3.3 C
Toronto
Wednesday, December 24, 2025
spot_img
Homeਪੰਜਾਬਐੱਸਵਾਈਐੱਲ ਮਾਮਲੇ 'ਚ ਪੰਜਾਬ ਸਰਕਾਰ ਸੁਪਰੀਮ ਕੋਰਟ 'ਚ ਚੱਲ ਰਹੇ ਕੇਸ ਵੱਲ...

ਐੱਸਵਾਈਐੱਲ ਮਾਮਲੇ ‘ਚ ਪੰਜਾਬ ਸਰਕਾਰ ਸੁਪਰੀਮ ਕੋਰਟ ‘ਚ ਚੱਲ ਰਹੇ ਕੇਸ ਵੱਲ ਧਿਆਨ ਦੇਵੇ : ਮਨੀਸ਼ ਤਿਵਾੜੀ

ਮੁਹਾਲੀ/ਬਿਊਰੋ ਨਿਊਜ਼ : ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਸਤਲੁਜ ਯਮੁਨਾ ਲਿੰਕ ਨਹਿਰ ਸਬੰਧੀ ਸੁਪਰੀਮ ਕੋਰਟ ਵਿੱਚ ਚੱਲ ਰਹੇ ਕੇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਪਿੰਡ ਬਲਿਆਲੀ, ਬੱਲੋਮਾਜਰਾ ਅਤੇ ਮੁਹਾਲੀ ਦੇ ਵਾਰਡ ਨੰਬਰ 36 ਵਿਚ ਵਿਕਾਸ ਕਾਰਜਾਂ ਲਈ 15 ਲੱਖ ਦੇ ਚੈੱਕ ਵੰਡੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਮਾਮਲੇ ਸਬੰਧੀ ਬਹਿਸ ਤੇ ਵਿਚਾਰ-ਚਰਚਾ ਕਰਵਾਉਣਾ ਮਾੜੀ ਗੱਲ ਨਹੀਂ ਹੈ, ਪਰ ਸਰਕਾਰ ਨੂੰ ਇਸ ਸਮੇਂ ਆਪਣੇ ਸਾਰੇ ਸਰੋਤ ਅਤੇ ਊਰਜਾ ਇਸ ਬੇਹੱਦ ਸੰਜੀਦਾ ਮਾਮਲੇ ਸਬੰਧੀ ਸੁਪਰੀਮ ਕੋਰਟ ਵਿੱਚ ਚੱਲ ਰਹੇ ਕੇਸ ਲਈ ਵਰਤਣੇ ਚਾਹੀਦੇ ਹਨ ਜਿਹੜੇ ਹਾਲੇ ਤੱਕ ਨਹੀਂ ਵਰਤੇ ਜਾ ਰਹੇ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਵੀ ਪੰਜਾਬ ਦੀਆਂ ਭਾਵਨਾਵਾਂ ਦੇ ਨਜ਼ਰੀਏ ਤੋਂ ਵੇਖਣਾ ਚਾਹੀਦਾ ਹੈ, ਕਿਉਂਕਿ ਪੰਜਾਬ ਕੋਲ ਪਾਣੀ ਦੀ ਇੱਕ ਵੀ ਬੂੰਦ ਫਾਲਤੂ ਨਹੀਂ ਹੈ। ਤਿਵਾੜੀ ਨੇ ਪ੍ਰਧਾਨ ਮੰਤਰੀ ਦੀਆਂ ਵਸਤਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਵੀ ਨਿਲਾਮੀ ਵਿਚ ਸ਼ਾਮਲ ਕਰਨ ਨੂੰ ਬੇਹੱਦ ਮੰਦਭਾਗਾ ਦੱਸਿਆ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਤੁਰੰਤ ਇਸ ਬਾਰੇ ਗੌਰ ਕਰਨੀ ਚਾਹੀਦੀ ਹੈ ਤੇ ਜੇ ਉਹ ਇਸ ਮਾਡਲ ਨੂੰ ਸਾਂਭ ਨਹੀਂ ਸਕਦੇ ਤਾਂ ਉਨ੍ਹਾਂ ਨੂੰ ਇਹ ਮਾਡਲ ਸ਼੍ਰੋਮਣੀ ਕਮੇਟੀ ਜਾਂ ਕਿਸੇ ਵੀ ਗੁਰਦੁਆਰੇ ਵਿੱਚ ਸ਼ਰਧਾ ਨਾਲ ਵਾਪਸ ਕਰ ਦੇਣਾ ਚਾਹੀਦਾ ਹੈ। ਮਨੀਸ਼ ਤਿਵਾੜੀ ਵੱਲੋਂ ਗਰਾਂਟ ਵੰਡਣ ਲਈ ਮੁਹਾਲੀ ਹਲਕੇ ਵਿੱਚ ਕੀਤੇ ਗਏ ਤਿੰਨੋਂ ਸਮਾਗਮਾਂ ਵਿੱਚੋਂ ਪਿਛਲੇ ਦਿਨੀਂ ਕਾਂਗਰਸ ਵਿੱਚ ਸ਼ਾਮਿਲ ਹੋਏ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਮਰਥਕ ਨਜ਼ਰ ਨਹੀਂ ਆਏ।

 

RELATED ARTICLES
POPULAR POSTS