
ਪਾਸਪੋਰਟ ਅਪਲਾਈ ਕਰਨ ਵਾਲਿਆਂ ਦੀ ਗਿਣਤੀ ‘ਚ ਹੋਣ ਲੱਗਾ ਵਾਧਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਨੌਜਵਾਨਾਂ ਵਿਚ ਫਿਰ ਤੋਂ ਇਕ ਵਾਰ ਵਿਦੇਸ਼ ਜਾਣ ਦਾ ਰੁਝਾਨ ਦਿਸਣ ਲੱਗਾ ਹੈ। ਇਸ ਤੋਂ ਪਹਿਲਾਂ ਕਰੋਨਾ ਮਹਾਮਾਰੀ ਦੇ ਚੱਲਦਿਆਂ ਪਾਸਪੋਰਟ ਬਣਵਾਉਣ ਵਾਲਿਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਸੀ ਪਰ ਜਿਵੇਂ-ਜਿਵੇਂ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ, ਉਵੇਂ-ਉਵੇਂ ਲੋਕ ਇਕ ਵਾਰ ਫਿਰ ਪਾਸਪੋਰਟ ਬਣਵਾਉਣ ਵਿਚ ਰੁਚੀ ਦਿਖਾ ਰਹੇ ਹਨ। ਕਰੋਨਾ ਮਹਾਮਾਰੀ ਤੋਂ ਪਹਿਲਾਂ ਜਿੱਥੇ ਔਸਤਨ ਹਰ ਰੋਜ਼ ਦੋ ਹਜ਼ਾਰ ਦੇ ਕਰੀਬ ਵਿਅਕਤੀ ਪਾਸਪੋਰਟ ਲਈ ਅਪਲਾਈ ਕਰਦੇ ਸਨ, ਉੱਥੇ ਕਰੋਨਾ ਮਹਾਮਾਰੀ ਤੋਂ ਬਾਅਦ ਅਪ੍ਰੈਲ ਵਿਚ ਤਾਂ ਪਾਸਪੋਰਟ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਜ਼ੀਰੋ ਰਹੀ, ਜਦਕਿ ਮਈ ਵਿਚ ਸਿਰਫ਼ 3 ਹਜ਼ਾਰ ਵਿਅਕਤੀਆਂ ਨੇ ਪਾਸਪੋਰਟ ਬਣਵਾਉਣ ਲਈ ਅਪਲਾਈ ਕੀਤਾ। ਹੁਣ ਸਤੰਬਰ ਦੀ ਗੱਲ ਕਰੀਏ ਤਾਂ ਇਕ ਹਜ਼ਾਰ ਦੇ ਕਰੀਬ ਲੋਕ ਰੋਜ਼ਾਨਾ ਪਾਸਪੋਰਟ ਬਣਵਾਉਣ ਲਈ ਅਪਲਾਈ ਕਰਨ ਲੱਗੇ ਹਨ। ਧਿਆਨ ਰਹੇ ਕਿ ਇਕੱਲਿਆਂ ਪੰਜਾਬ ਤੋਂ ਹਰ ਸਾਲ ਡੇਢ ਲੱਖ ਤੋਂ ਜ਼ਿਆਦਾ ਵਿਦਿਆਰਥੀ ਪੜ੍ਹਾਈ ਕਰਨ ਲਈ ਵਿਦੇਸ਼ ਜਾਂਦੇ ਹਨ। ਇਸੇ ਦੌਰਾਨ ਚੰਡੀਗੜ੍ਹ ਰੀਜ਼ਨਲ ਆਫਿਸ ਦੇ ਅਧਿਕਾਰੀ ਅਮਿਤ ਕੁਮਾਰ ਰਾਵਤ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਇਕਦਮ ਤੋਂ ਐਪਲੀਕੇਸ਼ਨ ਆਉਣੀ ਬੰਦ ਹੋ ਗਈ ਸੀ ਪਰ ਹੁਣ ਇਕ ਵਾਰ ਫਿਰ ਨੌਜਵਾਨ ਪਾਸਪੋਰਟ ਬਣਾਉਣ ਲਈ ਜ਼ੋਸ਼ ਦਿਖਾਉਣ ਲੱਗੇ ਹਨ।