breaking News
Home / ਪੰਜਾਬ / ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੇ ਕੀਤਾ ਪ੍ਰਗਟਾਵਾ

ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੇ ਕੀਤਾ ਪ੍ਰਗਟਾਵਾ

ਭਾਰਤੀ ਟਰਮੀਨਲ ਉਤੇ ਤਕਰਾਰ, ਪਾਕਿਸਤਾਨ ‘ਚ ਮਿਲਦੈ ਪਿਆਰ
ਕਲਾਨੌਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਪਿੱਛੇ ਜਨਰਲ ਬਾਜਵਾ ਦੇ ਦਿੱਤੇ ਬਿਆਨ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਚੌਕਸੀ ਵਧਾ ਦਿੱਤੀ ਹੈ। ਉੱਥੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਕੇ ਪਰਤੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਜਾਂਦੇ ਸਮੇਂ ਪੈਸੰਜਰ ਟਰਮੀਨਲ ਡੇਰਾ ਬਾਬਾ ਨਾਨਕ ਦੇ ਇਮੀਗ੍ਰੇਸ਼ਨ ਅਤੇ ਚੈੱਕ ਪੁਲਿਸ ਅਧਿਕਾਰੀਆਂ ਦੀ ਤਕਰਾਰਬਾਜ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪਾਕਿਸਤਾਨ ਟਰਮੀਨਲ ‘ਤੇ ਪੁੱਜੇ ਸ਼ਰਧਾਲੂਆਂ ਨੂੰ ਪੂਰਾ ਪਿਆਰ ਮਿਲਦਾ ਹੈ।ઠ ਭਾਰਤੀ ਸ਼ਰਧਾਲੂਆਂ ਨੇ ਕਿਹਾ ਕਿ ਪਾਕਿਸਤਾਨ ਦੀ ਜ਼ਮੀਨ ”ਤੇ ਕਦਮ ਧਰਦਿਆਂ ਹੀ ਪਾਕਿਸਤਾਨ ਫ਼ੌਜ ਅਤੇ ਹੋਰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਆਪਣੇ ਹੱਥਾਂ ‘ਤੇ ਚੁੱਕਿਆ ਜਾਂਦਾ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ‘ਤੇ ਬਣੇ ਪੈਸੰਜਰ ਟਰਮੀਨਲ ਤੋਂ 1745 ਸ਼ਰਧਾਲੂਆਂ ਵੱਲੋਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਦਕਿ ਪਾਕਿਸਤਾਨ ਵੱਲੋਂ 2024 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਸਬੰਧੀ ਮਨਜ਼ੂਰੀ ਦਿੱਤੀ ਗਈ ਸੀ।ઠ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੁੱਲ੍ਹਣ ਦੇ 23ਵੇਂ ਦਿਨ ਤਕ 12774 ਸ਼ਰਧਾਲੂਆਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ ਜਾ ਚੁੱਕੇ ਹਨ। ਇੱਥੇ ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਸਹਿਮਤੀ ਦਿੱਤੀ ਸੀ ਅਤੇ ਜੇਕਰ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਦੇ ਤਾਂ ਹੁਣ ਤਕ 23 ਦਿਨਾਂ ਵਿੱਚ 1 ਲੱਖ 15 ਹਜ਼ਾਰ ਸ਼ਰਧਾਲੂਆਂ ਨੇ ਦਰਸ਼ਨ ਕਰ ਲੈਣੇ ਸਨ।ઠਐਤਵਾਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਕੇ ਪਰਤੇ ਸਾਬਕਾ ਸਰਪੰਚ ਗੁਰਦੇਵ ਸਿੰਘ, ਰਣਬੀਰ ਸਿੰਘ ਦਿਓਲ, ਬਲਵਿੰਦਰ ਕੌਰ ਕਲਾਨੌਰ, ਭੁਪਿੰਦਰ ਸਿੰਘ, ਗੁਰਜਾਪ ਸਿੰਘ, ਹਰਦੇਵ ਸਿੰਘ ਆਦਿ ਸ਼ਰਧਾਲੂਆਂ ਨੇ ਦੱਸਿਆ ਕਿ ਭਾਰਤੀ ਪੈਸੰਜਰ ਟਰਮੀਨਲ ‘ਤੇ ਜਿੱਥੇ ਅਧਿਕਾਰੀਆਂ ਦੇ ਸਖ਼ਤ ਵਤੀਰੇ ਕਾਰਨ ਸ਼ਰਧਾਲੂਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਪਾਕਿਸਤਾਨ ਸਥਿਤ ਟਰਮੀਨਲ ‘ਤੇ ਭਾਰਤੀ ਸ਼ਰਧਾਲੂਆਂ ਨੂੰ ਪਾਕਿਸਤਾਨ ਅਧਿਕਾਰੀਆਂ ਵੱਲੋਂ ਹੱਥੀਂ ਚੁੱਕਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਭਰਪੂਰ ਪਿਆਰ ਦਿੱਤਾ ਜਾਂਦਾ ਹੈ।ઠ
ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਕਰਤਾਰਪੁਰ ਟਰਮੀਨਲ ਵਿੱਚ ਕਈ ਸ਼ਰਧਾਲੂਆਂ ਪੀਟੀਏ ਫਾਰਮ ਵਿੱਚ ਫੋਟੋ ਫਿੱਕੀ ਜਾਂ ਮਾੜੀ-ਮੋਟੀ ਮਿਸਟੇਕ ਹੋਣ ਦੇ ਬਾਵਜੂਦ ਕਈ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਤੋਂ ਵਾਂਝੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਨਾਲੇ ਤੋਂ ਆਏ ਸ਼ਰਧਾਲੂਆਂ ਦੇ ਪੀਟੀਏ ਫਾਰਮ ‘ਤੇ ਫੋਟੋਆਂ ਫਿੱਕੀਆਂ ਹੋਣ ਕਾਰਨ ਉਨ੍ਹਾਂ ਨੂੰ ਦਰਸ਼ਨ ਨਹੀਂ ਕਰਨ ਦਿੱਤੇ ਗਏ, ਜਦਕਿ ਉਕਤ ਸਰਧਾਲੂਆਂ ਦੀ ਪੰਜਾਬ ਪੁਲਿਸ ਵੱਲੋਂ ਵੈਰੀਫਿਕੇਸ਼ਨ ਵੀ ਕੀਤੀ ਗਈ ਸੀ।ઠ
ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਇੱਕ ਫਾਰਮ ‘ਤੇ ਜਾਣ ਵਾਲੇ ਪਰਿਵਾਰਕ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ, ਪਰ ਕਰਤਾਰਪੁਰ ਡੇਰਾ ਬਾਬਾ ਨਾਨਕ ਸਥਿਤ ਟਰਮੀਨਲ ਦੇ ਅਧਿਕਾਰੀਆਂ ਵੱਲੋਂ ਕੇਵਲ ਇੱਕ ਫਾਰਮ ‘ਤੇ ਇੱਕ ਸ਼ਰਧਾਲੂ ਨੂੰ ਹੀ ਦਰਸ਼ਨ ਕਰਨ ਲਈ ਭੇਜਿਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵੱਲੋਂ ਆਪਣੇ ਟਰਮੀਨਲ ਵਿੱਚ ਭਾਰਤੀ ਟਰਮੀਨਲ ਨਾਲੋਂ ਦੁੱਗਣੇ ਕਾਊਂਟਰ ਲਗਾਏ ਹੋਏ ਹਨ ਅਤੇ ਚੈਕਿੰਗ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਵੀ ਸਰਲ ਹੈ।

Check Also

ਜੰਮੂ ਕਸ਼ਮੀਰ ਦੇ ਪੁਣਛ ‘ਚ ਮੁਕਾਬਲੇ ਦੌਰਾਨ ਨਾਇਬ ਸੂਬੇਦਾਰ ਸਮੇਤ 5 ਜਵਾਨ ਸ਼ਹੀਦ

ਤਿੰਨ ਜਵਾਨ ਪੰਜਾਬ, ਇਕ ਯੂ.ਪੀ. ਅਤੇ ਇਕ ਕੇਰਲਾ ਨਾਲ ਸਬੰਧਤ ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …