Breaking News
Home / ਪੰਜਾਬ / ਸ਼੍ਰੋਮਣੀ ਕਮੇਟੀ ਨੇ ਆਮਿਰ ਖਾਨ ਨੂੰ ਹਰੀ ਸਿੰਘ ਨਲੂਆ ‘ਤੇ ਫਿਲਮ ਬਣਾਉਣ ਦੀ ਕੀਤੀ ਅਪੀਲ

ਸ਼੍ਰੋਮਣੀ ਕਮੇਟੀ ਨੇ ਆਮਿਰ ਖਾਨ ਨੂੰ ਹਰੀ ਸਿੰਘ ਨਲੂਆ ‘ਤੇ ਫਿਲਮ ਬਣਾਉਣ ਦੀ ਕੀਤੀ ਅਪੀਲ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਆਮਿਰ ਖਾਨ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਨੇ ਫ਼ਿਲਮ ਕਲਾਕਾਰ ਆਮਿਰ ਖਾਨ ਨੂੰ ਸਿੱਖ ਜਰਨੈਲ ਹਰੀ ਸਿੰਘ ਨਲੂਆ ‘ਤੇ ਫ਼ਿਲਮ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਸਿੱਖ ਜਰਨੈਲ ਦੀ ਗੌਰਵ ਗਾਥਾ ਨੂੰ ਵਿਸ਼ਵ ਵਿਚ ਪ੍ਰਚਾਰਿਆ ਜਾ ਸਕੇ। ਸ੍ਰੀ ਖਾਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਆਮਿਰ ਖਾਨ ‘ਲਾਲ ਸਿੰਘ ਚੱਢਾ’ ਨਾਂ ਦੀ ਫ਼ਿਲਮ ਦੀ ਸ਼ੂਟਿੰਗ ਲਈ ਅੱਜ ਕੱਲ੍ਹ ਪੰਜਾਬ ਦੇ ਦੌਰੇ ‘ਤੇ ਹਨ। ਸ਼ੁਕਰਾਨੇ ਵਜੋਂ ਉਹ
ਸ੍ਰੀ ਹਰਿਮੰਦਰ ਸਾਹਿਬ ਪੁੱਜੇ ਸਨ। ਉਨ੍ਹਾਂ ਲਗਪਗ 50 ਮਿੰਟ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣਿਆ। ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਸੰਗਤ ਦੇ ਜੂਠੇ ਭਾਂਡੇ ਸਾਫ ਕਰਨ ਦੀ ਸੇਵਾ ਕਰਨਾ ਚਾਹੁੰਦੇ ਸਨ ਪਰ ਪ੍ਰਸ਼ੰਸਕਾਂ ਦੀ ਭੀੜ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਇਸ ਦੌਰਾਨ ਉਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਗਏ ਅਤੇ ਉਨ੍ਹਾਂ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਏ ਫੌਜੀ ਹਮਲੇ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸ੍ਰੀ ਖਾਨ ਨੇ ਕਿਹਾ ਕਿ ਉਹ ਦੋ ਵਾਰ ਪਹਿਲਾਂ ਵੀ ਸ੍ਰੀ ਹਰਿਮੰਦਰ ਸਾਹਿਬ ਆ ਚੁੱਕੇ ਹਨ। ਇਥੇ ਗੁਰੂ ਘਰ ਨਤਮਸਤਕ ਹੋ ਕੇ ਉਨ੍ਹਾਂ ਨੂੰ ਮਾਨਸਿਕ ਸਕੂਨ ਤੇ ਸ਼ਾਂਤੀ ਮਿਲੀ ਹੈ। ਆਪਣੀ ਨਵੀਂ ਆ ਰਹੀ ਫ਼ਿਲਮ ‘ਲਾਲ ਸਿੰਘ ਚੱਢਾ’ ਬਾਰੇ ਉਨ੍ਹਾਂ ਦੱਸਿਆ ਕਿ ਉਹ ਇਸ ਫ਼ਿਲਮ ਵਿਚ ਸਿੱਖ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਕਿ ਨੇਕ ਇਨਸਾਨ ਹੈ। ਉਨ੍ਹਾਂ ਦੱਸਿਆ ਕਿ ਸਿੱਖ ਕਿਰਦਾਰ ਵਾਲੀ ਇਸ ਫ਼ਿਲਮ ਵਿਚ ਰੋਲ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਸਿੱਖ ਧਰਮ ਬਾਰੇ ਪੜ੍ਹਿਆ ਅਤੇ ਜਾਣਿਆ ਹੈ। ਉਹ ਸਿੱਖ ਧਰਮ ਤੋਂ ਬਹੁਤ ਪ੍ਰਭਾਵਿਤ ਹੋਏ। ਇਸ ਦੌਰਾਨ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਖਾਨ ਨੂੰ ਅਪੀਲ ਕੀਤੀ ਕਿ ਉਹ ਸਿੱਖ ਜਰਨੈਲ ਹਰੀ ਸਿੰਘ ਨਲੂਆ ਦੇ ਗੌਰਵਮਈ ਇਤਿਹਾਸ ਬਾਰੇ ਵੀ ਫ਼ਿਲਮ ਬਣਾਉਣ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਨਲੂਆ ਬਾਰੇ ਇਤਿਹਾਸਕ ਸਕਰਿਪਟ ਵੀ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ ਗਿਆ। ਸ੍ਰੀ ਖਾਨ ਨੇ ਕਿਹਾ ਕਿ ਉਹ ਹਰੀ ਸਿੰਘ ਨਲੂਆ ਬਾਰੇ ਫ਼ਿਲਮ ਬਣਾਉਣ ਦੇ ਵਿਸ਼ੇ ‘ਤੇ ਜ਼ਰੂਰ ਵਿਚਾਰ ਕਰਨਗੇ। ਸ੍ਰੀ ਖਾਨ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਮਿਲ ਚੁੱਕੇ ਹਨ। ਇਸ ਮੌਕੇ ਸ੍ਰੀ ਖਾਨ ਨੂੰ ਮੁੱਖ ਸਕੱਤਰ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਕੱਤਰ ਮਨਜੀਤ ਸਿੰਘ ਬਾਠ, ਕੁਲਵਿੰਦਰ ਸਿੰਘ ਰਮਦਾਸ, ਗੁਰਪ੍ਰਤਾਪ ਸਿੰਘ ਟਿੱਕਾ, ਹਰਭਜਨ ਸਿੰਘ ਵਕਤਾ, ਰਜਿੰਦਰ ਸਿੰਘ ਰੂਬੀ, ਬਾਬਾ ਜਗਜੀਤ ਸਿੰਘ ਬੜੂ ਸਾਹਿਬ ਹਾਜ਼ਰ ਸਨ।

Check Also

ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦਰਸ਼ ਸਕੂਲਾਂ ਦੇ ਪ੍ਰਬੰਧਾਂ ਦੀ ਸਮੀਖਿਆ ਕਰਵਾਉਣ ਦਾ ਦਿੱਤਾ ਹੁਕਮ

ਕਿਹਾ : ਸਰਕਾਰੀ ਸਕੂਲ ਦੇ ਬਰਾਬਰ ਕੀਤੀ ਜਾਵੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਚੰਡੀਗੜ੍ਹ/ਬਿਊਰੋ …