-1 C
Toronto
Thursday, December 25, 2025
spot_img
Homeਪੰਜਾਬਪੰਜਾਬ 'ਚ ਏਡਜ਼ ਪੀੜਤਾਂ ਦੀ ਗਿਣਤੀ ਇਕ ਲੱਖ ਤੋਂ ਟੱਪੀ

ਪੰਜਾਬ ‘ਚ ਏਡਜ਼ ਪੀੜਤਾਂ ਦੀ ਗਿਣਤੀ ਇਕ ਲੱਖ ਤੋਂ ਟੱਪੀ

ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਧਣ ਦਾ ਮੁੱਖ ਕਾਰਨ ਨਸ਼ੇ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਵਿਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜਦਕਿ ਕੌਮੀ ਪੱਧਰ ‘ਤੇ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆਈ ਹੈ। ਪੰਜਾਬ ਵਿਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਧਣ ਦਾ ਮੁੱਖ ਕਾਰਨ ਪਿਛਲੇ 12 ਸਾਲਾਂ ਤੋਂ ਸੂਬੇ ‘ਚ ਧੜੱਲੇ ਨਾਲ ਵਿਕ ਰਹੇ ਨਸ਼ਿਆਂ ਨੂੰ ਦੱਸਿਆ ਜਾ ਰਿਹਾ ਹੈ।
ਨਸ਼ੇੜੀ ਜ਼ਿਆਦਾਤਰ ਇਕ ਸਰਿੰਜ ਨਾਲ ਹੀ ਸਰੀਰ ‘ਚ ਟੀਕਾ ਲਾਉਂਦੇ ਹਨ, ਉਹੀ ਸੂਈ ਜਦ ਵਾਰ-ਵਾਰ ਵਰਤੀ ਜਾਂਦੀ ਹੈ ਤਾਂ ਏਡਜ਼ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਪੰਜਾਬ ਵਿਚ ਇਸ ਸਮੇਂ ਇਕ ਲੱਖ ਤੋਂ ਵੱਧ ਏਡਜ਼ ਪੀੜਤ ਦੱਸੇ ਗਏ ਹਨ। ਸੂਬੇ ਦੀਆਂ ਜੇਲ੍ਹਾਂ ਵਿਚ ਵੀ ਏਡਜ਼ ਪੀੜਤਾਂ ‘ਚ ਵਾਧਾ ਹੋਇਆ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਹੀ 400 ਤੋਂ ਵੱਧ ਐੱਚਆਈਵੀ ਪੀੜਤ ਹਨ। ਸਾਰੇ ਪੰਜਾਬ ਦੀਆਂ ਜੇਲ੍ਹਾਂ ਵਿਚ ਇਹ ਅੰਕੜਾ 2,700 ਤੋਂ ਵੱਧ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਏਡਜ਼ ਦੇ ਪਹਿਲੇ ਮਰੀਜ਼ ਦੀ ਪਛਾਣ ਮਈ 1987 ਵਿਚ ਹੋਈ ਸੀ। ਇਕ ਦਹਾਕੇ ਤੋਂ ਬਾਅਦ 1997 ‘ਚ ਇਕ ਹਜ਼ਾਰ ਪਿੱਛੇ 59 ਵਿਅਕਤੀਆਂ ਦੇ ਐਚਆਈਵੀ ਪਾਜ਼ੇਟਿਵ ਹੋਣ ਦਾ ਖੁਲਾਸਾ ਹੋਇਆ ਸੀ।ਪੰਜਾਬ ਵਿਚ ਪਿਛਲੇ ਇਕ ਦਹਾਕੇ ਤੋਂ ਏਡਜ਼ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਾਲੀ ਸੰਸਥਾ ਯਾਦ ਫਾਊਂਡੇਸ਼ਨ (ਯੂਥ ਅਗੇਂਸਟ ਅਲਕੋਹਲ ਐਂਡ ਡਰੱਗਜ਼ ਫਾਊਂਡੇਸ਼ਨ) ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਬਾਨੀ ਮਰਹੂਮ ਡਾ. ਰਘਬੀਰ ਸਿੰਘ ਬੈਂਸ ਨੇ ਅਫ਼ਰੀਕੀ ਦੇਸ਼ਾਂ ਵਿਚ ਏਡਜ਼ ਬਾਰੇ ਕੰਮ ਕਰਦਿਆਂ 16 ਸਾਲ ਬਤੀਤ ਕੀਤੇ ਸਨ। ਉਨ੍ਹਾਂ ਏਡਜ਼ ਦੇ ਹਰ ਪਹਿਲੂ ਨੂੰ ਬਰੀਕੀ ਨਾਲ ਜਾਣਿਆ ਸੀ ਤੇ ਉਨ੍ਹਾਂ ਨੇ ਹੀ ਪੰਜਾਬ ਵਿਚ ਟਰੱਕ ਡਰਾਈਵਰਾਂ ਅਤੇ ਨਸ਼ੇੜੀਆਂ ਰਾਹੀਂ ਏਡਜ਼ ਫੈਲਣ ਦਾ ਮੁੱਖ ਕਾਰਨ ਖੋਜਿਆ ਸੀ। ਜਥੇਬੰਦੀ ਉਦੋਂ ਤੋਂ ਹੀ ਏਡਜ਼ ਬਾਰੇ ਲੋਕਾਂ ਨੂੰ ਜਾਗਰੂਕ ਕਰਦੀ ਆ ਰਹੀ ਹੈ। ਇਕ ਦਹਾਕਾ ਪਹਿਲਾਂ ਪੰਜਾਬ ਵਿਚ ਏਡਜ਼ ਮਰੀਜ਼ਾਂ ਦੀ ਗਿਣਤੀ 75 ਹਜ਼ਾਰ ਦੇ ਕਰੀਬ ਸੀ ਜਿਹੜੀ ਕਿ ਹੁਣ ਟੱਪ ਕੇ ਇਕ ਲੱਖ ਦਾ ਅੰਕੜਾ ਪਾਰ ਕਰ ਗਈ ਹੈ।
ਸੂਬੇ ਨੇ ਏਡਜ਼ ‘ਤੇ ਤੇਜ਼ੀ ਨਾਲ ਕਾਬੂ ਪਾਇਆ: ਸਿੱਧੂ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਦਾਅਵਾ ਹੈ ਕਿ ਪੰਜਾਬ ਵਿਚ ਐਚਆਈਵੀ ਪੀੜਤ ਮਰੀਜ਼ਾਂ ਦੀ ਗਿਣਤੀ 67 ਹਜ਼ਾਰ ਦੇ ਕਰੀਬ ਹੈ। ਇਨ੍ਹਾਂ ਵਿਚੋਂ ਵੀ ਰਿਕਵਰੀ ਦੀ ਦਰ 93 ਫੀਸਦੀ ਆ ਰਹੀ ਹੈ। ਸ੍ਰੀ ਸਿੱਧੂ ਨੇ ਦਾਅਵਾ ਕੀਤਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ ਏਡਜ਼ ਉੱਪਰ ਤੇਜ਼ੀ ਨਾਲ ਕਾਬੂ ਪਾਇਆ ਹੈ। ਐਚਆਈਵੀ ਪਾਜ਼ੇਟਿਵ ਮਰੀਜ਼ਾਂ ਦੇ ਟੈਸਟ ਅਤੇ ਉਨ੍ਹਾਂ ਦੇ ਇਲਾਜ ਲਈ ਦਵਾਈਆਂ ਪੂਰੀ ਤਰ੍ਹਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਦੋ ਟੈਸਟ ਹੁੰਦੇ ਹਨ ਜਿਨ੍ਹਾਂ ‘ਚੋਂ ਇਕ ਟੈਸਟ 800 ਰੁਪਏ ਤੇ ਇਕ 1600 ਰੁਪਏ ਦਾ ਹੈ, ਜਿਹੜਾ ਪੰਜਾਬ ਸਰਕਾਰ ਨੇ ਹੁਣ ਮੁਫ਼ਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਰੀਜ਼ਾਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ।

RELATED ARTICLES
POPULAR POSTS