22.4 C
Toronto
Sunday, September 14, 2025
spot_img
Homeਪੰਜਾਬਪਟਨਾ ਸਾਹਿਬ ਦਾ ਜਥੇਦਾਰ ਗਿਆਨੀ ਰਣਜੀਤ ਸਿੰਘ ਵੀ ਵਿਵਾਦਾਂ 'ਚ

ਪਟਨਾ ਸਾਹਿਬ ਦਾ ਜਥੇਦਾਰ ਗਿਆਨੀ ਰਣਜੀਤ ਸਿੰਘ ਵੀ ਵਿਵਾਦਾਂ ‘ਚ

ਪ੍ਰਕਾਸ਼ ਅਸਥਾਨ ‘ਤੇ ਪਜਾਮਾ ਪਹਿਨ ਕੇ ਜਾਣ ‘ਤੇ ਹੋਇਆ ਵਿਵਾਦ, ਸੰਗਤਾਂ ਵਿਚ ਰੋਸ
ਲੁਧਿਆਣਾ/ਬਿਊਰੋ ਨਿਊਜ਼ : ਤਖ਼ਤ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਗਿਆਨੀ ਰਣਜੀਤ ਸਿੰਘ ਗਹੌਰ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਵਾਲੀ ਥਾਂ ‘ਤੇ ਪਜਾਮਾ ਪਹਿਨ ਕੇ ਜਾਣ ਕਾਰਨ ਵਿਵਾਦਾਂ ‘ਚ ਘਿਰ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਖ਼ਤ ਪਟਨਾ ਸਾਹਿਬ ਦੇ ਸੇਵਾਦਾਰਾਂ ਦੀ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਜਥੇਦਾਰ ਪਜਾਮਾ ਪਹਿਨ ਕੇ ਪ੍ਰਕਾਸ਼ ਅਸਥਾਨ ‘ਤੇ ਪੁੱਜੇ ਤਾਂ ਉੱਥੇ ਹਾਜ਼ਰ ਸੇਵਾਦਾਰਾਂ ਨੇ ਇਸ ਦਾ ਵਿਰੋਧ ਕੀਤਾ।
ਇਸ ‘ਤੇ ਜਥੇਦਾਰ ਗਹੌਰ ਨੇ ਵਿਰੋਧ ਨੂੰ ਦੇਖਦਿਆਂ ਪ੍ਰਕਾਸ਼ ਅਸਥਾਨ ਦੇ ਅੰਦਰ ਹੀ ਆਪਣਾ ਪਜਾਮਾ ਲਾਹ ਦਿੱਤਾ ਅਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਗਏ।
ਇੱਥੇ ਵਰਨਣਯੋਗ ਹੈ ਕਿ ਤਖ਼ਤ ਦੀ ਮਰਿਆਦਾ ਅਨੁਸਾਰ ਜਨਮ ਅਸਥਾਨ ਵਾਲੀ ਥਾਂ ‘ਤੇ ਕੋਈ ਵੀ ਸਿੰਘ ਪਜਾਮਾ ਪਹਿਨ ਕੇ ਨਹੀਂ ਜਾ ਸਕਦਾ। ਮਰਿਆਦਾ ਅਨੁਸਾਰ ਲੰਮਾ ਚੋਲਾ ਪਾ ਕੇ ਹੀ ਉਸ ਅਸਥਾਨ ‘ਤੇ ਜਾਇਆ ਜਾ ਸਕਦਾ ਹੈ। ਸ਼ਾਮ ਸਮੇਂ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਹੋਈ ਅਰਦਾਸ ਉਪਰੰਤ ਆਰਤੀ ਵੇਲੇ ਇਹ ਘਟਨਾ ਵਾਪਰੀ ਹੈ। ਸਿੰਘ ਸਾਹਿਬ ਨੇ ਇਸ ਤੋਂ ਬਾਅਦ ਬਿਨਾਂ ਹੱਥ ਸੁੱਚੇ ਕੀਤਿਆਂ ਹੀ ਸੰਗਤ ਨੂੰ ਪੁਰਾਤਨ ਸ਼ਸਤਰਾਂ ਦੇ ਦਰਸ਼ਨ ਕਰਵਾਏ। ਇਸ ਘਟਨਾ ਸਬੰਧੀ ਸੀਸੀਟੀਵੀ ਦੀ ਫੁਟੇਜ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਕਾਰਨ ਸੰਗਤ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਹੈ। ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੇ ਮਾਮਲੇ ਦੀ ਰਿਪੋਰਟ ਪ੍ਰਾਪਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਉਪਰੰਤ ਹੀ ਅਗਲਾ ਫ਼ੈਸਲਾ ਕੀਤਾ ਜਾਵੇਗਾ।
ਦੂਜੇ ਪਾਸੇ, ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਇਨਵਾਇਟੀ ਮੈਂਬਰ ਅਮਰਜੀਤ ਸਿੰਘ ਸ਼ੰਮੀ ਨੇ ਕਿਹਾ ਹੈ ਕਿ ਇਸ ਸਬੰਧੀ ਜਥੇਦਾਰ ਗਹੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਤਖ਼ਤ ਸਾਹਿਬ ਦੀ ਪੁਰਾਤਨ ਮਰਿਆਦਾ ਅਨੁਸਾਰ ਜਨਮ ਅਸਥਾਨ ਨੇੜੇ ਸਿਰਫ਼ ਚੋਲਾ ਪਹਿਨ ਕੇ ਹੀ ਜਾਇਆ ਜਾ ਸਕਦਾ ਹੈ।

RELATED ARTICLES
POPULAR POSTS