ਸਾਹਿਤ ਅਕਾਦਮੀ ਨੇ ਗਿਆਨੀ ਗੁਰਦਿੱਤ ਸਿੰਘ ਦੀ ਜਨਮ ਸ਼ਤਾਬਦੀ ਮਨਾਈ; ਸਮਾਗਮ ਵਿੱਚ ਉੱਘੀਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਗਿਆਨੀ ਗੁਰਦਿੱਤ ਸਿੰਘ ਦੀ ਜਨਮ ਸ਼ਤਾਬਦੀ ਚੰਡੀਗੜ੍ਹ ਦੇ ਸੈਕਟਰ-36 ਸਥਿਤ ਪੀਪਲਜ਼ ਕਨਵੈਨਸ਼ਨ ਸੈਂਟਰ ‘ਚ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ‘ਚ ਬੁੱਧੀਜੀਵੀਆਂ ਨੇ ਹਿੱਸਾ ਲਿਆ ਜਿਨ੍ਹਾਂ ਨੇ ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ‘ਮੇਰਾ ਪਿੰਡ’ ਤੇ ਹੋਰਨਾਂ ਲਿਖਤਾਂ ‘ਤੇ ਵਿਚਾਰ-ਚਰਚਾ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਸੁਰਜੀਤ ਸਿੰਘ ਪਾਤਰ ਨੇ ਕੀਤੀ ਅਤੇ ਡਾ. ਰਵੇਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪਾਤਰ ਹੋਰਾਂ ਨੇ ਕਿਹਾ ਕਿ ਗਿਆਨੀ ਗੁਰਦਿੱਤ ਸਿੰਘ ਦੀਆਂ ਲਿਖਤਾਂ ਹਰ ਕਿਸੇ ਲਈ ਰਾਹ ਦਿਖਾਉਣ ਦਾ ਕੰਮ ਕਰਦੀਆਂ ਹਨ ਪਰ ‘ਮੇਰਾ ਪਿੰਡ’ ਕਿਤਾਬ ਤਾਂ ਪੰਜਾਬ ਤੇ ਪੰਜਾਬੀਅਤ ਨੂੰ ਸਮਝਣ ਦੀ ਕੁੰਝੀ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਨੂੰ ਸਮਝਣ ਲਈ ਗਿਆਨੀ ਗੁਰਦਿੱਤ ਸਿੰਘ ਦੀਆਂ ਵਿਆਖਿਆਵਾਂ ਬਹੁਤ ਮਹੱਤਵਪੂਰਨ ਹੈ। ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ ਨੇ ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ‘ਮੇਰਾ ਪਿੰਡ’ ਦੇਸ਼ ਦੀਆਂ 24 ਭਾਸ਼ਾਵਾਂ ‘ਚ ਛਾਪਣ ਦਾ ਐਲਾਨ ਕੀਤਾ। ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ‘ਮੇਰਾ ਪਿੰਡ’ ਕਿਤਾਬ ਜਿੰਨੀ ਵਾਰ ਪੜ੍ਹੋਂ ਓਨੀ ਵਾਰ ਕੁਝ ਨਾ ਕੁਝ ਨਵਾਂ ਸਿੱਖਣ ਲਈ ਮਿਲਦਾ ਹੈ। ਡਾ. ਮਨਜਿੰਦਰ ਸਿੰਘ ਨੇ ਗਿਆਨੀ ਗੁਰਦਿੱਤ ਸਿੰਘ ਦੀਆਂ ਧਾਰਮਿਕ ਕਿਤਾਬਾਂ, ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ’, ‘ਭਗਤ ਬਾਣੀ’, ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਮੁੰਦਾਵਣੀ’ ਅਤੇ ਉਨ੍ਹਾਂ ਦੀ ਪੁਰਾਣੀ ਕਿਤਾਬ ‘ਭੱਟ’ ਬਾਰੇ ਚਾਨਣਾ ਪਾਇਆ।
ਗਿਆਨੀ ਗੁਰਦਿੱਤ ਸਿੰਘ ਦੇ ਪੁੱਤਰ ਰੂਪਿੰਦਰ ਸਿੰਘ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਪੰਜਾਬੀ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਗਿਆਨੀ ਗੁਰਦਿੱਤ ਸਿੰਘ ਨੇ 1200 ਗੁਰਦੁਆਰਿਆਂ ਬਾਰੇ ਖੋਜ ਕਰਨ ਦੇ ਨਾਲ-ਨਾਲ ਸਿੱਖਾਂ ਦੇ ਪੰਜਵੇਂ ਤਖ਼ਤ ਤਲਵੰਡੀ ਸਾਬੋ (ਦਮਦਮਾ ਸਾਹਿਬ) ਬਾਰੇ ਖੋਜ ਕੀਤੀ, ਜਿਸ ਦੀ ਬੁਨਿਆਦ ‘ਤੇ ਦਮਦਮਾ ਸਾਹਿਬ ਨੂੰ ਪੰਜਵੇਂ ਤਖ਼ਤ ਦੇ ਤੌਰ ‘ਤੇ ਮਾਨਤਾ ਦਿੱਤੀ ਗਈ। ਡਾ. ਅਵਤਾਰ ਸਿੰਘ ਨੇ ‘ਮੇਰਾ ਪਿੰਡ’ ਬਾਰੇ ਕਿਹਾ ਕਿ ਇਸ ਪੁਸਤਕ ਰਾਹੀਂ ਪੇਂਡੂ ਸਮਾਜ ਨੂੰ ਅਸੀਂ ਸ਼ੀਸ਼ੇ ਵਾਂਗ ਦੇਖਦੇ ਹਾਂ, ਚਾਹੇ ਕੁਝ ਸਮਾਜਕ ਹਨੇਰੇ ਕੋਨਿਆਂ ‘ਤੇ ਪੂਰੀ ਰੋਸ਼ਨੀ ਨਹੀਂ ਪੈਂਦੀ। ਇਸ ਤੋਂ ਇਲਾਵਾ ਸਾਹਿਤ ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ। ਚੰਡੀਗੜ੍ਹ ਸਾਹਿਤਕ ਅਕਾਦਮੀ ਦੇ ਵਾਈਸ ਚੇਅਰਮੈਨ ਮਨਮੋਹਨ ਨੇ ਗਿਆਨੀ ਗੁਰਦਿੱਤ ਸਿੰਘ ਦੇ ਜੀਵਨ ਅਤੇ ਰਚਨਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਅਲਾਹਾਬਾਦ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਐੱਸਐੱਸ ਸੋਢੀ ਤੇ ਸ੍ਰੀਮਤੀ ਬੋਨੀ ਸੋਢੀ, ਗੁਲਜ਼ਾਰ ਸਿੰਘ ਸੰਧੂ, ਲਿਖਾਰੀ ਗੁਰਦੀਸ਼ ਸਿੰਘ ਚੀਮਾ ਆਈਏਐੱਸ, ਅਵਤਾਰ ਸਿੰਘ ਪਾਲ, ਪ੍ਰਿੰਸੀਪਲ ਗੁਰਦੇਵ ਕੌਰ, ਲੇਖਕ ਮਨਮੋਹਨ ਸਿੰਘ ਦਾਊਂ, ਕੇਂਦਰੀ ਸਿੰਘ ਸਭਾ ਦੇ ਆਗੂ ਡਾ. ਖੁਸ਼ਹਾਲ ਸਿੰਘ ਤੇ ਗੁਰਪ੍ਰੀਤ ਸਿੰਘ, ਪੰਜਾਬ ਡਿਟੀਜਲ ਲਾਇਬਰੇਰੀ ਦੇਵਿੰਦਰ ਸਿੰਘ, ਉੱਘੇ ਅਲੋਚਕ ਜਸਪਾਲ ਸਿੰਘ, ਉੱਘੇ ਚਿੱਤਰਕਾਰ ਆਰ.ਐਮ. ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।